ਬੇਸਹਾਰਾ ਜਾਨਵਰਾਂ ਕਾਰਣ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ

09/14/2019 1:57:08 AM

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਬੇਸਹਾਰਾ ਜਾਨਵਰਾਂ ਦੇ ਸੜਕਾਂ ’ਤੇ ਘੁੰਮਦੇ ਰਹਿਣ ਅਤੇ ਇਨ੍ਹਾਂ ਨੂੰ ਫੜਨ ’ਚ ਪ੍ਰਸ਼ਾਸਨ ਦੇ ਨਾਕਾਮ ਰਹਿਣ ਨਾਲ ਹੋਣ ਵਾਲੇ ਹਾਦਸਿਆਂ ਵਿਚ ਵੱਡੀ ਗਿਣਤੀ ’ਚ ਲੋਕਾਂ ਦੀ ਬੇਵਕਤੀ ਮੌਤ ਹੋ ਰਹੀ ਹੈ। ਇਹ ਕਿਸਾਨਾਂ ਦੀਆਂ ਫਸਲਾਂ ਅਤੇ ਹੋਰ ਜਨਤਕ ਜਾਇਦਾਦ ਨੂੰ ਜੋ ਨੁਕਸਾਨ ਪਹੁੰਚਾਉਂਦੇ ਹਨ, ਉਹ ਵੱਖਰਾ ਹੈ।

* 01 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਦਮੋਹ ਦੇ ਨਰਸਿੰਘਗੜ੍ਹ ਪਿੰਡ ’ਚ ਇਕ ਪਸ਼ੂ ਨਾਲ ਟਕਰਾਉਣ ’ਤੇ ਇਕ ਮੋਟਰਸਾਈਕਲ ਸਵਾਰ ਆਪਣੀ ਜਾਨ ਤੋਂ ਹੱਥ ਧੋ ਬੈਠਾ।

* 08 ਸਤੰਬਰ ਨੂੰ ਰਾਜਸਥਾਨ ’ਚ ਸੋਜਤ ਨੇੜੇ ਅਚਾਨਕ ਅੱਗੇ ਆਏ ਬੇਸਹਾਰਾ ਪਸ਼ੂ ਨਾਲ ਟਕਰਾ ਕੇ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ।

* 08 ਸਤੰਬਰ ਦੀ ਰਾਤ ਨੂੰ ਸੰਗਰੂਰ ’ਚ ਮਾਨਸਾ ਦੇ ਪਵਨ ਕੁਮਾਰ ਅਤੇ ਚੀਮਾ ਮੰਡੀ ਦੇ ਜਗਦੀਸ਼ ਕੁਮਾਰ ਦੀ ਕਾਰ ਦੀ ਬੇਸਹਾਰਾ ਜਾਨਵਰਾਂ ਨਾਲ ਸਿੱਧੀ ਟੱਕਰ ਹੋ ਜਾਣ ਕਰਕੇ ਮੌਤ ਹੋ ਗਈ, ਜਦਕਿ ਇਕ ਹੋਰ ਹਾਦਸੇ ’ਚ 3 ਵਿਅਕਤੀ ਜ਼ਖ਼ਮੀ ਹੋ ਗਏ। ਇਕ ਪੰਦਰਵਾੜਾ ਪਹਿਲਾਂ ਵੀ ਮਾਨਸਾ ਨੇੜੇ ਆਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਬੀੜ ਖੁਰਦ ਦੇ ਨਵਨੀਤ ਸਿੰਘ ਅਤੇ ਖਹਿਰਾ ਖੁਰਦ ਪਿੰਡ ਦੇ ਧਰਮਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।

* 10 ਸਤੰਬਰ ਦੀ ਰਾਤ ਨੂੰ ਜੀਂਦ ਦੇ ਹਸਨਪੁਰ ਪਿੰਡ ’ਚ ਆਵਾਰਾ ਜਾਨਵਰ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਜੀਵਨ ਲੀਲਾ ਖਤਮ ਹੋ ਗਈ।

