ਟਾਈਮ ਬੰਬ ਵਾਂਗ ਮੰਡਰਾਅ ਰਿਹਾ ਪ੍ਰਦੂਸ਼ਣ ਦਾ ਖਤਰਾ

11/15/2022 12:35:10 AM

ਯੋਗੇਂਦਰ ਯੋਗੀ

ਪ੍ਰਦੂਸ਼ਣ ਦੁਨੀਆ ਲਈ ਟਾਈਮ ਬੰਬ ਦੀ ਘੜੀ ਵਾਂਗ ਖਤਰਨਾਕ ਪੱਧਰ ’ਤੇ ਪਹੁੰਚ ਰਿਹਾ ਹੈ। ਸਮੁੱਚੀ ਦੁਨੀਆ ਦੇ ਲੋਕਾਂ ਲਈ ਹਵਾ ਦਾ ਪ੍ਰਦੂਸ਼ਣ ਬੇਹੱਦ ਖਤਰਨਾਕ ਹੈ। ਪ੍ਰਦੂਸ਼ਣ ਕਾਰਨ ਪੂਰੀ ਦੁਨੀਆ ’ਚ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗਵਾ ਲੈਂਦੇ ਹਨ। ਪ੍ਰਦੂਸ਼ਣ ਵਿਰੁੱਧ ਲੜਾਈ ਸਿਗਰਟਨੋਸ਼ੀ ਅਤੇ ਐੱਚ. ਆਈ. ਵੀ. ਤੋਂ ਵੀ ਵੱਡੀ ਹੈ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਇਕ ਅਧਿਐਨ ਦੀ ਤਾਜ਼ਾ ਰਿਪੋਰਟ ’ਚ ਹਵਾ ਦੇ ਪ੍ਰਦੂਸ਼ਣ ਦੇ ਖਤਰੇ ਨੂੰ ਉਜਾਗਰ ਕੀਤਾ ਗਿਆ ਹੈ।

ਇਸ ਮੁਤਾਬਕ ਸੂਖਮ ਪ੍ਰਦੂਸ਼ਣ ਕਣ ਹਰ ਸਾਲ ਸਮੁੱਚੀ ਦੁਨੀਆ ’ਚ 15 ਲੱਖ ਭਾਵ 1.5 ਮਿਲੀਅਨ ਲੋਕਾਂ ਲਈ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਅਧਿਐਨ ’ਚ ਵੇਖਿਆ ਗਿਆ ਹੈ ਕਿ ਹਵਾ ਦੇ ਪ੍ਰਦੂਸ਼ਣ ਦਾ ਹੇਠਲਾ ਪੱਧਰ ਪਹਿਲਾਂ ਦੇ ਮੁਕਾਬਲੇ ਬੇਹੱਦ ਖਤਰਨਾਕ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਸਭ ਤੋਂ ਤਾਜ਼ਾ ਅਨੁਮਾਨ ਇਹ ਹੈ ਕਿ ਹਰ ਸਾਲ 42 ਲੱਕ ਭਾਵ 4.2 ਮਿਲੀਅਨ ਤੋਂ ਵੀ ਵੱਧ ਲੋਕ ਸਮੇਂ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਪੀ. ਐੱਮ. 2.5 ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਸੰਪਰਕ ’ਚ ਰਹਿਣ ਕਾਰਨ ਹੁੰਦਾ ਹੈ।

ਸਾਇੰਸ ਐਡਵਾਂਸਿਜ਼ ਜਰਨਲ ’ਚ ਪ੍ਰਕਾਸ਼ਿਤ ਤਾਜ਼ਾ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਪੀ. ਐੱਮ. 2.5 ਕਾਰਨ ਸਾਲਾਨਾ ਕੌਮਾਂਤਰੀ ਮੌਤ ਦਰ ਪਹਿਲਾਂ ਦੇ ਮੁਕਾਬਲੇ ’ਚ ਕਾਫੀ ਵਧ ਹੋ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਖੋਜਕਰਤਾਵਾਂ ਨੇ ਨੋਟ ਕੀਤਾ ਹੈ ਕਿ ਬਾਹਰੀ ਪੀ. ਐੱਮ. 2.5 ਦੇ ਬਹੁਤ ਘੱਟ ਪੱਧਰ ’ਤੇ ਵੀ ਮੌਤ ਦੀ ਦਰ ’ਚ ਵਾਧਾ ਹੋਇਆ ਸੀ। ਇਸ ਨੂੰ ਪਹਿਲਾਂ ਸੰਭਾਵਿਤ ਘਾਤਕ ਵਜੋਂ ਮਾਨਤਾ ਨਹੀਂ ਦਿੱਤੀ ਗਈ ਸੀ। ਇਹ ਇਕ ਸੂਖਮ ਜ਼ਹਿਰੀਲਾ ਪਦਾਰਥ ਹੈ ਜੋ ਦਿਲ ਅਤੇ ਸਾਹ ਦੇ ਰੋਗਾਂ ਦੇ ਨਾਲ ਹੀ ਕੈਂਸਰ ਦੀ ਇਕ ਲੜੀ ਦਾ ਕਾਰਨ ਵੀ ਬਣਦਾ ਹੈ।

