‘ਕੁਝ ਕੁ ਆਦਰਸ਼ ਪਿੰਡਾਂ ਦੀ ਕਹਾਣੀ’ ਜੋ ‘ਦੂਸਰਿਅਾਂ ਦੇ ਲਈ ਬਣ ਰਹੇ ਮਿਸਾਲ’
Tuesday, Apr 27, 2021 - 03:58 AM (IST)

ਸਾਡੇ ਵਧੇਰੇ ਪਿੰਡ ਅਣਡਿੱਠ ਅਤੇ ਜ਼ਿੰਦਗੀ ਦੀਅਾਂ ਮੁੱਢਲੀਅਾਂ ਸਹੂਲਤਾਂ ਤੋਂ ਵਾਂਝੇ ਹਨ ਪਰ ਇਸ ਦੇ ਬਾਵਜੂਦ ਕੁਝ ਕੁ ਪਿੰਡਾਂ ਦੀਅਾਂ ਪੰਚਾਇਤਾਂ ਦੇਸ਼ ਅਤੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਲੋਕ ਭਲਾਈ ਵਾਲੇ ਕਦਮ ਚੁੱਕ ਕੇ ਇਕ ਮਿਸਾਲ ਪੈਦਾ ਕਰ ਰਹੀਅਾਂ ਹਨ, ਜਿਸ ਦੀਅਾਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲੇ ’ਚ ਗੋਦਾਵਰੀ ਨਦੀ ਦੇ ਕੰਢੇ ’ਤੇ ਸਥਿਤ ‘ਨਾਲੇਸ਼ਵਰ’ ਨਾਂ ਦੇ ਪਿੰਡ ਦੇ ਹਰੇਕ ਪਰਿਵਾਰ ਦੇ ਸਾਰੇ ਮੈਂਬਰ ਚੁਸਤ-ਦਰੁਸਤ ਰਹਿਣ ਲਈ ਹਰ ਸੋਮਵਾਰ ਨੂੰ ਵਰਤ ਰੱਖਦੇ ਹਨ।
* ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ‘ਰਣਸੀਂਹ ਕਲਾਂ’ ਦੀ ਪੰਚਾਇਤ ਐੱਨ.ਆਰ.ਆਈ. ਭਾਈਚਾਰੇ ਦੇ ਆਰਥਿਕ ਸਹਿਯੋਗ ਨਾਲ ਵਿਧਵਾਵਾਂ, ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਪੈਨਸ਼ਨ, ਸਿਹਤ ਬੀਮਾ ਆਦਿ ਦੀਅਾਂ ਸਹੂਲਤਾਂ ਮੁਹੱਈਆ ਕਰ ਰਹੀ ਹੈ।
‘ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ’ ਅਤੇ ‘ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ’ ਨਾਲ ਸਨਮਾਨਿਤ ਇਹ ਪੰਚਾਇਤ 70 ਲੋੜਵੰਦ ਵਿਧਵਾਵਾਂ, ਬਜ਼ੁਰਗਾਂ ਅਤੇ ਅੰਗਹੀਣਾਂ ਨੂੰ 750 ਰੁਪਏ ਮਾਸਿਕ ਪੈਨਸ਼ਨ ਦੇ ਰਹੀ ਹੈ।
ਪੰਚਾਇਤ ਛੋਟੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਉਤਸ਼ਾਹਿਤ ਕਰਨ ਲਈ 500 ਰੁਪਏ ਪ੍ਰਤੀ ਏਕੜ ਨੁਕਸਾਨ ਦੀ ਪੂਰਤੀ ਵੀ ਦੇ ਚੁੱਕੀ ਹੈ। ਇਸ ਨੇ ਆਪਣਾ ਖੁਦ ਦਾ ਸੀਵਰੇਜ ਸਿਸਟਮ ਸਥਾਪਿਤ ਕਰਨ ਤੋਂ ਇਲਾਵਾ ਇਕ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਲਗਾਇਆ ਹੈ, ਜਿਸ ਦੇ ਦੁਆਰਾ ਸਾਫ ਕੀਤੇ ਹੋਏ ਪਾਣੀ ਨੂੰ 100 ਏਕੜ ਭੂਮੀ ਦੀ ਸਿੰਚਾਈ ਦੇ ਲਈ ਵਰਤਿਅਾ ਜਾ ਰਿਹਾ ਹੈ।
