ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ

07/15/2017 3:15:36 AM

ਪਿਛਲੇ ਦਿਨੀਂ ਫਰਾਂਸ ਅਤੇ ਬ੍ਰਾਜ਼ੀਲ ਦੇ 2 ਹਾਈ-ਪ੍ਰੋਫਾਈਲ ਭ੍ਰਿਸ਼ਟਾਚਾਰ ਦੇ ਮਾਮਲੇ ਬਹੁਤ ਚਰਚਾ ਵਿਚ ਰਹੇ ਕਿਉਂਕਿ ਇਨ੍ਹਾਂ ਦੋਹਾਂ ਹੀ ਮਾਮਲਿਆਂ ਵਿਚ ਇਨ੍ਹਾਂ ਦੇਸ਼ਾਂ ਦੇ ਸਾਬਕਾ ਰਾਸ਼ਟਰਪਤੀ ਸ਼ਾਮਿਲ ਹਨ। ਪਹਿਲੇ ਮਾਮਲੇ ਵਿਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 12 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ। 16 ਮਈ 2007 ਤੋਂ 15 ਮਈ 2012 ਤਕ ਫਰਾਂਸ ਦੇ 23ਵੇਂ ਰਾਸ਼ਟਰਪਤੀ ਰਹੇ ਸਰਕੋਜ਼ੀ 'ਤੇ ਹੋਰਨਾਂ ਦੋਸ਼ਾਂ ਤੋਂ ਇਲਾਵਾ ਪਾਕਿਸਤਾਨ ਨੂੰ ਪਣਡੁੱਬੀਆਂ ਵੇਚਣ ਦੇ ਸੌਦੇ ਵਿਚ ਰਿਸ਼ਵਤ ਲੈਣ ਅਤੇ ਉਹ ਰਕਮ ਆਪਣੀ ਚੋਣ ਮੁਹਿੰਮ 'ਤੇ ਖਰਚ ਕਰਨ ਦਾ ਦੋਸ਼ ਹੈ। 
ਇਸ ਤੋਂ ਪਹਿਲਾਂ 11 ਜੁਲਾਈ ਨੂੰ ਨਿਕੋਲਸ ਸਰਕੋਜ਼ੀ ਨੂੰ ਬੁਲਾ ਕੇ 15 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ ਕਿ ਕੀ ਉਨ੍ਹਾਂ ਨੇ 2007 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਬੇਨਿਯਮੀਆਂ ਸੰਬੰਧੀ ਇਕ ਮਾਮਲੇ ਦੀ ਜਾਂਚ ਨਾਲ ਜੁੜੀ ਜਾਣਕਾਰੀ ਹਾਸਿਲ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਸੀ?
ਨਿਕੋਲਸ ਸਰਕੋਜ਼ੀ 'ਤੇ ਇਹ ਵੀ ਦੋਸ਼ ਹੈ ਕਿ 2007 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਚੋਣ ਮੁਹਿੰਮ ਲਈ ਲੀਬੀਆ ਦੇ ਸਾਬਕਾ ਸ਼ਾਸਕ ਮੁਅੱਮਰ ਗੱਦਾਫੀ ਵਲੋਂ 7 ਕਰੋੜ ਡਾਲਰ ਦੀ ਆਰਥਿਕ ਸਹਾਇਤਾ ਦਿੱਤੀ ਗਈ।
ਇਸੇ ਤਰ੍ਹਾਂ ਦੇ ਦੂਜੇ ਮਾਮਲੇ ਵਿਚ 13 ਜੁਲਾਈ ਨੂੰ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੂਲਾ ਡੀ'ਸਿਲਵਾ ਨੂੰ ਸਰਕਾਰੀ ਤੇਲ ਕੰਪਨੀ 'ਪੈਟਰੋਬ੍ਰਾਸ' ਵਿਚ ਭਾਰੀ ਗਬਨ, ਭ੍ਰਿਸ਼ਟਾਚਾਰ ਅਤੇ ਮਨੀਲਾਂਡਰਿੰਗ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ 'ਤੇ 10 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਗਈ। ਉਨ੍ਹਾਂ 'ਤੇ ਲੱਗਭਗ 9,00,000 ਪੌਂਡ ਰਿਸ਼ਵਤ ਲੈਣ ਦਾ ਦੋਸ਼ ਹੈ। 
ਉਨ੍ਹਾਂ ਨੂੰ ਸਾਓ ਪਾਓਲੋ ਵਿਚ ਇਕ ਅਪਾਰਟਮੈਂਟ ਖਰੀਦਣ ਤੇ ਉਸ ਵਿਚ ਫੇਰਬਦਲ ਕਰਨ ਅਤੇ ਜਾਇਦਾਦਾਂ ਦੇ ਐਲਾਨ 'ਚ ਬੇਨਿਯਮੀ ਦਾ ਵੀ ਦੋਸ਼ੀ ਪਾਇਆ ਗਿਆ। ਅਜੇ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ 4 ਹੋਰ ਮਾਮਲਿਆਂ 'ਚ ਵੀ ਜਾਂਚ ਚੱਲ ਰਹੀ ਹੈ। 