ਪ੍ਰਦੂਸ਼ਣ ਕਾਰਨ ਭਾਰਤ ’ਚ ਇਕ ਸਾਲ ’ਚ ਲਗਭਗ 24 ਲੱਖ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਹਵਾ ਦੇ ਪ੍ਰਦੂਸ਼ਣ ਕਾਰਨ 9.8 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ। ਮਾਹਿਰਾਂ ਨੇ ਇਸ ਜ਼ਹਿਰੀਲੀ ਹਵਾ ’ਚ ਸਾਹ ਲੈਣ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਉਨ੍ਹਾਂ ਦੀ ਭਿਆਨਕਤਾ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। 2019 ’ਚ ਸਮੁੱਚੀ ਦੁਨੀਆ ’ਚ ਲਗਭਗ 90 ਲੱਖ ਲੋਕਾਂ ਦੀ ਪ੍ਰਦੂਸ਼ਣ ਕਾਰਨ ਅਜਾਈਂ ਮੌਤ ਹੋ ਗਈ ਸੀ।

ਮਨੁੱਖ ਵੱਲੋਂ ਤਿਆਰ ਕੂੜੇ ਦੇ ਹਵਾ, ਪਾਣੀ ਅਤੇ ਮਿੱਟੀ ’ਚ ਜਾਣ ਪਿੱਛੋਂ ਲੋਕਾਂ ਨੂੰ ਇਹ ਤੁਰੰਤ ਨਹੀਂ ਮਾਰਦਾ ਪਰ ਦਿਲ ਦੇ ਰੋਗ, ਕੈਂਸਰ, ਸਾਹ ਦੀ ਸਮੱਸਿਆ, ਦਸਤ ਅਤੇ ਹੋਰ ਘਾਤਕ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਲੈਂਸੇਟ ਕਮਿਸ਼ਨ ਨੇ ਪ੍ਰਦੂਸ਼ਣ ਅਤੇ ਸਿਹਤ ਨੂੰ ਲੈ ਕੇ ਕਿਹਾ ਹੈ ਕਿ ਕੌਮਾਂਤਰੀ ਸਿਹਤ ’ਤੇ ਪ੍ਰਦੂਸ਼ਣ ਦਾ ਪ੍ਰਭਾਵ ਜੰਗ, ਅੱਤਵਾਦ, ਮਲੇਰੀਆ, ਐੱਚ. ਆਈ. ਵੀ., ਤਪੇਦਿਕ, ਡਰੱਗਸ ਅਤੇ ਸ਼ਰਾਬ ਦੇ ਮੁਕਾਬਲੇ ’ਚ ਬਹੁਤ ਵਧੇਰੇ ਹੈ। ਪ੍ਰਦੂਸ਼ਣ ਮਨੁੱਖ ਦੀ ਸਿਹਤ ਦੀ ਹੋਂਦ ਲਈ ਖਤਰਾ ਹੈ। ਰਸਾਇਣਕ ਪ੍ਰਦੂਸ਼ਣ ਜੈਵ ਵੰਨ-ਸੁਵੰਨਤਾ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜੋ ਇਕ ਹੋਰ ਵੱਡਾ ਕੌਮਾਂਤਰੀ ਖਤਰਾ ਹੈ।

ਕੁਲ ਮਿਲਾ ਕੇ ਕੌਮਾਂਤਰੀ ਪੱਧਰ ’ਤੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ 6 ਮੌਤਾਂ ’ਚੋਂ ਇਕ ਮੌਤ ਪ੍ਰਦੂਸ਼ਣ ਕਾਰਨ ਹੋਈ ਜੋ 2015 ਦੇ ਪਿਛਲੇ ਅਨੁਮਾਨ ’ਚ ਕੋਈ ਸੁਧਾਰ ਨਹੀਂ ਹੈ। ਅਫਰੀਕਾ ’ਚ ਵੱਡੇ ਸੁਧਾਰਾਂ ਨਾਲ, ਅੰਦਰੂਨੀ ਹਵਾ ਪ੍ਰਦੂਸ਼ਣ, ਪ੍ਰਦੂਸ਼ਿਤ ਪੀਣ ਵਾਲਾ ਪਾਣੀ ਅਤੇ ਘੱਟ ਸਫਾਈ ਕਾਰਨ ਜੁੜੀ ਮੌਤ ਦਰ ’ਚ ਕਮੀ ਆਈ ਹੈ। ਖਾਸ ਕਰ ਕੇ ਦੱਖਣੀ ਅਤੇ ਪੂਰਬੀ ਏਸ਼ੀਆ ’ਚ ਉਦਯੋਗੀਕਰਨ ਨਾਲ ਜੁੜੀ ਬਾਹਰੀ ਹਵਾ ਅਤੇ ਰਸਾਇਣਕ ਪਦਾਰਥ ਪ੍ਰਦੂਸ਼ਣ ਵਧ ਰਹੇ ਹਨ।

