ਸੰਜੇ ਰਾਊਤ ਦੇ ਬਿਆਨ ਨਾਲ ਪੈਦਾ ਹੋਇਆ ਗ਼ੈਰ-ਜ਼ਰੂਰੀ ਵਿਵਾਦ

01/19/2020 1:23:14 AM

24 ਅਕਤੂਬਰ 2019 ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਵਿਚ ਹੀ ਆਪਣੀ ਮਜ਼ਬੂਤ ਸਥਿਤੀ ਮਹਿਸੂਸ ਕਰ ਕੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਭਾਜਪਾ ਲੀਡਰਸ਼ਿਪ ਨੂੰ ਸੱਤਾ ਦੀ ਵੰਡ ਦੇ 50-50 ਸਿਧਾਂਤ ਦੀ ਯਾਦ ਦਿਵਾਉਂਦੇ ਹੋਏ ਕਹਿ ਦਿੱਤਾ ਸੀ ਕਿ ‘‘ਭਾਜਪਾ ਪਹਿਲਾਂ ਹੀ ਦੋਹਾਂ ਦਲਾਂ ਵਿਚ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਅਹੁਦੇ ਦੀ ਵੰਡ ਕਰਨਾ ਸਵੀਕਾਰ ਕਰ ਚੁੱਕੀ ਹੈ ਅਤੇ ਸਾਨੂੰ ਇਸ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਹੋਵੇਗਾ।’’

ਭਾਜਪਾ ਵਲੋਂ ਇਸ ਤੋਂ ਇਨਕਾਰ ਕਰਨ ’ਤੇ ਅਖੀਰ ਇਸੇ ਮੁੱਦੇ ਨੂੰ ਲੈ ਕੇ ਦੋਹਾਂ ਦਲਾਂ ਦਾ 30 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਅਤੇ ਭਾਜਪਾ ਦੇ ਸਰਕਾਰ ਬਣਾਉਣ ਵਿਚ ਅਸਫਲ ਰਹਿਣ ’ਤੇ ਸ਼ਿਵ ਸੈਨਾ ਦੇ ਨੇਤਾ ਊਧਵ ਠਾਕਰੇ ਨੇ ਰਾਕਾਂਪਾ ਅਤੇ ਕਾਂਗਰਸ ਨਾਲ ਗੱਠਜੋੜ ਕਰ ਕੇ 28 ਨਵੰਬਰ 2019 ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ।

ਪਰ ਇਸ ਤੋਂ ਬਾਅਦ ਆਪਣੇ ਦਲ ਸ਼ਿਵ ਸੈਨਾ ਤੋਂ ਇਲਾਵਾ ਦੋਵੇਂ ਗੱਠਜੋੜ ਸਹਿਯੋਗੀਆਂ ਰਾਕਾਂਪਾ ਅਤੇ ਕਾਂਗਰਸ ਦੀ ਸੰਤੁਸ਼ਟੀ ਦੇ ਅਨੁਸਾਰ ਮੰਤਰੀ ਮੰਡਲ ਦਾ ਵਿਸਤਾਰ ਕਰਨ ਵਿਚ ਊਧਵ ਠਾਕਰੇ ਨੂੰ 32 ਦਿਨਾਂ ਦਾ ਲੰਮਾ ਸਮਾਂ ਲੱਗ ਗਿਆ ਅਤੇ 30 ਦਸੰਬਰ ਨੂੰ ਹੋਏ ਇਸ ਮੰਤਰੀ ਮੰਡਲ ਦੇ ਵਿਸਤਾਰ ਵਿਚ ਉਹ ਭਾਈਵਾਲ ਪਾਰਟੀਆਂ ਨੂੰ ਤਾਂ ਕੀ, ਆਪਣੀ ਪਾਰਟੀ ਦੇ ਮੈਂਬਰਾਂ ਨੂੰ ਵੀ ਸੰਤੁਸ਼ਟ ਨਹੀਂ ਕਰ ਸਕੇ।

ਇਥੋਂ ਤਕ ਕਿ ਸ਼ਿਵ ਸੈਨਾ ਦੀ ਸਰਕਾਰ ਬਣਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਸੰਜੇ ਰਾਊਤ ਦੇ ਛੋਟੇ ਭਰਾ ਅਤੇ ਵਿਧਾਇਕ ਸੁਨੀਲ ਰਾਊਤ ਦਾ ਨਾਂ ਵੀ ਸੰਭਾਵਿਤ ਮੰਤਰੀਆਂ ਦੀ ਸੂਚੀ ’ਚੋਂ ਆਖਰੀ ਸਮੇਂ ’ਤੇ ਕੱਟਿਆ ਗਿਆ। ਸ਼ਾਇਦ ਇਸੇ ਕਾਰਣ ਸੰਜੇ ਅਤੇ ਸੁਨੀਲ ਰਾਊਤ ਉਕਤ ਸਮਾਰੋਹ ਵਿਚ ਸ਼ਾਮਿਲ ਨਹੀਂ ਹੋਏ ਸਨ।