2003 ਤੋਂ 2010 ਤਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹੇ ਖੱਬੇਪੱਖੀ ਨੇਤਾ ਲੂਲਾ ਡੀ'ਸਿਲਵਾ ਵਲੋਂ ਆਪਣੇ ਕਾਰਜਕਾਲ ਦੌਰਾਨ ਸਮਾਜਿਕ ਤੇ ਆਰਥਿਕ ਨਾਬਰਾਬਰੀ ਖਤਮ ਕਰਨ ਲਈ ਕੀਤੇ ਗਏ ਸੁਧਾਰਾਂ ਕਾਰਨ ਪੂਰੀ ਦੁਨੀਆ ਨੇ ਉਨ੍ਹਾਂ ਦੀ ਤਾਰੀਫ ਕੀਤੀ ਸੀ ਤੇ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਧਰਤੀ 'ਤੇ ਸਭ ਤੋਂ ਵੱਧ ਹਰਮਨਪਿਆਰਾ ਨੇਤਾ ਦੱਸਿਆ ਸੀ। 
ਲੂਲਾ ਨੂੰ ਅਗਲੇ ਸਾਲ ਹੋਣ ਜਾ ਰਹੀਆਂ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ 'ਚ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਜਿੱਤਣ ਦੀ ਪੂਰੀ ਸੰਭਾਵਨਾ ਕਾਰਨ ਉਨ੍ਹਾਂ ਵਿਰੁੱਧ ਇਸ ਹਾਈ-ਪ੍ਰੋਫਾਈਲ ਭ੍ਰਿਸ਼ਟਾਚਾਰ ਦੇ ਮਾਮਲੇ ਨੇ 3 ਵਰ੍ਹਿਆਂ ਤੋਂ ਬ੍ਰਾਜ਼ੀਲ ਵਿਚ ਤਰਥੱਲੀ ਮਚਾਈ ਹੋਈ ਸੀ। ਹੁਣ ਉਨ੍ਹਾਂ ਨੂੰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਵਾਪਸੀ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ ਤੇ ਬ੍ਰਾਜ਼ੀਲ 'ਚ ਲੋਕ ਜਸ਼ਨ ਮਨਾ ਰਹੇ ਹਨ। 
ਫਰਾਂਸ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਦੀਆਂ ਅਦਾਲਤਾਂ ਵਲੋਂ ਉਥੋਂ ਦੇ ਚੋਟੀ ਦੇ ਨੇਤਾਵਾਂ ਨਿਕੋਲਸ ਸਰਕੋਜ਼ੀ ਤੇ ਲੂਲਾ ਡੀ'ਸਿਲਵਾ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਫੈਸਲਾ ਭਾਰਤ 'ਚ ਅਦਾਲਤਾਂ ਦੀ ਕਾਰਜ ਪ੍ਰਣਾਲੀ ਨਾਲੋਂ ਕੁਝ ਬਿਹਤਰ ਹੈ। 
ਤਾਜ਼ਾ ਮਿਸਾਲ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਯਾਦਵ ਦੀ ਹੈ, ਜਿਨ੍ਹਾਂ ਦੀ 950 ਕਰੋੜ ਰੁਪਏ ਦੇ ਚਾਰਾ ਘਪਲੇ ਵਿਚ ਸ਼ਮੂਲੀਅਤ ਦਾ ਮਾਮਲਾ 1997 'ਚ ਸਾਹਮਣੇ ਆਇਆ ਸੀ, ਜਦੋਂ ਉਹ ਬਿਹਾਰ ਦੇ ਮੁੱਖ ਮੰਤਰੀ ਸਨ ਤੇ 20 ਸਾਲਾਂ ਬਾਅਦ ਵੀ ਅਜੇ ਤਕ ਇਹ ਮਾਮਲਾ ਖਤਮ ਨਹੀਂ ਹੋਇਆ ਹੈ। 
ਇਹ ਵੀ ਇਕ ਤ੍ਰਾਸਦੀ ਹੀ ਹੈ ਕਿ ਇਸ ਘਪਲੇ 'ਚ ਲਾਲੂ ਯਾਦਵ, ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਅਤੇ 31 ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਵਿਚ ਹੀ ਸੀ. ਬੀ. ਆਈ. ਨੂੰ 16 ਸਾਲ ਲੱਗ ਗਏ।
ਇਸ ਲਈ ਜਿਸ ਤਰ੍ਹਾਂ ਫਰਾਂਸ ਅਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀਆਂ ਵਿਰੁੱਧ ਉਥੋਂ ਦੀਆਂ ਅਦਾਲਤਾਂ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਨਿਪਟਾਏ ਹਨ, ਜੇ ਉਸੇ ਤਰ੍ਹਾਂ ਭਾਰਤ ਵਿਚ ਵੀ ਅਜਿਹੇ ਮਾਮਲੇ ਨਿਪਟਾਏ ਜਾਣ ਲੱਗ ਪੈਣ ਤਾਂ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਹੋਰ ਅਪਰਾਧਾਂ 'ਚ ਕਾਫੀ ਹੱਦ ਤਕ ਕਮੀ ਆ ਸਕਦੀ ਹੈ।          
—ਵਿਜੇ ਕੁਮਾਰ


Vijay Kumar Chopra

Chief Editor

Related News