20 ਕਰੋੜ ਤੋਂ ਵੱਧ ਭਾਰਤੀਆਂ ਦੀ ਨਾਰਾਜ਼ਗੀ ਅਤੇ ਗੁੱਸਾ ਦੇਸ਼ ਲਈ ਚੰਗਾ ਨਹੀਂ

05/25/2020 1:41:51 AM

ਵਿਗਿਆਨੀਅਾਂ ਅਤੇ ਖੋਜੀਅਾਂ ਦਾ ਮੰਨਣਾ ਹੈ ਕਿ ਕੁਝ ਦੇਸ਼ਾਂ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਇਨਫੈਕਟਡਾਂ ਦਾ ਧਮਾਕਾਖੇਜ਼ ਵਾਧਾ ਮੁੱਖ ਤੌਰ ’ਤੇ ਇਸ ਸਾਲ ਦੀ ਸ਼ੁਰੂਆਤ ’ਚ ਬ੍ਰਿਟੇਨ ’ਚ ਘੋੜ-ਦੌੜ, ਅਮਰੀਕਾ, ਜਰਮਨੀ ’ਚ ਕਾਰਨੀਵਾਲ ਉਤਸਵ ਜਾਂ ਇਟਲੀ ’ਚ ਇਕ ਫੁੱਟਬਾਲ ਮੈਚ ਆਯੋਜਿਤ ਕਰਨ ਵਾਲੀਅਾਂ ਥਾਵਾਂ ਭਾਵ ਭੀੜ ਵਾਲੀਅਾਂ ਥਾਵਾਂ ਤੋਂ ਪ੍ਰੇਰਿਤ ਸੀ। ਅਮਰੀਕਾ ’ਚ ‘ਨੈਸ਼ਨਲ ਅਕੈਡਮੀ ਆਫ ਸਾਇੰਸਿਜ਼’ (ਐੱਨ. ਏ.ਐੱਸ.) ਵਲੋਂ ਪਿਛਲੇ ਹਫਤੇ ਕੀਤੇ ਗਏ ਇਕ ਅਧਿਐੱਨ ’ਚ ਪਤਾ ਲੱਗਾ ਕਿ ਇਕ ਮਿੰਟ ਦਾ ਜ਼ੋਰਦਾਰ ਭਾਸ਼ਣ ਸ਼ਾਇਦ ਇਲਾਕੇ ’ਚ ਕਿਸੇ ਨੂੰ ਵੀ ਇਨਫੈਕਟਡ ਕਰਨ ’ਚ ਸਮਰੱਥ ਹਜ਼ਾਰਾਂ ਬੂੰਦਾਂ (ਡਰਾਪਲੈਟਸ) ਹਨ। ਇਸੇ ਤਰ੍ਹਾਂ ਦੇ ਇਕ ਹੋਰ ਅਧਿਐੱਨ ਤੋਂ ਪਤਾ ਲੱਗਾ ਹੈ ਕਿ ਵਾਇਰਸ ਨਾਲ ਭਰੇ ਐਰੋਸੋਲ (ਬੂੰਦਾਂ ਤੋਂ ਵੀ ਛੋਟੇ ਕਣ) ਘਰ ਦੇ ਅੰਦਰ ਜਾਂ ਕਿਸੇ ਵੀ ਬੰਦ ਸਥਾਨ ’ਤੇ ਛੱਡੇ ਜਾਣ ਤੋਂ ਬਾਅਦ ਘੰਟਿਆਂ ਤਕ ਜ਼ਿੰਦਾ ਰਹਿ ਸਕਦੇ ਹਨ।’’ ਬੇਸ਼ੱਕ ਭਾਰਤ ’ਚ ਅਜੇ ਇਸ ਤਰ੍ਹਾਂ ਦੇ ਸਮਾਰੋਹਾਂ ਦੀ ਇਜਾਜ਼ਤ ਨਹੀਂ ਹੈ ਪਰ ਅਜੇ ਵੀ ਰੇਲਵੇ ਸਟੇਸ਼ਨਾਂ ਦੇ ਬਾਹਰ ਲੰਬੀਅਾਂ ਲਾਈਨਾਂ ’ਚ ਖੜ੍ਹੇ ਲੱਖਾਂ ਪ੍ਰਵਾਸੀ ਕਿਰਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਸਕਦੇ ਹਨ। ‘ਨੈਸ਼ਨਲ ਅਕੈਡਮੀ ਆਫ ਸਾਇੰਸਿਜ਼’ (ਐੱਨ.ਏ.ਐੱਸ.) ਦਾ ਇਕ ਹੋਰ ਬਹੁਤ ਹੀ ਹੈਰਾਨੀਜਨਕ ਖੋਜ ਦਾ ਨਿਚੋੜ ਇਹ ਹੈ ਕਿ ਸ਼ਾਇਦ ਵਾਇਰਸ ਦੀ ਇਕ ਵੱਡੀ ਮਾਤਰਾ ਦੇ ਲਗਾਤਾਰ ਸੰਪਰਕ ਦੇ ਕਾਰਨ ਵੱਡੇ ਪੱਧਰ ’ਤੇ ਇਨਫੈਕਸ਼ਨ ਹੋਰ ਹਾਲਤਾਂ ’ਚ ਸ਼ਾਮਲ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਗੰਭੀਰ ਹੁੰਦੀ ਹੈ।

