ਟੋਕੀਓ ਓਲੰਪਿਕ ’ਚ ਭਾਰਤੀ ਦਲ ਥੋੜ੍ਹੀ ਖੁਸ਼ੀ ਥੋੜ੍ਹੀ ਨਿਰਾਸ਼ਾ
Friday, Aug 06, 2021 - 03:25 AM (IST)

ਇਨ੍ਹੀਂ ਦਿਨੀਂ ਜਾਪਾਨ ਦੀ ਰਾਜਧਾਨੀ ਟੋਕੀਓ ’ਚ ਜਾਰੀ ਓਲੰਪਿਕ ਖੇਡਾਂ ’ਚ ਭਾਰਤ ਨੂੰ ਸਭ ਤੋਂ ਪਹਿਲਾਂ 24 ਜੁਲਾਈ ਨੂੰ ਮਣੀਪੁਰ ਦੀ ‘ਸੈਖੋਮ ਮੀਰਾਬਾਈ ਚਾਨੂੰ’ ਨੇ ਔਰਤਾਂ ਦੇ ਭਾਰ ਤੋਲਣ ਦੇ 49 ਕਿਲੋ ਵਰਗ ’ਚ ਚਾਂਦੀ ਦਾ ਤਮਗਾ ਦਿਵਾਇਆ।
ਫਿਰ 1 ਅਗਸਤ ਨੂੰ ਆਂਧਰਾ ਪ੍ਰਦੇਸ਼ ਦੀ ਪੀ. ਵੀ. ਸਿੰਧੂ ਨੇ ਮਹਿਲਾ ਬੈਡਮਿੰਟਨ ’ਚ ਸਿੰਗਲ ’ਚ ਕਾਂਸੇ ਦਾ ਤਮਗਾ ਜਿੱਤਿਆ।
4 ਅਗਸਤ ਨੂੰ ਅਸਾਮ ਦੀ ਲਵਲੀਨਾ ਬੇਰਗੋਹੇਨ ਮਹਿਲਾ ਵੈਲਟਰ ਵੇਟ ਦੇ ਸੈਮੀਫਾਈਨਲ ’ਚ ਹਾਰਨ ਦੇ ਬਾਅਦ ਫਾਈਨਲ ’ਚ ਜਾਣ ਦਾ ਮੌਕਾ ਤਾਂ ਖੁੰਝ ਗਈ ਅਤੇ ਤੀਸਰੇ ਨੰਬਰ ’ਤੇ ਰਹਿ ਜਾਣ ਦੇ ਕਾਰਨ ਉਸ ਨੂੰ ਕਾਂਸੇ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ।
ਹਾਲਾਂਕਿ ਹਾਕੀ ਦੇ ਲੜਕੀਅਾਂ ਅਤੇ ਲੜਕਿਆਂ ਦੋਵਾਂ ਹੀ ਵਰਗਾਂ ’ਚ ਭਾਰਤ ਨੂੰ ਆਸ ਸੀ ਪਰ ਭਾਰਤ ਦੀ ਲੜਕੀਆਂ ਦੀ ਹਾਕੀ ਟੀਮ 4 ਅਗਸਤ ਨੂੰ ਦੁਨੀਆ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਤੋਂ ਸੈਮੀਫਾਈਨਲ ’ਚ 2-1 ਨਾਲ ਹਾਰ ਗਈ। ਹੁਣ ਕਾਂਸੇ ਦੇ ਤਮਗੇ ਦੇ ਲਈ 6 ਅਗਸਤ ਨੂੰ ਇਸ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ।
5 ਅਗਸਤ ਦੇ ਦਿਨ ਭਾਰਤੀ ਖਿਡਾਰੀਆਂ ਤੋਂ ਖੇਡ ਪ੍ਰੇਮੀਆਂ ਨੂੰ ਬੜੀ ਆਸ ਸੀ ਪਰ ਉਨ੍ਹਾਂ ਨੂੰ ਕੁਝ ਨਿਰਾਸ਼ਾ ਹੋਈ। ਸਭ ਤੋਂ ਪਹਿਲਾਂ ਸਵੇਰੇ ਲੜਕਿਆਂ ਦੀ ਹਾਕੀ ਟੀਮ ਸੁਖਾਵੀਂ ਖਬਰ ਲੈ ਕੇ ਆਈ ਜਦੋਂ ਕਾਂਸੇ ਦੇ ਤਮਗੇ ਦੇ ਲਈ ਹੋਏ ਮੁਕਾਬਲੇ ’ਚ ਸਾਡੇ ਖਿਡਾਰੀਆਂ ਨੇ ਜਰਮਨੀ ਨੂੰ 4 ਦੇ ਮੁਕਾਬਲੇ 5 ਗੋਲਾਂ ਨਾਲ ਹਰਾ ਦਿੱਤਾ।
ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤੀ ਖਿਡਾਰੀਆਂ ਨੇ 41 ਸਾਲ ਬਾਅਦ ਆਪਣੇ ਦੇਸ਼ ਦੇ ਲਈ ਹਾਕੀ ’ਚ ਕੋਈ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ’ਚ ਮਾਸਕੋ ਓਲੰਪਿਕ ’ਚ ਹਾਕੀ ’ਚ ਸੋਨੇ ਦਾ ਤਮਗਾ ਜਿੱਤਿਆ ਸੀ।