ਖੈਰ, ਹੁਣ ਜਦਕਿ ਥੋੜ੍ਹੇ-ਬਹੁਤ ਵਿਰੋਧ ਦੇ ਸੁਰਾਂ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਸੀ, ਅਚਾਨਕ ਸੰਜੇ ਰਾਊਤ ਦੇ ਇਕ ਬਿਆਨ ਨਾਲ ਫਿਰ ਵਿਵਾਦ ਖੜ੍ਹਾ ਹੋ ਗਿਆ, ਜਿਸ ਵਿਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ :

‘‘ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੁੰਬਈ ਵਿਚ ਪੁਰਾਣੇ ਡੌਨ ਕਰੀਮ ਲਾਲਾ ਨੂੰ ਮਿਲਣ ਆਉਂਦੀ ਸੀ। ਦਾਊਦ ਇਬਰਾਹੀਮ, ਛੋਟਾ ਸ਼ਕੀਲ ਅਤੇ ਸ਼ਰਦ ਸ਼ੈੱਟੀ ਵਰਗੇ ਗੈਂਗਸਟਰ ਮਹਾਨਗਰ ਅਤੇ ਆਸ-ਪਾਸ ਦੇ ਖੇਤਰਾਂ ਉੱਤੇ ਕੰਟਰੋਲ ਰੱਖਦੇ ਸਨ। ਹਾਜ਼ੀ ਮਸਤਾਨ ਦੇ ਮੰਤਰਾਲੇ ਵਿਚ ਆਉਣ ਉੱਤੇ ਪੂਰਾ ਮੰਤਰਾਲਾ ਉਸ ਨੂੰ ਦੇਖਣ ਲਈ ਹੇਠਾਂ ਆ ਜਾਂਦਾ ਸੀ ਅਤੇ ਇੰਦਰਾ ਗਾਂਧੀ ਪਾਈਧੋਨੀ (ਦੱਖਣੀ ਮੁੰਬਈ) ਵਿਚ ਕਰੀਮ ਲਾਲਾ ਨੂੰ ਮਿਲਣ ਆਉਂਦੀ ਸੀ।’’

ਸੰਜੇ ਰਾਊਤ ਵਲੋਂ ਆਪਣੀ ਹੀ ਸਰਕਾਰ ਵਿਚ ਸਹਿਯੋਗੀ ਪਾਰਟੀ ਦੀ ਮਰਹੂਮ ਨੇਤਾ ਬਾਰੇ ਇਸ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਕਾਂਗਰਸ ਤੋਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਅਤੇ ਅਗਲੇ ਹੀ ਦਿਨ ਰਾਊਤ ਨੂੰ ਕਾਂਗਰਸ ਦੇ ਦਬਾਅ ਵਿਚ ਯੂ-ਟਰਨ ਲੈਂਦੇ ਹੋਏ ਇਹ ਸਫਾਈ ਦੇਣੀ ਪਈ ਕਿ :

‘‘ਮੁੰਬਈ ਦੇ ਇਤਿਹਾਸ ਦੀ ਸਮਝ ਨਾ ਰੱਖਣ ਵਾਲਿਆਂ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਦਿੱਤਾ ਹੈ। ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ ਤਾਂ ਮੈਂ ਆਪਣਾ ਬਿਆਨ ਵਾਪਿਸ ਲੈਂਦਾ ਹਾਂ ਅਤੇ ਮੁਆਫੀ ਮੰਗਦਾ ਹਾਂ। ਮੈਂ ਤਾਂ ਕਈ ਮੌਕਿਆਂ ’ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਪੱਖ ਲੈ ਕੇ ਉਨ੍ਹਾਂ ਦੀ ਦਿੱਖ ਮਿੱਟੀ ਵਿਚ ਮਿਲਾਉਣ ਵਾਲਿਆਂ ਨਾਲ ਉਲਝਦਾ ਰਿਹਾ ਹਾਂ।’’

ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸੰਜੇ ਰਾਊਤ ਨੇ ਉਕਤ ਬਿਆਨ ਕਿਉਂ ਦਿੱਤਾ ਪਰ ਇਸ ਦੀ ਪ੍ਰਤੀਕਿਰਿਆ ਵਜੋਂ ਸੋਸ਼ਲ ਮੀਡੀਆ ’ਤੇ ਸ਼ਿਵ ਸੈਨਾ ਸੰਸਥਾਪਕ ਸਵ. ਬਾਲਾ ਸਾਹਿਬ ਠਾਕਰੇ ਦਾ ਬਦਨਾਮ ਸਮੱਗਲਰ ਕਰੀਮ ਲਾਲਾ ਦੇ ਨਾਲ ਇਕ ਚਿੱਤਰ ਵਾਇਰਲ ਹੋ ਗਿਆ। ਉਥੇ ਹੀ ਨੇਤਾਵਾਂ ਨੇ ਇਕ-ਦੂਜੇ ਦੇ ਭੇਤ ਉਜਾਗਰ ਕਰਨੇ ਸ਼ੁਰੂ ਕਰ ਦਿੱਤੇ।

