ਇਸ ਤਰ੍ਹਾਂ ਦੇ ‘ਪ੍ਰਕੋਪਾਂ ਦਾ ਕਾਰਣ’ ਕੀ ‘ਕੁਦਰਤ ਨਾਲ ਛੇੜਛਾੜ’ ਤਾਂ ਨਹੀਂ

04/14/2020 2:01:57 AM

‘ਕੋਰੋਨਾ ਵਾਇਰਸ’ ਦੇ ਲਗਾਤਾਰ ਵਧਦੇ ਪ੍ਰਕੋਪ ਨਾਲ ਸਮੁੱਚੇ ਵਿਸ਼ਵ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅਨੇਕ ਲੋਕ ਖਦਸ਼ਾ ਪ੍ਰਗਟਾ ਰਹੇ ਹਨ ਕਿ ਇਸ ਦੇ ਪਿੱਛੇ ਕਿਤੇ ਮਨੁੱਖ ਵਲੋਂ ਕੁਦਰਤ ਨਾਲ ਅੰਨ੍ਹੇਵਾਹ ਛੇੜਛਾੜ ਦਾ ਨਤੀਜਾ ਤਾਂ ਨਹੀਂ! ਉਂਝ ਤਾਂ ‘ਮਨੁੱਖ ਨੂੰ ਧਰਤੀ ਮਾਤਾ ਦੀ ਸਰਵਸ੍ਰੇਸ਼ਠ ਰਚਨਾ’ ਮੰਨਿਆ ਜਾਂਦਾ ਹੈ ਪਰ ਲੱਗਦਾ ਹੈ ਕਿ ਜਿਵੇਂ ਇਸ ਨੇ ਕੁਦਰਤ ਮਾਂ ਨੂੰ ਸਭ ਤੋਂ ਵੱਧ ਦੁੱਖ ਦਿੱਤਾ ਹੈ ਅਤੇ ਅੱਜ ਕੁਦਰਤ ਮਾਤਾ ਸ਼ੀਸ਼ਾ ਦਿਖਾ ਰਹੀ ਹੈ ਕਿ ਤੁਸੀਂ ਮੇਰੀ ਕੀ ਹਾਲਤ ਕਰ ਦਿੱਤੀ ਹੈ! ਹਾਲ ਹੀ ’ਚ ਆਈ. ਏ. ਐੱਨ. ਐੱਸ. ਅਤੇ ‘ਸੀ ਵੋਟਰ ਗੈਲਪ ਇੰਟਰਨੈਸ਼ਨਲ ਐਸੋਸੀਏਸ਼ਨ ਕੋਰੋਨਾ ਟ੍ਰੈਕਰ’ ਦੇ ਇਕ ਸਰਵੇਖਣ ’ਚ ਲੱਗਭਗ 46 ਫੀਸਦੀ ਲੋਕਾਂ ਨੇ ਕਿਹਾ ਹੈ ਕਿ ‘‘ਕੋਰੋਨਾ ਵਾਇਰਸ ਦਾ ਪ੍ਰਕੋਪ ਲੋਕਾਂ ਨੂੰ ਕੁਦਰਤ ਦਾ ਇਕ ਸੰਦੇਸ਼ ਹੈ।’’ ‘ਕੋਰੋਨਾ’ ਕਾਰਣ ਹੋ ਰਹੀਆਂ ਮੌਤਾਂ ਦਰਮਿਆਨ ਇਹ ਚਿਤਾਵਨੀ ਸਾਨੂੰ ਕੁਦਰਤ ਮਾਂ ਵਾਰ-ਵਾਰ ਵੱਖ-ਵੱਖ ਕੁਦਰਤੀ ਆਫਤਾਂ, ਅਾਸਮਾਨੀ ਬਿਜਲੀ ਡਿੱਗਣ ਨਾਲ ਮੌਤਾਂ, ਕਣਕ ਅਤੇ ਸਰ੍ਹੋਂ ਦੀਆਂ ਫਸਲਾਂ ਦੀ ਵਾਢੀ ਤੋਂ ਠੀਕ ਪਹਿਲਾਂ ਬੇਮੌਸਮੇ ਮੀਂਹ ਤੇ ਗੜੇਮਾਰੀ ਅਤੇ ਭੂਚਾਲਾਂ ਆਦਿ ਦੇ ਰੂਪ ’ਚ ਦੇ ਰਹੀ ਹੈ, ਜਿਨ੍ਹਾਂ ’ਚੋਂ ਕੁਝ ਕੁ ਹੇਠਾਂ ਦਰਜ ਹਨ :

* 04 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਦੇ ‘ਪਾਂਡਰਪਾਣੀ’ ਪਿੰਡ ’ਚ ਅਾਸਮਾਨੀ ਬਿਜਲੀ ਡਿੱਗਣ ਨਾਲ ਇਕ ਲੜਕੀ ਦੀ ਮੌਤ ਅਤੇ ਦੋ ਹੋਰ ਝੁਲਸ ਗਏ।