* 10 ਸਤੰਬਰ ਦੀ ਰਾਤ ਨੂੰ ਹੀ ਛੱਤੀਸਗੜ੍ਹ ਦੇ ਦੁਰਗ ’ਚ ਸੜਕ ’ਤੇ ਇਕ ਬੇਸਹਾਰਾ ਜਾਨਵਰ ਨਾਲ ਟੱਕਰ ਹੋਣ ’ਤੇ ਇਕ ਸਾਈਕਲ ਸਵਾਰ ਮਾਰਿਆ ਗਿਆ।

ਪੰਜਾਬ, ਹਰਿਆਣਾ, ਦਿੱਲੀ, ਯੂ. ਪੀ., ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਆਦਿ ਸੂਬਿਆਂ ’ਚ ਬੇਸਹਾਰਾ ਜਾਨਵਰਾਂ ਵਲੋਂ ਮਚਾਏ ਜਾ ਰਹੇ ਹੁੜਦੰਗ ਕਾਰਣ ਸਥਾਨਕ ਸਰਕਾਰਾਂ ਵਿਰੁੱਧ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਜਿਨ੍ਹਾਂ ਦੇ ਅਧਿਕਾਰੀ ਲੋਕਾਂ ਵਲੋਂ ਵਾਰ-ਵਾਰ ਅਪੀਲ ਕਰਨ ’ਤੇ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ।

ਬੇਸਹਾਰਾ ਜਾਨਵਰਾਂ ਦੇ ਹੁੜਦੰਗ ਤੋਂ ਦੁਖੀ ਮਾਨਸਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਦੇ ਇਲਾਕੇ ਵਿਚ ਬੇਸਹਾਰਾ ਜਾਨਵਰਾਂ ਨੇ ਕਈ ਅਨਮੋਲ ਜਾਨਾਂ ਲੈ ਲਈਆਂ ਹਨ ਅਤੇ ਹੁਣ ਉਹ ਹੋਰ ਮੌਤਾਂ ਬਰਦਾਸ਼ਤ ਨਹੀਂ ਕਰ ਸਕਦੇ।

ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਦਿਵਾਉਣ ਲਈ ਮਾਨਸਾ ਜ਼ਿਲੇ ਵਿਚ ਵੱਖ-ਵੱਖ ਜਗ੍ਹਾ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਬੋਹਾ, ਝੁਨੀਰ ਆਦਿ ਵਿਚ 13 ਸਤੰਬਰ ਨੂੰ ਮੁਕੰਮਲ ਬੰਦ ਰੱਖਿਆ ਗਿਆ। ਮਾਨਸਾ ਸ਼ਹਿਰ ਵਿਚ ਵੱਡੀ ਗਿਣਤੀ ’ਚ ਲੋਕਾਂ ਨੇ ਜ਼ਿਲਾ ਕਚਹਿਰੀ ਵਿਚ ਧਰਨਾ ਦਿੱਤਾ।

ਬੇਸਹਾਰਾ ਜਾਨਵਰਾਂ ਦੇ ਹੁੜਦੰਗ ਕਾਰਣ ਜਦੋਂ ਲੋਕ ‘ਬੰਦ’ ਵਰਗਾ ਵੱਡਾ ਕਦਮ ਚੁੱਕਣ ਲਈ ਮਜਬੂਰ ਹੋ ਜਾਣ ਤਾਂ ਸਮਝਿਆ ਜਾ ਸਕਦਾ ਹੈ ਕਿ ਇਹ ਸਮੱਸਿਆ ਕਿੰਨੀ ਗੰਭੀਰ ਹੋ ਚੁੱਕੀ ਹੈ, ਜੋ ਕਿਸੇ ਇਕ ਜਗ੍ਹਾ ਦੀ ਨਹੀਂ, ਭਾਰਤ ਦੇ ਇਕ ਵੱਡੇ ਹਿੱਸੇ ਦੀ ਹੈ, ਜਿਸ ਦਾ ਸਖਤ ਅਤੇ ਫੈਸਲਾਕੁੰਨ ਕਦਮ ਚੁੱਕ ਕੇ ਹੀ ਹੱਲ ਸੰਭਵ ਹੈ।

–ਵਿਜੇ ਕੁਮਾਰ


Bharat Thapa

Content Editor

Related News