ਇਨ੍ਹਾਂ ਹਾਲਤਾਂ ’ਚ ਜਦੋਂ ਸੋਸ਼ਲ ਡਿਸਟੈਂਸਿੰਗ ਦਾ ਕੋਈ ਯਤਨ ਰੇਲਵੇ ਸਟੇਸ਼ਨਾਂ ਜਾਂ ਰੇਲਗੱਡੀਅਾਂ ’ਚ ਨਹੀਂ ਹੋ ਰਿਹਾ ਹੈ, ਵਾਇਰਸ ਪ੍ਰਭਾਵਿਤ ਪ੍ਰਵਾਸੀ ਕਿਰਤੀਅਾਂ ਦੀ ਗਿਣਤੀ ਤੀਬਰਤਾ ਨਾਲ ਵੱਧ ਸਕਦੀ ਹੈ ਅਤੇ ਇਨਫੈਕਸ਼ਨ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ। ਕੁਝ ਸਰਕਾਰੀ (ਰਾਜ ਅਤੇ ਕੇਂਦਰ) ਏਜੰਸੀਅਾਂ ਅਜਿਹਾ ਮਹਿਸੂਸ ਕਰਦੀਅਾਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਕਾਮਿਅਾਂ ਦੀ ਸਮੱਸਿਆ ਲਗਭਗ ਇਕ ਹਫਤੇ ’ਚ ਖਤਮ ਹੋ ਜਾਵੇਗੀ। ਜਦੋਂ ਉਹ ਘਰ ਪਹੁੰਚ ਜਾਣਗੇ ਪਰ ਅਜਿਹਾ ਨਹੀਂ ਹੈ। 15 ਮਈ ਤਕ ਦੇ ਅੰਕੜਿਅਾਂ ਦੇ ਅਨੁਸਾਰ 676 ਮਜ਼ਦੂਰ ਬਿਹਾਰ ਪਹੁੰਚ ਗਏ ਸਨ, ਇਨ੍ਹਾਂ ’ਚੋਂ 416 ਨੇ ਕੋਰੋਨਾ ਪਾਜ਼ਟਿਵ ਦਾ ਪ੍ਰੀਖਣ ਕੀਤਾ। ਬਿਹਾਰ ਦੇ ਅੰਕੜੇ ਜੋ ਕਿ 13 ਮਈ ਤਕ 400 ਦੇ ਨੇੜੇ-ਤੇੜ ਸਨ, ਹੁਣ 2000 ਦੇ ਕਰੀਬ ਹਨ। ਇਸੇ ਤਰ੍ਹਾਂ ਸਭ ਤੋਂ ਵੱਧ ਪ੍ਰਵਾਸੀ ਕਾਮਿਅਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ’ਚ 19 ਮਈ ਤਕ 10400 ਕਿਰਤੀ ਸੂਬੇ ’ਚ ਪਹੁੰਚ ਚੁੱਕੇ ਸਨ ਜਿਨ੍ਹਾਂ ’ਚੋਂ 5175 ਨੇ ਕੋਰੋਨਾ ਪਾਜ਼ਟਿਵ ਦਾ ਪ੍ਰੀਖਣ ਕੀਤਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਰੇ ਪ੍ਰਵਾਸੀ ਪਿਛਲੇ 60 ਦਿਨਾਂ ’ਚ ਕਿਤੇ ਨਾ ਕਿਤੇ ਇਕਾਂਤਵਾਸ ’ਚ ਸਨ। ਪਰ ਹੁਣ ਇਹ ਗਿਣਤੀ ਦਾ ਮਾਮਲਾ ਵੀ ਨਹੀਂ ਹੈ, ਕੇਂਦਰ ਅਤੇ ਸੂਬਾ ਸਰਕਾਰਾਂ ਦੋਵਾਂ ਲਈ ਅਨਿਸ਼ਚਿਤ ਜਾਂ ਦੇਰ ਨਾਲ ਲਾਗੂ ਕੀਤੀਅਾਂ ਗਈਅਾਂ ਨੀਤੀਅਾਂ ਦਾ ਵੀ ਨਹੀਂ। ਭੁੱਖਮਰੀ ਜਾਂ ਮੌਤ ਦਾ ਸਾਹਮਣਾ ਕਰ ਰਹੇ ਪੈਦਲ ਚੱਲਣ ਵਾਲੇ ਮਜ਼ਦੂਰਾਂ ਦਾ ਬਹੁਤ ਮਹੱਤਵਪੂਰਨ ਮੁੱਦਾ ਹੁਣ ਚਰਚਾ ਦੀ ਮੇਜ ’ਤੇ ਨਹੀਂ ਹੈ। ਇੰਨੇ ਦੁੱਖੀ, ਭੁੱਖੇ ਮਜ਼ਦੂਰਾਂ ਨੂੰ ਮੁਫਤ ਯਾਤਰਾ ਦੀਅਾਂ ਸਹੂਲਤਾਂ ਤੋਂ ਕਿਉਂ ਵਾਂਝਾ ਰੱਖਿਆ ਗਿਆ, ਇਸ ’ਤੇ ਵੀ ਧਿਆਨ ਨਹੀਂ ਦਿੱਤਾ ਜਾਵੇਗਾ?

