ਕਾਂਗਰਸ ਅਤੇ ਭਾਜਪਾ ਦੇ ਨਾਲ-ਨਾਲ ਖੇਤਰੀ ਪਾਰਟੀਆਂ ਵੀ ਅੰਦਰੂਨੀ ਕਲੇਸ਼ ਦੀਆਂ ਸ਼ਿਕਾਰ

06/15/2021 3:51:36 AM

ਦੇਸ਼ ਦੀਆਂ ਦੋਵੇਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਵਾਂਗ ਹੀ ਕੁਝ ਖੇਤਰੀ ਪਾਰਟੀਆਂ ’ਚ ਵੀ ਆਪਸੀ ਲੜਾਈ-ਝਗੜਾ ਅਤੇ ਬਗਾਵਤ ਦਾ ਸਿਲਸਿਲਾ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਹੈ।

ਹਰਿਆਣਾ ’ਚ ‘ਇਨੈਲੋ’ ਨੇਤਾ ਚੌ. ਦੇਵੀ ਲਾਲ ਦੇ ਸਮੇਂ ’ਚ ਉਨ੍ਹਾਂ ਦੇ ਪੁੱਤਰਾਂ ’ਚ ਟਕਰਾਅ ਸਿਖਰ ’ਤੇ ਰਿਹਾ ਅਤੇ ਉਨ੍ਹਾਂ ਦੇ ਬਾਅਦ ਓਮ ਪ੍ਰਕਾਸ਼ ਚੌਟਾਲਾ ਦੇ ਦੋਵੇਂ ਪੁੱਤਰਾਂ ਅਜੇ ਸਿੰਘ ਚੌਟਾਲਾ ਅਤੇ ਅਭੇ ਸਿੰਘ ਚੌਟਾਲਾ ’ਚ ਸਿਆਸੀ ਇੱਛਾਵਾਂ ਦੇ ਕਾਰਨ ‘ਇਨੈਲੋ’ ਖਿਲਰ ਗਈ ਅਤੇ ‘ਇਨੈਲੋ’ ਨਾਲੋਂ ਟੁੱਟ ਕੇ ਦੁਸ਼ਯੰਤ ਚੌਟਾਲਾ ਦੀ ਅਗਵਾਈ ’ਚ ‘ਜਜਪਾ’ ਦਾ ਜਨਮ ਹੋਇਆ, ਜੋ ਇਸ ਸਮੇਂ ਹਰਿਆਣਾ ਦੀ ਭਾਜਪਾ ਸਰਕਾਰ ’ਚ ਭਾਈਵਾਲ ਹੈ।

ਪੰਜਾਬ ’ਚ ‘ਸ਼੍ਰੋ.ਅ.ਦ.’ ਵਿਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਬੀਤੀ 17 ਮਈ ਨੂੰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮਿਲ ਕੇ ‘ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)’ ਦਾ ਰਲੇਵਾਂ ਕਰ ਕੇ ‘ਅਕਾਲੀ ਦਲ (ਸੰਯੁਕਤ)’ ਦਾ ਗਠਨ ਕੀਤਾ ਹੈ, ਜੋ ਅਗਲੇ ਸਾਲ ਚੋਣਾਂ ’ਚ ‘ਸ਼੍ਰੋ.ਅ.ਦ’ ਦੇ ਵਿਰੋਧ ’ਚ ਉਤਰੇਗਾ।

ਤੇਲੰਗਾਨਾ ’ਚ ਮੁੱਖ ਮੰਤਰੀ ਕੇ. ਸੀ. ਆਰ. ਰਾਓ ਅਤੇ ਉਨ੍ਹਾਂ ਦੀ ਪਾਰਟੀ ‘ਟੀ.ਆਰ.ਐੱਸ.’ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਪਿਛਲੇ ਮਹੀਨੇ ਈ. ਰਾਜੇਂਦਰ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਕੁਝ ਦਿਨ ਬਾਅਦ ਉਹ ਪਾਰਟੀ ਦੀ ਮੈਂਬਰੀ ਅਤੇ ਫਿਰ 12 ਜੂਨ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਕਈ ਸਾਥੀਆਂ ਦੇ ਨਾਲ 14 ਜੂਨ ਨੂੰ ਭਾਜਪਾ ’ਚ ਸ਼ਾਮਲ ਹੋ ਗਏ।

