ਹੜ੍ਹ ਪੀੜਤ ਕੇਰਲ ਦੇ ਭੈਣਾਂ-ਭਰਾਵਾਂ ਦੇ ਸੰਕਟ ਦੀ ਇਸ ਘੜੀ ''ਚ ਸਹਾਇਤਾ ਲਈ ਸਾਰੇ ਅੱਗੇ ਆਉਣ
Wednesday, Aug 22, 2018 - 06:52 AM (IST)

ਇਸ ਸਾਲ ਦੱਖਣ ਭਾਰਤੀ ਸੂਬੇ ਕੇਰਲ ਵਿਚ ਆਮ ਨਾਲੋਂ ਢਾਈ ਗੁਣਾ ਜ਼ਿਆਦਾ ਬਰਸਾਤ ਹੋਈ ਹੈ। ਇਸ ਦੇ ਸਿੱਟੇ ਵਜੋਂ ਇਸ ਸਮੇਂ ਇਹ ਸੂਬਾ ਸਦੀ ਦੇ ਸਭ ਤੋਂ ਭਿਆਨਕ ਤੇ ਵਿਨਾਸ਼ਕਾਰੀ ਹੜ੍ਹ ਨਾਲ ਜੂਝ ਰਿਹਾ ਹੈ ਤੇ ਇਸ ਨੂੰ ਗੰਭੀਰ ਕੁਦਰਤੀ ਆਫਤ ਐਲਾਨ ਦਿੱਤਾ ਗਿਆ ਹੈ।
ਲੱਗਭਗ 20,000 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ, 40,000 ਤੋਂ ਜ਼ਿਆਦਾ ਹੈਕਟੇਅਰ ਜ਼ਮੀਨ 'ਤੇ ਖੇਤੀਬਾੜੀ ਤੇ 20,000 ਮਕਾਨ ਨਸ਼ਟ ਹੋ ਗਏ ਹਨ, ਕਈ ਰਾਜਮਾਰਗਾਂ ਦੇ ਹਿੱਸੇ ਅਤੇ 200 ਤੋਂ ਜ਼ਿਆਦਾ ਪੁਲ ਹੜ੍ਹ 'ਚ ਰੁੜ੍ਹ ਗਏ ਹਨ। ਇਸ ਤੋਂ ਇਲਾਵਾ 373 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਲੱਖ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ 'ਚ ਰਹਿ ਰਹੇ ਹਨ। ਅਣਗਿਣਤ ਬੱਚੇ ਯਤੀਮ ਅਤੇ ਔਰਤਾਂ ਵਿਧਵਾ ਹੋ ਗਈਆਂ।
ਪਾਣੀ ਵਿਚ ਤੈਰ ਰਹੀਆਂ ਲਾਸ਼ਾਂ ਨੂੰ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਰੱਖਣ ਵਾਸਤੇ ਮੁਰਦਾਘਰ ਨਹੀਂ ਹਨ। ਜਗ੍ਹਾ-ਜਗ੍ਹਾ ਮਰੇ ਪਏ ਜਾਨਵਰਾਂ ਕਾਰਨ ਚਾਰੇ ਪਾਸੇ ਬਦਬੂ ਫੈਲ ਰਹੀ ਹੈ ਤੇ ਮਹਾਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਡੇਂਗੂ, ਮਲੇਰੀਆ, ਹੈਜ਼ਾ ਅਤੇ ਚਿਕਨਪਾਕਸ ਤਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਵਾਈਆਂ ਤਕ ਦੀ ਘਾਟ ਹੈ।