* ਸ਼੍ਰੀਨਗਰ ਦੇ ਗਾਂਦਰਬਲ ਜ਼ਿਲੇ ਦਾ ‘ਬਾਬਾ ਵਾਈਲ’ ਨਾਂ ਦਾ ਪਿੰਡ ਸ਼੍ਰੀਨਗਰ ਦਾ ਇਕੋ-ਇਕ ਪਿੰਡ ਹੈ, ਜਿਥੇ ਪਿਛਲੇ 30 ਸਾਲਾਂ ਤੋਂ ਵਿਆਹ ’ਚ ਫਜ਼ੂਲਖਰਚੀ, ਦਾਜ ਅਤੇ ਗਹਿਣੇ ਲੈਣ ’ਤੇ ਮੁਕੰਮਲ ਪਾਬੰਦੀ ਹੈ ਅਤੇ ਹਰ ਸਮਾਰੋਹ ਸਾਦਗੀ ਨਾਲ ਸੰਪੰਨ ਹੁੰਦਾ ਹੈ।
ਕੰਨਿਆ ਧਿਰ ਨੂੰ ਕੋਈ ਖਰਚ ਨਹੀਂ ਕਰਨਾ ਪੈਂਦਾ। ਲਾੜੇ ਦਾ ਪਰਿਵਾਰ ਲੜਕੀ ਵਾਲਿਅਾਂ ਨੂੰ ਖਰਚ ਲਈ 50 ,000 ਰੁਪਏ ਦਿੰਦਾ ਹੈ। ਪਿੰਡ ਦੇ ਬਜ਼ੁਰਗ ਪੰਚਾਇਤ ਦੇ ਕੰਮਕਾਜ ’ਤੇ ਨਜ਼ਰ ਰੱਖਦੇ ਹਨ ਤਾਂਕਿ ਦਾਜ ਦਾ ਲੈਣ-ਦੇਣ ਨਾ ਹੋਵੇ। ਪਿਛਲੇ 30 ਸਾਲਾਂ ’ਚ ਇਥੇ ਘਰੇਲੂ ਹਿੰਸਾ ਅਤੇ ਦਾਜ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
* ਮੋਗਾ ਦੇ ‘ਸਾਫੂਵਾਲਾ’ ਪਿੰਡ ’ਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ ਅਤੇ ਇਸ ਤਰ੍ਹਾਂ ਇਹ ਸੌ-ਪ੍ਰਤੀਸ਼ਤ ਵੈਕਸੀਨੇਸ਼ਨ ਦਾ ਟੀਚਾ ਹਾਸਲ ਕਰਨ ਵਾਲਾ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਹੈ। ਹਾਲ ਹੀ ’ਚ ਇਕ ਦਿਨ ’ਚ 45 ਸਾਲ ਤੋਂ ਵੱਧ ਉਮਰ ਦੇ 330 ਪਿੰਡ ਵਾਸੀਅਾਂ ਨੇ ਟੀਕਾ ਲਗਵਾਇਆ।
* ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ‘ਹਿਨੌਤਾ’ ਨਾਂ ਦੇ ਪਿੰਡ ਦੀ ਪੰਚਾਇਤ ਨੇ ਇਸ ਇਲਾਕੇ ’ਚ ਹੋਣ ਵਾਲੀਅਾਂ ਚੋਣ ਸਭਾਵਾਂ ’ਚ ਭੀੜ ਦੇ ਕਾਰਨ ਇਨਫੈਕਸ਼ਨ ਦਾ ਖਤਰਾ ਦੇਖਦੇ ਹੋਏ ਆਪਣੇ ਇਥੇ ਸਵੈ-ਇੱਛੁਕ ਕਰਫਿਊ ਲਗਾ ਕੇ ਬਾਜ਼ਾਰ ਆਦਿ ਬੰਦ ਕਰ ਦਿੱਤੇ।
* ਮੱਧ ਪ੍ਰਦੇਸ਼ ’ਚ ਹੀ ਬੈਤੂਲ ਦੇ ‘ਬਾਚਾ’ ਪਿੰਡ ਦੀ ਪੰਚਾਇਤ ਨੇ ਵੀ ਸਵੈ-ਇੱਛੁਕ ਕਰਫਿਊ ਲਗਾ ਕੇ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ।