ਪ੍ਰਦੂਸ਼ਣ ਦੇ ਵੱਡੇ ਕਾਰਨਾਂ ’ਚ ਘਰੇਲੂ ਹਵਾ ਪ੍ਰਦੂਸ਼ਣ ਵੀ ਸ਼ਾਮਲ ਹੈ। ਹਵਾ ਦੇ ਪ੍ਰਦੂਸ਼ਣ ਨੂੰ ਸਿਰਫ ਚਿਮਨੀ ਤੋਂ ਨਿਕਲਣ ਵਾਲਾ ਧੂੰਆਂ ਹੀ ਨਹੀਂ ਮੰਨਿਆ ਜਾ ਸਕਦਾ। ਚੁੱਲ੍ਹੇ ਦਾ ਧੂੰਆਂ, ਕੂੜਾ ਸਾੜਨ ਆਦਿ ਕਾਰਨ ਨਿਕਲਣ ਵਾਲਾ ਧੂੰਆਂ ਵੀ ਓਨਾ ਹੀ ਖਤਰਨਾਕ ਹੈ ਜਿੰਨਾ ਉਦਯੋਗਿਕ ਇਕਾਈਆਂ ਅਤੇ ਮੋਟਰ ਗੱਡੀਆਂ ’ਚੋਂ ਨਿਕਲਣ ਵਾਲਾ ਧੂੰਆਂ ਹੈ।

ਸਾਲ 2000 ਤੋਂ ਬਾਅਦ ਟਰੱਕਾਂ, ਕਾਰਾਂ ਅਤੇ ਉਦਯੋਗਾਂ ਤੋਂ ਆਉਣ ਵਾਲੀ ਗੰਦੀ ਹਵਾ ਕਾਰਨ ਮਰਨ ਵਾਲਿਆਂ ਦੀ ਗਿਣਤੀ ’ਚ 55 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆ ’ਚ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਅਤੇ ਭਾਰਤ ’ਚ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਸਭ ਤੋਂ ਵੱਧ ਹਨ। ਇੱਥੇ ਹਰ ਸਾਲ ਲਗਭਗ 2.4 ਮਿਲੀਅਨ ਮੌਤਾਂ ਹੁੰਦੀਆਂ ਹਨ। ਵਧੇਰੇ ਗਰੀਬੀ ਵਰਗੇ ਪਾਣੀ ਪ੍ਰਦੂਸ਼ਣ ਅਤੇ ਇਨਡੋਰ ਹਵਾ ਦੇ ਪ੍ਰਦੂਸ਼ਣ ਨਾਲ ਜੁੜੇ ਪ੍ਰਦੂਸ਼ਣ ਸੋਮਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕਮੀ ਆਈ ਹੈ ਪਰ ਇਸ ਕਟੌਤੀ ਦੀ ਪੂਰਤੀ ਉਦਯੋਗਿਕ ਪ੍ਰਦੂਸ਼ਣ ਜਿਵੇਂ ਰਸਾਇਣਕ ਪ੍ਰਦੂਸ਼ਣ ਅਤੇ ਪਰਿਵੇਸ਼ੀ ਹਵਾ ਦੇ ਪ੍ਰਦੂਸ਼ਣ ਕਾਰਨ ਹੋਈਆਂ ਮੌਤਾਂ ਨੇ ਕਰ ਦਿੱਤੀ। ਕੌਮਾਂਤਰੀ ਪੱਧਰ ’ਤੇ ਹਵਾ ਦੇ ਪ੍ਰਦੂਸ਼ਣ ਕਾਰਨ 66.7 ਲੱਖ ਲੋਕਾਂ ਦੀ ਮੌਤ ਹੋਈ।

ਓਧਰ ਲਗਭਗ 17 ਲੱਖ ਲੋਕਾਂ ਦੀ ਜਾਨ ਖਤਰਨਾਕ ਕੈਮੀਕਲ ਦੀ ਵਰਤੋਂ ਕਾਰਨ ਹੋਈ। ‘ਦਿ ਲੈਂਸੇਟ ਪਲੈਨੇਟਰੀ ਹੈਲਥ ਜਰਨਲ’ ਦੀ ਇਕ ਰਿਪੋਰਟ ਮੁਤਾਬਕ ਸੰਯੁਕਤ ਰਾਜ ਅਮਰੀਕਾ ਸਮੇਤ ਕੁਲ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਲਈ ਚੋਟੀ ਦੇ 10 ਦੇਸ਼ ਪੂਰੀ ਤਰ੍ਹਾਂ ਇੰਡਸਟ੍ਰੀਅਲ ਦੇਸ਼ ਹਨ।