ਕਾਂਗਰਸੀ ਨੇਤਾ ਬਾਲਾ ਸਾਹਿਬ ਥੋਰਾਟ ਨੇ ਦੇਵੇਂਦਰ ਫੜਨਵੀਸ ’ਤੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਇਕ ਅੰਡਰਵਰਲਡ ਡੌਨ ਨਾਲ ਮੁਲਾਕਾਤ ਕਰਨ ਅਤੇ ਇਕ ਹੋਰ ਅਪਰਾਧੀ ਮੁੰਨਾ ਯਾਦਵ ਨੂੰ ਪਨਾਹ ਦੇਣ ਦਾ ਦੋਸ਼ ਲਾ ਦਿੱਤਾ।

ਇਸ ਬਾਰੇ ਇਕ ਪ੍ਰਤੀਕਿਰਿਆ ਹਾਜ਼ੀ ਮਸਤਾਨ ਦੇ ਗੋਦ ਲਏ ਬੇਟੇ ਸੁੰਦਰ ਸ਼ੇਖ ਵਲੋਂ ਵੀ ਆਈ, ਜਿਸ ਨੇ ਕਿਹਾ ਹੈ ਕਿ ‘‘ਸੰਜੇ ਰਾਊਤ ਦੀ ਗੱਲ ਸਹੀ ਹੈ। ਸ਼ਿਵ ਸੈਨਾ ਨੇਤਾ ਬਾਲ ਠਾਕਰੇ ਸਮੇਤ ਹੋਰ ਅਨੇਕ ਨੇਤਾਵਾਂ ਵਾਂਗ ਹੀ ਇੰਦਰਾ ਗਾਂਧੀ ਕਰੀਮ ਲਾਲਾ ਨੂੰ ਮਿਲੀ ਸੀ। ਇੰਦਰਾ ਗਾਂਧੀ ਉਸ ਨੂੰ (ਕਰੀਮ ਲਾਲਾ) ਮਿਲਦੀ ਹੁੰਦੀ ਸੀ। ਹੋਰ ਅਨੇਕ ਨੇਤਾ ਵੀ ਮਿਲਣ ਲਈ ਜਾਂਦੇ ਹੁੰਦੇ ਸਨ। ਹਾਜ਼ੀ ਮਸਤਾਨ ਇਕ ਵਪਾਰੀ ਸੀ। ਬਾਲਾ ਸਾਹਿਬ ਠਾਕਰੇ ਵੀ ਹਾਜ਼ੀ ਮਸਤਾਨ ਦੇ ਚੰਗੇ ਦੋਸਤ ਸਨ।’’

ਸੰਜੇ ਰਾਊਤ ਸ਼ਿਵ ਸੈਨਾ ਵਿਚ ਊਧਵ ਠਾਕਰੇ ਤੋਂ ਬਾਅਦ ਸਭ ਤੋਂ ਵੱਧ ਸ਼ਕਤੀਸ਼ਾਲੀ ਨੇਤਾ ਹੋਣ ਦੇ ਨਾਲ-ਨਾਲ ਪਾਰਟੀ ਦੇ ਬੁਲਾਰੇ ਵੀ ਹਨ। ਲਿਹਾਜ਼ਾ ਅਸੀਂ ਸਮਝਦੇ ਹਾਂ ਕਿ ਇੰਦਰਾ ਗਾਂਧੀ ਅਤੇ ਕਰੀਮ ਲਾਲਾ ਬਾਰੇ ਬਿਆਨ ਉਨ੍ਹਾਂ ਨੂੰ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਇਸ ਨਾਲ ਗੈਰ-ਜ਼ਰੂਰੀ ਵਿਵਾਦ ਹੀ ਪੈਦਾ ਹੋਇਆ ਹੈ।

ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਜਿੰਨਾ ਯੋਗਦਾਨ ਸੰਜੇ ਰਾਊਤ ਦਾ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਬਣਵਾਉਣ ਵਿਚ ਰਿਹਾ ਹੈ, ਉਨ੍ਹਾਂ ਦਾ ਓਨਾ ਹੀ ਯੋਗਦਾਨ ਇਹ ਸਰਕਾਰ ਡੇਗਣ ਵਿਚ ਵੀ ਹੋਵੇਗਾ।

ਇਸੇ ਲਈ ਅਸੀਂ ਹਮੇਸ਼ਾ ਲਿਖਦੇ ਰਹੇ ਹਾਂ ਕਿ ਸਾਡੇ ਨੇਤਾਵਾਂ ਨੂੰ ਗੈਰ-ਜ਼ਰੂਰੀ ਅਤੇ ਗੈਰ-ਲੋੜੀਂਦੇ ਬਿਆਨ ਦੇਣ ਦੀ ਬਜਾਏ ਸਿਰਫ ਦੇਸ਼ਹਿੱਤ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਗੈਰ-ਜ਼ਰੂਰੀ ਬਿਆਨਾਂ ਨਾਲ ਕੁੜੱਤਣ ਹੀ ਪੈੈਦਾ ਹੁੰਦੀ ਹੈ।

–ਵਿਜੇ ਕੁਮਾਰ\\\


Bharat Thapa

Content Editor

Related News