ਇਹ ਭਿਖਾਰੀ ਨਹੀਂ ਸਨ, ਇਹ ਅਜਿਹੇ ਕਿਰਤੀ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਘੱਟ ਤੋਂ ਘੱਟ 8 ਘੰਟੇ ਕੰਮ ਕਰ ਕੇ ਤਨਖਾਹ ਇਕੱਠੀ ਕੀਤੀ ਸੀ। ਉਨ੍ਹਾਂ ਨੇ ਨਾ ਸਿਰਫ ਉਨ੍ਹਾਂ ਦੇ ਮਾਲਕਾਂ ਸਗੋਂ ਸਮਾਜ ਦੇ ਹਰ ਵਰਗ ਵਲੋਂ ਤਿਆਗਿਆ ਅਤੇ ਨਿਰਾਸ਼ ਕੀਤਾ ਗਿਆ। ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਦੀ ਭਾਲ ’ਚ ਦੁਬਾਰਾ ਸ਼ਹਿਰਾਂ ਦਾ ਰੁਖ ਕਰਨਾ ਪਵੇਗਾ। ਕੀ ਤਦ ਉਨ੍ਹਾਂ ਦੇ ਦਿਲਾਂ ’ਚ ਉਹ ਖੁਸ਼ੀ, ਉਮੀਂਦ, ਸਨਮਾਨ ਦੀਅਾਂ ਭਾਵਨਾਵਾਂ ਹੋਣਗੀਅਾਂ ਜੋ ਪਹਿਲਾਂ ਸਨ? ਇਟਲੀ ਵਰਗੇ ਰੱਜੇ-ਪੁੱਜੇ ਦੇਸ਼ ’ਚ ਵੀ ਲਾਕਡਾਊਨ ਖੋਲ੍ਹਣ ਦੇ ਬਾਅਦ ਜੁਰਮ ਅਤੇ ਹਿੰਸਾ ’ਚ ਵਾਧਾ ਹੋ ਗਿਆ ਹੈ ਜਿਸ ’ਚ ਸ਼ਾਮਲ ਵਧੇਰੇ ਬੇਰੋਜ਼ਗਾਰ ਨੌਜਵਾਨ ਹਨ। ਰੂਸੀ ਕ੍ਰਾਂਤੀ ਬੇਸ਼ੱਕ ਹੀ ਇਤਿਹਾਸ ਦਾ 103 ਸਾਲ ਪੁਰਾਣਾ ਸਬਕ ਹੈ ਪਰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਜਿਨ੍ਹਾਂ ਨੇ ਰੂਸੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ ਉਹ ਪਹਿਲੀ ਸੰਸਾਰ ਜੰਗ ’ਚ ਹਾਰ ਕੇ ਆਏ ਫੌਜੀ ਜਾਂ ਜ਼ਮੀਨਹੀਣ ਕਿਸਾਨ ਨਹੀਂ ਸਨ। ਉਹ ਗਰੀਬ ਮਜ਼ਦੂਰ ਸਨ ਜਿਨ੍ਹਾਂ ਨੂੰ ਮਹੀਨਿਅਾਂ ਤੋਂ ਭੱਤਾ ਨਹੀਂ ਦਿੱਤਾ ਗਿਆ ਸੀ। ਉਹ ਭੁੱਖੇ ਸਨ ਅਤੇ ਉਨ੍ਹਾਂ ਨੇ ਹੀ ਕ੍ਰਾਂਤੀ ਦੀ ਅਗਵਾਈ ਕੀਤੀ। ਇਹ ਕਹਿਣਾ ਗਲਤ ਹੋਵੇਗਾ ਕਿ ਭਾਰਤ ਵਰਗੇ ਲੋਕਤਾਂਤਰਿਕ ਦੇਸ਼ ’ਚ ਕ੍ਰਾਂਤੀ ਹੋ ਸਕਦੀ ਹੈ ਪਰ ਜਦ 20 ਕਰੋੜ ਤੋਂ ਵੱਧ ਭਾਰਤੀ (ਵਿਦੇਸ਼ੀ ਨਹੀਂ), ਬੇਰੋਜ਼ਗਾਰ ਹੋਣ, ਉਨ੍ਹਾਂ ਦੇ ਸਵਾਭਿਮਾਨ ਨੂੰ ਠੇਸ ਲੱਗੀ ਹੋਵੇ, ਸਮਾਜ ਨਾਲ ਨਾਰਜ਼ ਅਤੇ ਗੁੱਸੇ ’ਚ ਹੋਣ, ਇਹ ਦੇਸ਼ ’ਚ ਸਦਭਾਵਨਾ ਅਤੇ ਸ਼ਾਂਤੀ ਲਈ ਚੰਗਾ ਸੰਕੇਤ ਨਹੀਂ।


Bharat Thapa

Content Editor

Related News