* ਗੁਜਰਾਤ ਦੇ ‘ਮੇਹਸਾਣਾ’ ਜ਼ਿਲੇ ਦੇ ‘ਟਰੇਟੀ’ ਨਾਂ ਦੇ ਪਿੰਡ ’ਚ ਕਮਿਊਨਿਟੀ ‘ਸਟੀਮ ਬੂਥ’ ਬਣਾਇਆ ਗਿਆ, ਜਿਥੇ ਪਿੰਡ ਵਾਸੀਅਾਂ ਨੂੰ ਗਿਲੋਅ, ਨਿੰਮ, ਅਦਰਕ ਅਤੇ ਲੌਂਗ ਵਰਗੀਅਾਂ ਚੀਜ਼ਾਂ ਨੂੰ ਉਬਾਲ ਕੇ ਤਿਆਰ ਕੀਤੇ ਗਏ ਔਸ਼ਧੀਯੁਕਤ ਅਤੇ ਇਮਿਊਨਿਟੀ ਵਧਾਉਣ ਵਾਲੇ ਕਾੜ੍ਹੇ ਦੀ ਭਾਫ ਮੁਫਤ ਦੇਣ ਦੀ ਵਿਵਸਥਾ ਕੀਤੀ ਗਈ।
* ਰਾਜਸਥਾਨ ’ਚ ਸੀਕਰ ਜ਼ਿਲੇ ਦੇ ‘ਸੁਖਪੁਰਾ’ ਪਿੰਡ ’ਚ ਪੰਚਾਇਤ ਵਲੋਂ ਕੀਤੇ ਗਏ ਸੁਰੱਖਿਆਤਮਕ ਉਪਾਵਾਂ ਦਾ ਪਿੰਡ ਵਾਸੀਅਾਂ ਵਲੋਂ ਸਖਤੀ ਨਾਲ ਪਾਲਣ ਕੀਤੇ ਜਾਣ ਦੇ ਕਾਰਨ ਪਿਛਲੇ 13 ਮਹੀਨਿਅਾਂ ਦੌਰਾਨ ਕੋਰੋਨਾ ਦਾ ਇਕ ਵੀ ਕੇਸ ਨਹੀਂ ਆਇਆ।
ਵੱਖ-ਵੱਖ ਗ੍ਰਾਮ ਪੰਚਾਇਤਾਂ ਵਲੋਂ ਸਿਹਤ ਠੀਕ ਰੱਖਣ ਲਈ ਵਰਤ, ਵਿਧਵਾਵਾਂ ਅਤੇ ਅੰਗਹੀਣਾਂ ਨੂੰ ਪੈਨਸ਼ਨ ਅਤੇ ਸਿਹਤ ਸਹੂਲਤਾਂ, ਦਾਜ ’ਤੇ ਰੋਕ ਅਤੇ ਕੋਰੋਨਾ ’ਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮ ਬਹੁਤ ਹੀ ਸ਼ਾਨਦਾਰ ਹਨ।
ਇਸ ਸਮੇਂ ਜਦਕਿ ਪਿੰਡਾਂ ’ਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਬਿਹਾਰ ’ਚ ਪਟਨਾ ਜ਼ਿਲੇ ਦੇ ਹੀ 100 ਪਿੰਡ ਇਸ ਦੀ ਲਪੇਟ ’ਚ ਆ ਗਏ ਹਨ। ਪਿੰਡਾਂ ’ਚ ਸੁਰੱਖਿਆਤਮਕ ਉਪਾਵਾਂ ’ਚ ਤੇਜ਼ੀ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ।
ਮਾਹਿਰਾਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਿੰਡਾਂ ’ਚ ਕੋਰੋਨਾ ਫੈਲ ਗਿਆ ਤਾਂ ਇਸ ’ਤੇ ਰੋਕ ਲਗਾਉਣਾ ਬਹੁਤ ਹੀ ਮੁਸ਼ਕਲ ਹੋ ਜਾਏਗਾ।
ਅਜਿਹੇ ’ਚ ਕੋਰੋਨਾ ਤੋਂ ਬਚਾਅ ਲਈ ‘ਨਾਲੇਸ਼ਵਰ’, ‘‘ਬਾਬਾ ਬਾਈਲ’, ‘ਸਾਫੂਵਾਲਾ’, ‘ਬਾਚਾ’, ‘ਹਿਨੌਤਾ’, ‘ਟਰੇਟੀ’ ਅਤੇ ‘ਸੁਖਪੁਰਾ’ ਆਦਿ ਪਿੰਡਾਂ ਵਲੋਂ ਚੁੱਕੇ ਜਾ ਰਹੇ ਕਦਮ ਦੂਸਰਿਅਾਂ ਲਈ ਮਿਸਾਲ ਹਨ।
ਦੇਸ਼ ਦੇ ਬਾਕੀ ਪਿੰਡਾਂ ’ਚ ਵੀ ਅਜਿਹੇ ਕਦਮ ਛੇਤੀ ਤੋਂ ਛੇਤੀ ਉਠਾਉਣ ਦੀ ਲੋੜ ਹੈ ਤਾਂਕਿ ਇਸ ਖਤਰੇ ਨੂੰ ਭਿਆਨਕ ਰੂਪ ਧਾਰਨ ਤੋਂ ਰੋਕਿਆ ਜਾ ਸਕੇ ਕਿਉਂਕਿ ਸਾਡੇ ਪਿੰਡਾਂ ’ਚ ਕੋਰੋਨਾ ਤੋਂ ਬਚਾਅ ਦੇ ਲਈ ਜ਼ਰੂਰੀ ਸਹੂਲਤਾਂ ਤਾਂ ਇਕ ਪਾਸੇ, ਹਸਪਤਾਲ ਅਤੇ ਡਾਕਟਰ ਤਕ ਉਪਲਬੱਧ ਨਹੀਂ ਹਨ।
–ਵਿਜੇ ਕੁਮਾਰ