ਮਹਿੰਗਾਈ ਦੀ ਤਿੰਨ ਤਰਫਾ ਮਾਰ ਦਾਲਾਂ-ਸਬਜ਼ੀਆਂ ਦੇ ਨਾਲ-ਨਾਲ ਦੁੱਧ ਅਤੇ ਦਵਾਈਆਂ ਵੀ ਮਹਿੰਗੀਆਂ

12/17/2019 1:57:44 AM

ਪਿਛਲੇ ਕੁਝ ਮਹੀਨਿਆਂ ਦੌਰਾਨ ਦੇਸ਼ ਵਿਚ ਜ਼ਰੂਰੀ ਜੀਵਨ ਉਪਯੋਗੀ ਵਸਤਾਂ ਦੀ ਮਹਿੰਗਾਈ ਦਾ ਇਕ ਤੂਫਾਨ ਜਿਹਾ ਆਇਆ ਹੋਇਆ ਹੈ। ਪਿਛਲੇ ਸਾਢੇ ਪੰਜ ਸਾਲਾਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਮੋਦੀ ਸਰਕਾਰ ਮਹਿੰਗਾਈ ਦੇ ਮਾਮਲੇ ਵਿਚ ਦਬਾਅ ’ਚ ਆਈ ਹੈ ਅਤੇ ਹਾਲਤ ਇਥੋਂ ਤਕ ਪਹੁੰਚ ਗਈ ਹੈ ਕਿ ਸਬਜ਼ੀਆਂ, ਦਾਲਾਂ ਆਦਿ ਦੇ ਨਾਲ-ਨਾਲ ਦੁੱਧ ਅਤੇ ਦਵਾਈਆਂ ਤਕ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਣ ਆਮ ਲੋਕਾਂ ਦਾ ਬਜਟ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਰਿਹਾ ਹੈ।

ਦੇਸ਼ ਦੀਆਂ 2 ਵੱਡੀਆਂ ਦੁੱਧ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ‘ਅਮੂਲ’ ਅਤੇ ‘ਮਦਰ ਡੇਅਰੀ’ ਨੇ ਰਾਜਧਾਨੀ ਦਿੱਲੀ ਵਿਚ ਦੁੁੱਧ ਦੀਆਂ ਕੀਮਤਾਂ ਵਿਚ 2 ਰੁਪਏ ਅਤੇ 3 ਰੁਪਏ ਲਿਟਰ ਤਕ ਦਾ ਵਾਧਾ ਕਰ ਦਿੱਤਾ ਹੈ।

ਕੇਂਦਰ ਸਰਕਾਰ ਨੇ ਦਵਾਈ ਕੰਪਨੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦੇਖਦੇ ਹੋਏ ਦਵਾਈਆਂ ਦਾ ਮੁੱਲ ਕੰਟਰੋਲ ਕਰਨ ਵਾਲੀ ਸੰਸਥਾ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨ. ਪੀ. ਪੀ. ਏ.) ਨੇ 21 ਮਹੱਤਵਪੂਰਨ ਦਵਾਈਆਂ ਦੇ ਵੱਧ ਤੋਂ ਵੱਧ ਮੁੱਲ ਵਿਚ 50 ਫੀਸਦੀ ਵਾਧਾ ਕਰ ਦਿੱਤਾ ਹੈ।

ਇਸ ਦੇ ਸਿੱਟੇ ਵਜੋਂ ਮਲੇਰੀਆ, ਵਿਟਾਮਿਨ-ਸੀ, ਐਂਟੀਬਾਇਓਟਿਕ ਅਤੇ ਐਂਟੀ ਐਲਰਜਿਕ ਆਦਿ ਦਵਾਈਆਂ ਦੀਆਂ ਕੀਮਤਾਂ ਵਧ ਗਈਆਂ ਹਨ। ਇਨ੍ਹਾਂ ਵਿਚ ਕੈਪਸੂਲ, ਟੇਬਲੈਟ, ਇੰਜੈਕਸ਼ਨ, ਸਿਰਪ, ਮੱਲ੍ਹਮ ਆਦਿ ਸ਼ਾਮਿਲ ਹਨ।

ਪਿਆਜ਼, ਲਸਣ ਅਤੇ ਟਮਾਟਰ ਦੀਆਂ ਕੀਮਤਾਂ ਤੋਂ ਇਲਾਵਾ ਹੋਰ ਸਬਜ਼ੀਆਂ ਅਤੇ ਖੁਰਾਕੀ ਤੇਲਾਂ ਦੀਆਂ ਕੀਮਤਾਂ ਵਿਚ ਵੀ ਵਾਧੇ ਦਾ ਰੁਝਾਨ ਜਾਰੀ ਹੈ। ਪਿਛਲੇ ਸਾਲ ਦੇ ਮੁਕਾਬਲੇ ਆਲੂ, ਗੋਭੀ, ਪਾਲਕ ਆਦਿ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ 50 ਫੀਸਦੀ ਤਕ ਦਾ ਉਛਾਲ ਆਇਆ ਹੈ। ਸਬਜ਼ੀਆਂ ਮਹਿੰਗੀਆਂ ਹੋਣ ਕਾਰਣ ਦਾਲਾਂ ਦੀ ਮੰਗ ਵਧ ਗਈ ਹੈ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਵੀ ਉਛਾਲ ਆ ਗਿਆ ਹੈ।

ਪਿਛਲੇ ਕੁਝ ਮਹੀਨਿਆਂ ਦੌਰਾਨ ਸਰ੍ਹੋਂ ਦੇ ਤੇਲ ਅਤੇ ਮੂੰਗਫਲੀ ਦੇ ਤੇਲ ਦੀਆਂ ਕੀਮਤਾਂ ਵਿਚ ਤਾਂ ਉਛਾਲ ਆਇਆ ਹੀ ਹੈ, ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਦਰਾਮਦ ਕੀਤਾ ਕੱਚਾ ‘ਪਾਮ ਆਇਲ’ ਮਹਿੰਗਾ ਹੋਣ ਕਾਰਣ ਇਸ ਦੀਆਂ ਕੀਮਤਾਂ ਵੀ 15 ਫੀਸਦੀ ਵਧ ਗਈਆਂ ਹਨ।

ਨਿਸ਼ਚੇ ਹੀ ਇਹ ਸਥਿਤੀ ਅਤਿਅੰਤ ਚਿੰਤਾਜਨਕ ਹੈ ਅਤੇ ਮਹਿੰਗਾਈ ਦੇ ਮੌਜੂਦਾ ਰੁਝਾਨ ਨੂੰ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਹੁਣ ਆਮ ਲੋਕਾਂ ਲਈ ਖੁਰਾਕੀ ਵਸਤਾਂ ਦੇ ਨਾਲ-ਨਾਲ ਦੁੱਧ ਅਤੇ ਪਹਿਲਾਂ ਤੋਂ ਹੀ ਕਾਫੀ ਮਹਿੰਗੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਵੀ ਪ੍ਰੇਸ਼ਾਨੀ ਦਾ ਕਾਰਣ ਬਣਨ ਵਾਲਾ ਹੈ, ਜਦਕਿ ਸਸਤਾ ਅਤੇ ਮਿਆਰੀ ਇਲਾਜ ਪਹਿਲਾਂ ਹੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ।

–ਵਿਜੇ ਕੁਮਾਰ


Bharat Thapa

Content Editor

Related News