ਸਾਲ 2021 ’ਚ ਅਲਜੀਰੀਆ ਨੇ ਪੈਟ੍ਰੋਲ ’ਚ ਲੈੱਡ ’ਤੇ ਪਾਬੰਦੀ ਲਾ ਦਿੱਤੀ ਪਰ ਮੁੱਖ ਰੂਪ ’ਚ ਲੈੱਡ-ਐਸਿਡ ਬੈਟਰੀ ਅਤੇ ਈ-ਕਚਰੇ ਦੀ ਰੀਸਾਈਕਲਿੰਗ ਪ੍ਰੋਸੈੱਸ ਕਾਰਨ ਲੋਕ ਇਸ ਜ਼ਹਿਰੀਲੇ ਪਦਾਰਥ ਦੇ ਸੰਪਰਕ ’ਚ ਰਹਿੰਦੇ ਹਨ। ਵਧੇਰੇ ਗਰੀਬ ਦੇਸ਼ਾਂ ’ਚ ਇਸ ਤਰ੍ਹਾਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਲੈੱਡ ਭਾਵ ਸੀਸਾ ਦੇ ਸੰਪਰਕ ’ਚ ਆਉਣ ਕਾਰਨ ਲਗਭਗ ਸਭ ਸ਼ੁਰੂਆਤੀ ਮੌਤਾਂ ਦਾ ਕਾਰਨ ਦਿਲ ਦਾ ਰੋਗ ਰਹਿੰਦਾ ਹੈ। ਇਸ ਦੇ ਸੰਪਰਕ ’ਚ ਆਉਣ ਨਾਲ ਧਮਨੀਆਂ ਸਖਤ ਹੋ ਜਾਂਦੀਆਂ ਹਨ। ਇਹ ਦਿਮਾਗ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਪਾਣੀ ਦੇ ਪ੍ਰਦੂਸ਼ਣ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਕਾਫੀ ਖਰਾਬ ਹੈ। ਚੀਨ ਵੀ ਪਾਣੀ ਦੇ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦਰਿਆ ਇੰਡੋਨੇਸ਼ੀਆ, ਭਾਰਤ ਅਤੇ ਚੀਨ ’ਚ ਹਨ। ਭਾਰਤ ’ਚ ਫਲੋਰਾਈਡ ਵਾਲਾ ਪ੍ਰਦੂਸ਼ਿਤ ਪਾਣੀ ਪੰਜਾਬ ਅਤੇ ਹਰਿਆਣਾ ’ਚ ਕੈਂਸਰ ਦਾ ਮੁੱਖ ਕਾਰਨ ਹੈ। ਪ੍ਰਦੂਸ਼ਣ ਇਕ ਅਜਿਹੀ ਸਮੱਸਿਆ ਹੈ ਜਿਸ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਦਾ ਪਤਾ ਲਾਉਣ ਦਾ ਕੋਈ ਸਟੀਕ ਵਿਗਿਆਨਕ ਆਧਾਰ ਅਜੇ ਮੌਜੂਦ ਨਹੀਂ ਹੈ ਪਰ ਇਹ ਇਕ ਅਜਿਹੀ ਬੀਮਾਰੀ ਬਣ ਚੁੱਕਾ ਹੈ ਜੋ 24 ਘੰਟਿਆਂ ’ਚ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਪੱਛਮੀ ਦੇਸ਼ ਪ੍ਰਦੂਸ਼ਣ ਪੱਖੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਰਹੇ ਪਰ ਇਸ ਕਾਰਨ ਹੋਣ ਵਾਲੇ ਭਿਆਨਕ ਨੁਕਸਾਨ ਤੋਂ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਬਚਿਆ ਹੈ। ਕੌਮਾਂਤਰੀ ਪੱਧਰ ’ਤੇ ਹੋਣ ਵਾਲੇ ਸੰਮੇਲਨਾਂ ਲਈ ਜੇ ਪ੍ਰਦੂਸ਼ਣ ਤੋਂ ਬਚਣ ਲਈ ਕੋਈ ਠੋਸ ਉਪਾਅ ਨਾ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਦੀ ਹਰਿਆਲੀ ਅਤੇ ਖੁਸ਼ਹਾਲੀ ਸੋਕੇ ਅਤੇ ਬਦਹਾਲੀ ’ਚ ਬਦਲ ਜਾਵੇਗੀ।


Anuradha

Content Editor

Related News