ਲਾਪ੍ਰਵਾਹੀ ਦੀ ਹੱਦ! ਟ੍ਰੇਨ ਖੁੰਝੀ, ਪਰਿਵਾਰ ਪ੍ਰੇਸ਼ਾਨ ਅਤੇ ਭਰਿਆ ਜੁਰਮਾਨਾ
Sunday, Jul 23, 2023 - 02:10 AM (IST)

ਕਦੀ-ਕਦੀ ਵਿਅਕਤੀ ਨੂੰ ਆਪਣੀ ਛੋਟੀ ਜਿਹੀ ਲਾਪ੍ਰਵਾਹੀ ਦੀ ਨਾ ਸਿਰਫ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ, ਸਗੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹਾ ਹੀ ਕੁਝ 15 ਜੁਲਾਈ ਨੂੰ ਸਿੰਗਰੌਲੀ ਜਾਣ ਲਈ ਭੋਪਾਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 4 ’ਤੇ ਗੱਡੀ ਦੀ ਉਡੀਕ ਕਰ ਰਹੇ ਅਬਦੁਲ ਕਾਦਿਰ, ਉਸ ਦੀ ਪਤਨੀ ਅਤੇ ਮਾਸੂਮ ਬੇਟੇ ਨਾਲ ਹੋਇਆ।
ਅਬਦੁਲ ਕਾਦਿਰ ਨੂੰ ਟਾਇਲਟ ਜਾਣ ਦੀ ਲੋੜ ਮਹਿਸੂਸ ਹੋਈ ਤਾਂ ਉਹ ਸਟੇਸ਼ਨ ’ਤੇ ਬਣੇ ਟਾਇਲਟ ’ਚ ਜਾਣ ਦੀ ਥਾਂ ਉਸੇ ਪਲੇਟਫਾਰਮ ’ਤੇ ਉੱਜੈਨ ਜਾਣ ਲਈ ਤਿਆਰ ਖੜ੍ਹੀ ‘ਵੰਦੇ ਭਾਰਤ ਟ੍ਰੇਨ’, ਜੋ ਸ਼ਾਮ 7.25 ਵਜੇ ਚੱਲਣ ਵਾਲੀ ਸੀ, ਦੇ ਟਾਇਲਟ ’ਚ ਜਾ ਵੜਿਆ।
ਉੱਥੋਂ ਉਸ ਦੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਟ੍ਰੇਨ ਚੱਲ ਪਈ ਤਾਂ ਉਹ ਝੱਟਪਟ ਉਤਰਨ ਲਈ ਗੇਟ ਵੱਲ ਲਪਕਿਆ ਪਰ ਤਦ ਤਕ ਟ੍ਰੇਨ ਦੇ ਸਾਰੇ ਦਰਵਾਜ਼ੇ ਆਪਣੇ ਆਪ ਲਾਕ ਹੋ ਚੁੱਕੇ ਸਨ। ਉਹ ਟੀ. ਟੀ. ਨੂੰ ਟ੍ਰੇਨ ਰੋਕਣ ਦੀ ਬੇਨਤੀ ਕਰਦਾ ਰਿਹਾ ਪਰ ਟ੍ਰੇਨ ਰੋਕੀ ਨਹੀਂ ਜਾ ਸਕਦੀ ਸੀ ਅਤੇ 2 ਘੰਟੇ ਅਤੇ 5 ਮਿੰਟ ਪਿੱਛੋਂ ਰਾਤ 9.30 ਵਜੇ ਉੱਜੈਨ ਜਾ ਕੇ ਰੁਕੀ।
ਬਿਨਾਂ ਟਿਕਟ ਟ੍ਰੇਨ ’ਚ ਸਵਾਰ ਹੋਣ ’ਤੇ ਟੀ. ਟੀ. ਨੇ ਉਸ ’ਤੇ 1020 ਰੁਪਏ ਜੁਰਮਾਨਾ ਲਾ ਦਿੱਤਾ। ਉਸ ਨੂੰ ਵਾਪਸ ਉੱਜੈਨ ਤੋਂ ਭੋਪਾਲ ਆਉਣ ਲਈ ਟਿਕਟ ਖਰੀਦਣ ’ਤੇ 700 ਰੁਪਏ ਖਰਚ ਕਰਨੇ ਪਏ ਅਤੇ ਸਿੰਗਰੌਲੀ ਜਾਣ ਵਾਲੀ ਟ੍ਰੇਨ ਲਈ ਬੁੱਕ ਕਰਵਾਈ ਹੋਈ ਟਿਕਟ ਦੇ 4000 ਰੁਪਏ ਵੀ ਬੇਕਾਰ ਚਲੇ ਗਏ।
ਇਸ ਤਰ੍ਹਾਂ ਕੁਲ ਮਿਲਾ ਕੇ ਉਸ ਨੂੰ ਨਾ ਸਿਰਫ 6000 ਰੁਪਏ ਦਾ ਨੁਕਸਾਨ ਹੋਇਆ ਸਗੋਂ ਭੋਪਾਲ ਰੇਲਵੇ ਸਟੇਸ਼ਨ ’ਤੇ ਉਸ ਦੀ ਪਤਨੀ ਅਤੇ ਬੇਟੇ ਨੂੰ ਜਿਸ ਪ੍ਰੇਸ਼ਾਨੀ ’ਚੋਂ ਲੰਘਣਾ ਪਿਆ, ਉਹ ਵੱਖਰਾ।
ਇਹ ਘਟਨਾ ਇਸ ਗੱਲ ਦਾ ਮੂੰਹੋਂ ਬੋਲਦਾ ਸਬੂਤ ਹੈ ਕਿ ਛੋਟੀ ਜਿਹੀ ਲਾਪ੍ਰਵਾਹੀ ਕਾਰਨ ਵਿਅਕਤੀ ਨੂੰ ਪ੍ਰੇਸ਼ਾਨੀ ਤਾਂ ਹੁੰਦੀ ਹੀ ਹੈ, ਇਸ ਤੋਂ ਇਲਾਵਾ ਜਿਹੜਾ ਆਰਥਿਕ ਨੁਕਸਾਨ ਹੁੰਦਾ ਹੈ ਉਹ ਵੱਖਰਾ। ਇਸ ਲਈ ਵਿਅਕਤੀ ਨੂੰ ਹਰ ਕੰਮ ਸੋਚ-ਸਮਝ ਕੇ ਹੀ ਕਰਨਾ ਚਾਹੀਦਾ ਹੈ। -ਵਿਜੇ ਕੁਮਾਰ