ਇਹੀ ਨਹੀਂ, 5 ਅਗਸਤ ਨੂੰ ਹੀ ‘57 ਕਿਲੋ ਭਾਰ ਵਰਗ ਦੇ ਕੁਸ਼ਤੀ’ ਦੇ ਫਾਈਨਲ ’ਚ ਭਾਰਤੀ ਪਹਿਲਵਾਨ ਰਵੀ ਦਹੀਆ ਤੋਂ ਦੇਸ਼ ਨੂੰ ਸੋਨੇ ਦੇ ਤਮਗੇ ਦੀ ਬੜੀ ਆਸ ਸੀ ਪਰ ਹਾਰ ਜਾਣ ਦੇ ਕਾਰਨ ਉਸ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ।
ਅਤੇ ਇਸੇ ਦਿਨ ਭਾਰਤ ਦੇ ਦੀਪਕ ਪੁਨੀਆ ‘86 ਕਿਲੋ ਫ੍ਰੀ ਸਟਾਈਲ ਕੁਸ਼ਤੀ’ ਦੇ ਕਾਂਸੇ ਦੇ ਤਮਗੇ ਲਈ ਹੋਏ ਮੁਕਾਬਲੇ ’ਚ ਹਾਰ ਕੇ ਤਮਗੇ ਤੋਂ ਵਾਂਝੇ ਰਹਿ ਗਏ।
ਹਾਲਾਂਕਿ ਹੋਰਨਾਂ ਖੇਤਰਾਂ ’ਚ ਅਸੀਂ ਤਰੱਕੀ ਕੀਤੀ ਹੈ ਪਰ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਅਸੀਂ ਅਜੇ ਤੱਕ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਜਿਸ ਦਾ ਸਭ ਤੋਂ ਵੱਡਾ ਕਾਰਨ ਖੇਡਾਂ ਦੇ ਲਈ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਬਜਟ ਹੈ। 138 ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ 2021 ਦੇ ਬਜਟ ’ਚ ਖੇਡਾਂ ਦੇ ਲਈ ਸਿਰਫ 500 ਕਰੋੜ ਰੁਪਏ ਹੀ ਦਿੱਤੇ ਗਏ। ਇੰਨੇ ਘੱਟ ਬਜਟ ’ਚ ਨਾ ਤਾਂ ਸਟੇਡੀਅਮ ਬਣ ਸਕਦੇ ਹਨ ਅਤੇ ਨਾ ਹੀ ਖਿਡਾਰੀਆਂ ਨੂੰ ਡਾਈਟ, ਚੰਗੇ ਕੋਚ ਅਤੇ ਹੋਰ ਸਹੂਲਤਾਂ ਮਿਲ ਸਕਦੀਆਂ ਹਨ।
ਖੇਡ ਤੰਤਰ ’ਤੇ ਜ਼ਿਆਦਾਤਰ ਅਜਿਹੇ ਲੋਕਾਂ ਦਾ ਕੰਟਰੋਲ ਹੀ ਰਿਹਾ ਹੈ ਜਿਨ੍ਹਾਂ ਦਾ ਕਿਰਿਆਤਮਕ ਤੌਰ ’ਤੇ ਖੇਡਾਂ ਨਾਲ ਕੋਈ ਨਾਤਾ ਹੀ ਨਹੀਂ ਰਿਹਾ। ਖੇਡ ਸੰਗਠਨਾਂ ’ਚ ਵੀ ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ ਅਤੇ ਨਿਹਿਤ ਸਵਾਰਥਾਂ ਨੇ ਵੀ ਸਾਡੀਆਂ ਖੇਡਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਜ਼ਿਲੇ ਤੋਂ ਲੈ ਕੇ ਸੂਬਾ ਅਤੇ ਰਾਸ਼ਟਰੀ ਪੱਧਰ ਤੱਕ ਖੇਡ ਸੰਘਾਂ ਦੀ ਗੈਰ-ਸਰਗਰਮੀ, ਮੁਕਾਬਲਿਆਂ, ਫੰਡ, ਸਿੱਖਿਆ ਸੰਸਥਾਨਾਂ ਦੇ ਬੁਨਿਆਦੀ ਢਾਂਚੇ ਅਤੇ ਖੇਡਾਂ ਦੇ ਮੈਦਾਨਾਂ ਅਤੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦੀ ਘਾਟ, ਛੋਟੀ ਤੋਂ ਵੱਡੀ ਮੁਕਾਬਲੇਬਾਜ਼ੀ ਦੇ ਲਈ ਖਿਡਾਰੀਆਂ ਦੀ ਚੋਣ ’ਚ ਪੱਖਪਾਤ ਅਤੇ ਜਾਤੀਵਾਦ ਆਦਿ ਵੀ ਖੇਡਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਆਖਰੀ ਸਮੇਂ ’ਤੇ ਤਿਆਰੀ ਸ਼ੁਰੂ ਕਰਨ ਆਦਿ ਨਾਲ ਵੀ ਸਾਡੇ ਖਿਡਾਰੀ ਕੌਮਾਂਤਰੀ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੇ। ਇਨ੍ਹਾਂ ਹੀ ਖੇਡਾਂ ’ਚ ਪ੍ਰਾਪਤ ਅੰਕ ਉਨ੍ਹਾਂ ਦੇ ਸਰਟੀਫਿਕੇਟਾਂ ’ਚ ਨਹੀਂ ਜੋੜੇ ਜਾਂਦੇ ਅਤੇ ਖੇਡਾਂ ’ਚ ਕੋਈ ਭਵਿੱਖ ਦਿਖਾਈ ਨਾ ਦੇਣ ਦੇ ਕਾਰਨ ਵੀ ਨੌਜਵਾਨ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ।
ਇਸ ਲਈ ਜੇਕਰ ਸਰਕਾਰ ਖੇਡਾਂ ਨੂੰ ਅਸਲ ’ਚ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਤਾਂ ਕਿ ਕੌਮਾਂਤਰੀ ਮੁਕਾਬਲਿਆਂ ’ਚ ਅਸੀਂ ਚੰਗਾ ਪ੍ਰਦਰਸ਼ਨ ਕਰ ਸਕੀਏ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਸਪੋਰਟਸ ਕਾਲਜਾਂ ’ਚ ਪੜ੍ਹਾਈ ਦੇ ਲਈ ਨੌਜਵਾਨਾਂ ਨੂੰ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇ, ਕੌਮਾਂਤਰੀ ਮੁਕਾਬਲਿਆਂ ’ਚ ਜੇਤੂ ਖਿਡਾਰੀਆਂ ਨੂੰ ਜ਼ਿੰਦਗੀ ਭਰ ਲਈ ਇਨਕਮ ਟੈਕਸ ਤੋਂ ਛੋਟ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ।
ਇਸ ਲਿਹਾਜ਼ ਨਾਲ ਬੇਸ਼ੱਕ ਹੋਰਨਾਂ ਦੇਸ਼ਾਂ ਦੇ ਮੁਕਾਬਲੇ ’ਚ ਭਾਰਤ ਦੀਆਂ ਹੀ ਪ੍ਰਾਪਤੀਆਂ ਘੱਟ ਲੱਗਦੀਆਂ ਹਨ ਪਰ ਛੋਟੇ-ਛੋਟੇ ਕਦਮਾਂ ਨਾਲ ਹੀ ਲੰਬੀ ਦੂਰੀ ਤੈਅ ਕੀਤੀ ਜਾਂਦੀ ਹੈ ਅਤੇ ਪਿਛਲੇ ਕੁਝ ਸਾਲਾਂ ’ਚ ਭਾਰਤੀ ਖਿਡਾਰੀਆਂ ਦੇ ਪੱਧਰ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ, ਜੋ ਇਸ ਓਲੰਪਿਕ ’ਚ ਭਾਰਤੀ ਖਿਡਾਰੀਆਂ ਦੇ ਜੁਝਾਰੂ ਪ੍ਰਦਰਸ਼ਨਾਂ ਤੋਂ ਸਪੱਸ਼ਟ ਹੈ।
ਇਸ ਦਰਮਿਆਨ ਇਨ੍ਹਾਂ ਜਿੱਤਾਂ ਨਾਲ ਦੇਸ਼ ’ਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ ਅਤੇ ਜੇਤੂਆਂ ਦੇ ਲਈ ਪੁਰਸਕਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਆਪਣੇ ਖਿਡਾਰੀਆਂ ਦੀ ਸਫਲਤਾ ਤੋਂ ਉਤਸ਼ਾਹਿਤ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ’ਚ ਇਸ ’ਚ ਹੋਰ ਸੁਧਾਰ ਹੋਵੇਗਾ ਅਤੇ ਭਾਰਤੀ ਖਿਡਾਰੀ ਸਫਲਤਾ ਦੇ ਨਵੇਂ ਸਿਖਰਾਂ ਨੂੰ ਛੂਹਣਗੇ।
-ਵਿਜੇ ਕੁਮਾਰ