PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅਮਨ ਅਰੋੜਾ ਦਾ ਵੱਡਾ ਬਿਆਨ
Monday, Sep 08, 2025 - 12:05 PM (IST)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਪਈ ਹੜ੍ਹਾਂ ਦੀ ਮਾਰ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾਣਗੇ ਤੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕਰਨਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸਿਰਫ਼ ਦੌਰਾ ਕਰਨ ਲਈ ਪੰਜਾਬ ਨਾ ਆਉਣ, ਸਗੋਂ ਪੰਜਾਬ ਦੇ ਪਿਛਲੇ ਬਕਾਏ ਦੇ ਨਾਲ-ਨਾਲ 20 ਹਜ਼ਾਰ ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਵੀ ਦੇ ਕੇ ਜਾਣ।
ਅਮਨ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਹੁਣ ਤੱਕ ਪੰਜਾਬ ਦੇ ਹੜ੍ਹਾਂ ਦੇ ਹਾਲਾਤ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ, ਪਰ ਕੱਲ੍ਹ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਪੰਜਾਬ ਨੂੰ ਫ਼ੌਰੀ ਤੌਰ ‘ਤੇ ਉਸ ਦਾ ਬਣਦਾ ਰਾਹਤ ਪੈਕੇਜ ਦੇ ਕੇ ਜਾਣ। ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਅੱਜ ਪੰਜਾਬ ਦਾ 60 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਵੀ ਕੇਂਦਰ ਨੇ ਰੋਕਿਆ ਹੋਇਆ ਹੈ, ਜੋ ਇਸ ਆਫ਼ਤ ਸਮੇਂ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਮੰਗਣ ਵਾਲਿਆਂ ‘ਚੋਂ ਨਹੀਂ, ਪਰ ਸਾਡੇ ਹੱਕ ਦਾ ਪੈਸਾ ਸਾਨੂੰ ਮਿਲਣਾ ਚਾਹੀਦਾ ਹੈ, ਤਾਂ ਜੋ ਰਾਹਤ ਤੇ ਬਚਾਅ ਕਾਰਜਾਂ ‘ਚ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ
ਕੈਬਨਿਟ ਮੰਤਰੀ ਨੇ ਕਿਹਾ ਕਿ PM ਮੋਦੀ ਪੰਜਾਬ ਜ਼ਰੂਰ ਆਉਣ ਪਰ ਪਿਛਲੇ ਬਕਾਏ ਸਮੇਤ ਪੈਕੇਜ ਵੀ ਦੇ ਕੇ ਜਾਣ। ਹੜ੍ਹਾਂ ਦੀ ਕਰੋਪੀ ਕਾਰਨ ਪੰਜਾਬ ₹60,000 ਕਰੋੜ ਤੋਂ ਵੱਧ ਦੇ ਨੁਕਸਾਨ ਹੇਠ ਹੁਣ ਤੱਕ ਆ ਚੁੱਕਿਆ ਹੈ ਅਤੇ ਜਿਸ ਤਰੀਕੇ 4.5 ਲੱਖ ਏਕੜ ਦੀਆਂ ਫ਼ਸਲਾਂ, 3.60 ਕਰੋੜ ਪਸ਼ੂਆਂ ਦਾ ਜਾਨੀ ਨੁਕਸਾਨ ਅਤੇ ਮਕਾਨ ਆਦਿ ਢਹਿਣ ਕਾਰਨ ਨੁਕਸਾਨ ਹੋਇਆ ਹੈ, ਇਹ ਅੰਕੜੇ ਵਧ ਵੀ ਸਕਦੇ ਹਨ। ਇਹੀ ਨਹੀਂ ਪਾਣੀ ਉੱਤਰਨ ਤੋਂ ਬਾਅਦ ਸਿਹਤ, ਬੁਨਿਆਦੀ ਢਾਂਚੇ ਅਤੇ ਖੇਤੀ ਸਬੰਧੀ ਹੋਰ ਵੀ ਅਨੇਕਾਂ ਚੁਣੌਤੀਆਂ ਸਾਡੇ ਸਾਹਮਣੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਜ਼ਰੂਰ ਆਉਣ, ਪਰ ਸਿਰਫ਼ ਦੌਰਾ ਕਰਨ ਨਹੀਂ, ਸਗੋਂ ₹60,000 ਕਰੋੜ ਦੇ ਪਿਛਲੇ ਬਕਾਏ ਸਮੇਤ ਘੱਟੋ-ਘੱਟ ₹20,000 ਕਰੋੜ ਦਾ ਵਿਸ਼ੇਸ਼ ਰਾਹਤ ਪੈਕੇਜ ਦੇ ਕੇ ਜਾਣ।
ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਕੱਲ੍ਹ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦਿਖਣੇ ਵੀ ਚਾਹੀਦੇ ਹਨ, ਜਿਸ ਦੇਸ਼ ਦਾ ਪੰਜਾਬ ਇਕ ਅਟੁੱਟ ਅੰਗ ਹੈ। ਇਹ ਚੀਜ਼ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ, ਐਕਸ਼ਨ ਤੇ ਫ਼ੈਸਲਿਆਂ ਵਿਚੋਂ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਨੂੰ 'ਡਿਜ਼ਾਸਟਰ ਟੂਰਿਜ਼ਮ' ਬਣਾ ਲਿਆ ਹੈ, ਜਿੱਥੇ ਉਨ੍ਹਾਂ ਦੇ ਲੀਡਰ ਤੇ ਟੀਮਾਂ ਆ ਰਹੀਆਂ ਹਨ, ਪਰ ਕੋਈ ਰਾਹਤ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਆਏ, ਪਰ ਕੋਈ ਵੀ ਐਲਾਨ ਨਹੀਂ ਕਰ ਕੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8