* 08 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ਦੇ ‘ਸੇਵਰੀ’ ਪਿੰਡ ’ਚ ਅਾਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਮਾਰਿਆ ਗਿਆ।

* 10 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਨਾਰਾਇਣਗੜ੍ਹ ਜ਼ਿਲੇ ਦੇ ਪਿੰਡ ਭਰੰਡਾ ’ਚ ਅਾਸਮਾਨੀ ਬਿਜਲੀ ਡਿੱਗਣ ਨਾਲ 6 ਪਸ਼ੂ ਮਾਰੇ ਗਏ।

* 10 ਅਪ੍ਰੈਲ ਨੂੰ ਹੀ ਆਂਧਰਾ ਪ੍ਰਦੇਸ਼ ਦੇ ਤਿੰਨ ਜ਼ਿਲਿਆਂ ਅਮਰਾਵਤੀ, ਨੇਲੋਰ ਅਤੇ ਪਰਕਾਸਮ ’ਚ ਅਾਸਮਾਨੀ ਬਿਜਲੀ ਡਿੱਗਣ ਨਾਲ 10 ਵਿਅਕਤੀ ਮਾਰੇ ਗਏ।

* 12 ਅਪ੍ਰੈਲ ਨੂੰ ਨਾਸਿਕ ਦੀ ਕਿਨਵਟ ਤਹਿਸੀਲ ਦੇ ਪਟੌਦਾ ਪਿੰਡ ’ਚ ਬਿਜਲੀ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

* 6-7 ਅਪ੍ਰੈਲ ਨੂੰ ਕਰਨਾਟਕ ਦੇ 9 ਜ਼ਿਲਿਆਂ ’ਚ ਤੇਜ਼ ਹਵਾਵਾਂ ਦੇ ਨਾਲ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਅਨੇਕ ਪਸ਼ੂਆਂ ਦੀ ਮੌਤ ਤੋਂ ਇਲਾਵਾ ਹੋਰ ਫਸਲਾਂ ਦੇ ਨਾਲ-ਨਾਲ ਕੇਲੇ, ਅੰਬ ਅਤੇ ਹੋਰ ਬਾਗਬਾਨੀ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਅਨੇਕ ਮਕਾਨਾਂ ਦੀਆਂ ਛੱਤਾਂ ਟੁੱਟ ਗਈਆਂ।

* 07 ਅਪ੍ਰੈਲ ਨੂੰ ਹਿਮਾਚਲ ਦੀਆਂ ਪਰਬਤ ਲੜੀਆਂ ’ਤੇ ਤਾਜ਼ਾ ਬਰਫਬਾਰੀ ਅਤੇ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਨਾਲ ਤਾਪਮਾਨ ਵਧਦੇ-ਵਧਦੇ ਡਿੱਗ ਗਿਆ ਅਤੇ ਲੋਕ ਇਕ ਵਾਰ ਫਿਰ ਗਰਮ ਕੱਪੜੇ ਪਹਿਨਣ ਲਈ ਮਜਬੂਰ ਹੋ ਗਏ।

* 08 ਅਪ੍ਰੈਲ ਨੂੰ ਬਦਰੀਨਾਥ, ਕੇਦਾਰਨਾਥ, ਹੇਮਕੁੰਟ ਸਾਹਿਬ ਸਮੇਤ ਉਚਾਈ ਵਾਲੇ ਇਲਾਕਿਆਂ ’ਚ ਭਾਰੀ ਬਰਫਬਾਰੀ ਅਤੇ ਹੇਠਲੇ ਇਲਾਕਿਆਂ ’ਚ ਹਨੇਰੀ ਨਾਲ ਮੀਂਹ ਪਿਆ।

* 09 ਅਪ੍ਰੈਲ ਨੂੰ ਰੋਹਤਾਂਗ ਦੱਰੇ, ਸੀ. ਬੀ. ਰੇਂਜ ਅਤੇ ਧੌਲਾਧਾਰ ਦੀਆਂ ਉੱਚੀਆਂ ਚੋਟੀਆਂ ’ਤੇ ਭਾਰੀ ਬਰਫਬਾਰੀ ਪਈ।

* 21 ਮਾਰਚ ਨੂੰ ਛੱਤੀਸਗੜ੍ਹ ਅਤੇ ਓਡਿਸ਼ਾ ’ਚ ਭੂਚਾਲ ਦੇ ਤੇਜ਼ ਝਟਕੇ ਆਏ, ਜਿਸ ਨਾਲ ਕੁਝ ਥਾਵਾਂ ’ਤੇ ਅਨੇਕਾਂ ਮਕਾਨਾਂ ’ਚ ਤਰੇੜਾਂ ਆ ਗਈਆਂ।

* 05 ਅਤੇ 06 ਅਪ੍ਰੈਲ ਨੂੰ ਆਸਾਮ ’ਚ ਗੁਹਾਟੀ ਅਤੇ ਸੂਬੇ ਦੇ ਕਈ ਹਿੱਸਿਆਂ ’ਚ ਭੂਚਾਲ ਆਇਆ। ਹਾਲ ਹੀ ’ਚ ਅਮਰੀਕਾ ਦੇ ਇਦਾਹੋ ’ਚ ਵੀ 6.5 ਤੀਬਰਤਾ ਦਾ ਭੂਚਾਲ ਆਇਆ।

* 06 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਜ਼ਿਲਿਆਂ ਦੇ ਕੁਝ ਹਿੱਸਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਿਛਲੇ 10 ਦਿਨਾਂ ’ਚ ਇਸ ਖੇਤਰ ’ਚ ਲੱਗਭਗ 25 ਵਾਰ ਭੂਚਾਲ ਆਇਆ, ਜਿਸ ਨਾਲ ਅਨੇਕਾਂ ਮਕਾਨਾਂ ’ਚ ਤਰੇੜਾਂ ਆ ਗਈਆਂ।

* 08 ਅਪ੍ਰੈਲ ਨੂੰ ਝਾਰਖੰਡ ਅਤੇ ਬੰਗਾਲ ਦੇ ਕੁਝ ਹਿੱਸਿਆਂ ’ਚ ਭੂਚਾਲ ਆਇਆ।

* 10 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਵਧੇਰੇ ਹਿੱਸਿਆਂ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

* 11 ਅਪ੍ਰੈਲ ਨੂੰ ਦਿੱਲੀ ਐੱਨ. ਸੀ. ਆਰ., ਨੋਇਡਾ, ਗਾਜ਼ੀਆਬਾਦ, ਗੁੜਗਾਓਂ ਆਦਿ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਮੌਸਮ ਦੇ ਬਦਲੇ ਹੋਏ ਤੇਵਰਾਂ ਤੋਂ ਕਿਸਾਨ ਵੀ ਚਿੰਤਤ ਹਨ। ਬੇਮੌਸਮੇ ਮੀਂਹ ਅਤੇ ਬਰਫਬਾਰੀ ਕਾਰਣ ਕਣਕ ਅਤੇ ਸਰ੍ਹੋਂ ਦੀਆਂ ਪੱਕੀਆਂ ਹੋਈਆਂ ਫਸਲਾਂ ਖਰਾਬ ਹੋਣ ਦੇ ਨਾਲ-ਨਾਲ ਇਨ੍ਹਾਂ ਦੀ ਵਾਢੀ ਵੀ ਪ੍ਰਭਾਵਿਤ ਹੋ ਰਹੀ ਹੈ। ਹਿਮਾਚਲ ’ਚ ਸੇਬ ਸਮੇਤ ਹੋਰਨਾਂ ਫਲਾਂ ਦਾ ਬੂਰ ਝੜ ਗਿਆ ਹੈ ਅਤੇ ‘ਪਲਮ’ ਦੀ 50 ਤੋਂ 70 ਫੀਸਦੀ ਫਸਲ ਨੂੰ ਨੁਕਸਾਨ ਪੁੱਜਾ।

ਅਾਸਮਾਨੀ ਬਿਜਲੀ ਡਿੱਗਣ ਨਾਲ ਮੌਤਾਂ ਅਤੇ ਵਾਰ-ਵਾਰ ਆ ਰਹੇ ਭੂਚਾਲ ਭਵਿੱਖ ’ਚ ਕਿਸੇ ਵੱਡੀ ਕੁਦਰਤੀ ਆਫਤ ਦਾ ਅਗਾਊਂ ਸੰਕੇਤ ਵੀ ਹੋ ਸਕਦੇ ਹਨ। ਇਸ ਨੂੰ ਕੁਦਰਤ ਮਾਂ ਦੀ ਨਾਰਾਜ਼ਗੀ ਨਹੀਂ ਤਾਂ ਹੋਰ ਕੀ ਕਹਾਂਗੇ! ਅੱਜ ਜਦ ਸੂਰਜ ਅਤੇ ਚੰਨ-ਸਿਤਾਰੇ ਪਹਿਲਾਂ ਵਾਂਗ ਚੜ੍ਹਦੇ ਅਤੇ ਛੁਪਦੇ ਹਨ ਤਾਂ ਫਿਰ ਅਸੀਂ ਆਪਣੀ ਮਰਿਆਦਾ ਤੋੜ ਕੇ ਕੁਦਰਤ ਦੇ ਵਿਰੁੱਧ ਸਲੂਕ ਕਰ ਕੇ ਤਬਾਹੀ ਨੂੰ ਕਿਉਂ ਸੱਦਾ ਦੇ ਰਹੇ ਹਾਂ?

–ਵਿਜੇ ਕੁਮਾਰ\\\


Bharat Thapa

Content Editor

Related News