ਉੱਜੜੇ ਹੋਏ ਲੋਕਾਂ ਦੇ ਮੁੜ-ਵਸੇਬੇ ਅਤੇ ਮੁੜ-ਉਸਾਰੀ ਦੀ ਸਮੱਸਿਆ ਸੂਬਾ ਸਰਕਾਰ ਦੇ ਸਾਹਮਣੇ ਖੜ੍ਹੀ ਹੋ ਗਈ ਹੈ, ਜਿਸ ਦੇ ਲਈ ਭਾਰੀ ਧਨ ਦੀ ਲੋੜ ਹੈ। ਇਹ ਕੰਮ ਇਕੱਲੀ ਕੇਰਲ ਸਰਕਾਰ ਦੇ ਵੱਸ ਦਾ ਨਹੀਂ।
ਇਸ ਲਈ ਸੰਕਟ ਦੀ ਇਸ ਘੜੀ ਵਿਚ ਕੇਰਲ ਦੇ ਭੈਣਾਂ-ਭਰਾਵਾਂ ਦੀ ਸਹਾਇਤਾ ਵਾਸਤੇ ਕੇਂਦਰ ਤੇ ਸੂਬਾ ਸਰਕਾਰਾਂ ਹੀ ਨਹੀਂ, ਸਗੋਂ ਪੂਰਾ ਦੇਸ਼ ਅਤੇ ਇਥੋਂ ਤਕ ਕਿ ਵਿਦੇਸ਼ਾਂ ਵਿਚ ਬੈਠੇ ਭਾਰਤੀ ਵੀ ਅੱਗੇ ਆ ਰਹੇ ਹਨ।
ਜਦੋਂ-ਜਦੋਂ ਦੇਸ਼ 'ਤੇ ਕੋਈ ਸੰਕਟ ਆਇਆ ਹੈ, 'ਪੰਜਾਬ ਕੇਸਰੀ ਪੱਤਰ ਸਮੂਹ' ਵੱਖ-ਵੱਖ ਰਾਹਤ ਫੰਡ ਸ਼ੁਰੂ ਕਰ ਕੇ ਸਹਾਇਤਾ ਲਈ ਅੱਗੇ ਆਇਆ ਹੈ ਤੇ ਹਮੇਸ਼ਾ ਵਾਂਗ ਇਸ ਵਾਰ ਵੀ 'ਪੰਜਾਬ ਕੇਸਰੀ ਪੱਤਰ ਸਮੂਹ' ਨੇ 21 ਲੱਖ ਰੁਪਏ ਦੇ ਯੋਗਦਾਨ ਨਾਲ ਕੇਰਲ ਦੇ ਹੜ੍ਹ ਪੀੜਤ ਭੈਣਾਂ-ਭਰਾਵਾਂ ਦੀ ਸਹਾਇਤਾ ਵਾਸਤੇ 'ਪ੍ਰਾਈਮ ਮਨਿਸਟਰਜ਼ ਰਿਲੀਫ ਫੰਡ (ਕੇਰਲ)' ਸ਼ੁਰੂ ਕੀਤਾ ਹੈ।
ਪਰ ਇਸ ਤੋਂ ਵੀ ਵਧ ਕੇ ਗੱਲ ਇਹ ਹੈ ਕਿ ਖ਼ੁਦ ਪੀੜਾ ਵਿਚ ਹੁੰਦੇ ਹੋਏ ਵੀ ਕੇਰਲ ਵਾਸੀ ਆਪਣੇ ਭੈਣਾਂ-ਭਰਾਵਾਂ ਦੀ ਸਹਾਇਤਾ ਵਾਸਤੇ ਅੱਗੇ ਆ ਰਹੇ ਹਨ। ਦੂਜੀ ਜਮਾਤ ਵਿਚ ਪੜ੍ਹਨ ਵਾਲੀ ਅਨੁਪ੍ਰਿਆ ਨਾਮੀ ਛੋਟੀ ਜਿਹੀ ਬੱਚੀ 4 ਸਾਲਾਂ ਤੋਂ ਆਪਣੇ ਮੰਮੀ-ਪਾਪਾ ਤੋਂ ਲੈ ਕੇ ਸਾਈਕਲ ਖਰੀਦਣ ਵਾਸਤੇ ਪੈਸੇ ਜਮ੍ਹਾ ਕਰਦੀ ਆ ਰਹੀ ਸੀ ਤੇ ਉਸ ਕੋਲ 9000 ਰੁਪਏ ਜਮ੍ਹਾ ਹੋ ਗਏ ਸਨ।
ਜਦੋਂ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਸੂਬੇ ਵਿਚ ਆਏ ਹੜ੍ਹ ਬਾਰੇ ਦੱਸਿਆ ਤਾਂ ਉਸ ਨੇ ਇਹ ਸਾਰੀ ਰਕਮ, ਜੋ 5-5 ਦੇ ਸਿੱਕਿਆਂ ਦੇ ਰੂਪ ਵਿਚ ਸੀ, ਆਪਣੇ ਪਿਤਾ ਨੂੰ ਕਹਿ ਕੇ ਰਾਹਤ ਫੰਡ ਵਿਚ ਭਿਜਵਾ ਦਿੱਤੀ।
ਇਸੇ ਤਰ੍ਹਾਂ ਮੱਛੀਆਂ ਵੇਚ ਕੇ ਪੜ੍ਹਾਈ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਹਨਾਨ ਨਾਮੀ ਇਕ ਸੰਘਰਸ਼ਸ਼ੀਲ ਮੁਟਿਆਰ ਨੇ ਆਪਣੀ ਸਵਾ ਲੱਖ ਰੁਪਏ ਦੀ ਬੱਚਤ ਰਾਹਤ ਫੰਡ ਵਿਚ ਦਾਨ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਮੇਰੀ ਲੋੜ ਨਾਲੋਂ ਮੇਰੇ ਸੂਬੇ ਦੇ ਭੈਣਾਂ-ਭਰਾਵਾਂ ਦੀ ਲੋੜ ਵੱਡੀ ਹੈ। ਇਸ ਲਈ ਮੈਂ ਇਹ ਰਕਮ ਰਾਹਤ ਫੰਡ ਵਿਚ ਦਾਨ ਕਰਨ ਦਾ ਫੈਸਲਾ ਲਿਆ।
ਇਕ ਪੱਤਰਕਾਰ, ਜਿਸ ਨੂੰ ਹੜ੍ਹ ਕਾਰਨ ਆਪਣੀ ਧੀ ਦੀ ਕੁੜਮਾਈ ਰੱਦ ਕਰਨੀ ਪਈ, ਨੇ ਕੁੜਮਾਈ ਸਮਾਗਮ ਲਈ ਰੱਖੀ ਸਾਰੀ ਰਕਮ ਰਾਹਤ ਫੰਡ ਵਿਚ ਦਾਨ ਦੇ ਦਿੱਤੀ ਅਤੇ ਲਾੜਾ ਪੱਖ ਨੇ ਵੀ ਅਜਿਹਾ ਹੀ ਕੀਤਾ।
ਜਦ ਇਹ ਲੋਕ ਦੁੱਖ ਦੀ ਇਸ ਘੜੀ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਇਸ ਲਈ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅੱਗੇ ਆ ਕੇ ਕੇਰਲ ਦੇ ਹੜ੍ਹ ਪੀੜਤ ਭੈਣਾਂ-ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਤਾਂ ਕਿ ਕੇਰਲ ਵਾਸੀਆਂ ਨੂੰ ਲੱਗੇ ਕਿ ਅਸੀਂ ਇਕ ਹਾਂ, ਸਾਡਾ ਦੇਸ਼ ਇਕ ਹੈ ਅਤੇ ਹਰ ਸੰਕਟ ਦੀ ਘੜੀ ਵਿਚ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਇਨ੍ਹਾਂ ਦੀ ਸਹਾਇਤਾ ਲਈ ਆਪਣੀ ਸਹਾਇਤਾ ਰਾਸ਼ੀ ਦਾ ਡਰਾਫਟ Prime Minister’s National Relief 6und (Kerala) payable at New 4elhi ਬਣਵਾ ਕੇ ਪੰਜਾਬ ਕੇਸਰੀ ਸਮੂਹ, ਸਿਵਲ ਲਾਈਨਜ਼, ਜਲੰਧਰ-144001 ਦੇ ਪਤੇ 'ਤੇ ਭੇਜੋ।
—ਵਿਜੇ ਕੁਮਾਰ