ਈ. ਰਾਜੇਂਦਰ ਸੂਬੇ ਦੇ ‘ਇਟੇਲਾ ਮੁਨੂਰ ਕਾਪੂ’ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਜਿਸ ਦਾ ਸੂਬੇ ਦੀਆਂ 119 ’ਚੋਂ 60 ਸੀਟਾਂ ’ਤੇ ਪ੍ਰਭਾਵ ਹੈ। ਰਾਓ ਵਲੋਂ ਈ. ਰਾਜੇਂਦਰ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਦੇ ਵਿਰੁੱਧ ਕਈ ਨੇਤਾ ਬਗਾਵਤ ਦਾ ਝੰਡਾ ਚੁੱਕਣ ਦੀ ਤਿਆਰੀ ’ਚ ਹਨ।

13 ਜੂਨ ਨੂੰ ਬਿਹਾਰ ’ਚ ‘ਲੋਕ ਜਨਸ਼ਕਤੀ ਪਾਰਟੀ’ (ਲੋਜਪਾ) ’ਚ ਅੰਦਰੂਨੀ ਕਲੇਸ਼ ਅਤੇ ਟੁੱਟ-ਭੱਜ ਸਾਹਮਣੇ ਆਈ। ਪਾਰਟੀ ਦੇ 6 ’ਚੋਂ 5 ਸੰਸਦ ਮੈਂਬਰਾਂ ਪਸ਼ੂਪਤੀ ਕੁਮਾਰ ਪਾਰਸ (ਚਿਰਾਗ ਪਾਸਵਾਨ ਦੇ ਚਾਚਾ), ਚੌ. ਮਹਿਬੂਬ ਅਲੀ ਕੈਸਰ, ਵੀਣਾ ਸਿੰਘ, ਚੰਦਨ ਸਿੰਘ ਅਤੇ ਪ੍ਰਿੰਸ ਰਾਜ ਨੇ ‘ਲੋਜਪਾ’ ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਕੇ ਪਸ਼ੂਪਤੀ ਪਾਰਸ ਨੂੰ ਆਪਣਾ ਨੇਤਾ ਚੁਣ ਲਿਆ।

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਲਿਖੇ ਇਸ ਸੰਬੰਧੀ ਪੱਤਰ ’ਚ ਇਨ੍ਹਾਂ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਵੱਖਰੇ ਸਮੂਹ ਦੇ ਰੂਪ ’ਚ ਮਾਨਤਾ ਦੇਣ ਅਤੇ ਪਸ਼ੂਪਤੀ ਕੁਮਾਰ ਪਾਰਸ ਨੂੰ ਸਦਨ ’ਚ ਚਿਰਾਗ ਪਾਸਵਾਨ ਦੀ ਥਾਂ ’ਤੇ ਲੋਜਪਾ ਦਾ ਨੇਤਾ ਚੁਣਨ ਦੀ ਮੰਗ ਕੀਤੀ ਹੈ।

ਇਸ ਘਟਨਾਕ੍ਰਮ ਨਾਲ ਲੋਜਪਾ ’ਚ ਵੱਡੇ ਘਮਾਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹੁਣ ਪਾਰਟੀ ’ਚ ਚਿਰਾਗ ਪਾਸਵਾਨ ਅਲੱਗ-ਥਲੱਗ ਪੈ ਗਏ ਹਨ। ਪਾਰਸ ਦੇ ਰਿਸ਼ਤੇ ਦੇ ਭਰਾ ਪ੍ਰਿੰਸ ਵੀ ਉਨ੍ਹਾਂ ਨਾਲੋਂ ਵੱਖ ਹੋ ਗਏ ਹਨ।

14 ਜੂਨ ਨੂੰ ਚਿਰਾਗ ਪਾਸਵਾਨ ਸਵੇਰੇ ਆਪਣੇ ਚਾਚਾ ਪਸ਼ੂਪਤੀ ਪਾਰਸ ਅਤੇ ਪ੍ਰਿੰਸ ਪਾਰਸ ਦੀ ਦਿੱਲੀ ਸਥਿਤ ਸੰਯੁਕਤ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲਣ ਪਹੁੰਚੇ ਤਾਂ ਕਾਫੀ ਦੇਰ ਉਡੀਕ ਤੋਂ ਬਾਅਦ ਉਨ੍ਹਾਂ ਲਈ ਗੇਟ ਖੋਲ੍ਹਿਆ ਗਿਆ ਅਤੇ ਕਾਰ ਦੇ ਕੋਠੀ ’ਚ ਦਾਖਲ ਹੋਣ ਤੋਂ ਬਾਅਦ ਵੀ ਚਿਰਾਗ ਉਸੇ ’ਚ ਬੈਠੇ ਰਹੇ। ਪੌਣੇ 2 ਘੰਟੇ ਉਡੀਕ ਕਰਨ ਤੋਂ ਬਾਅਦ ਵੀ ਪਸ਼ੂਪਤੀ ਪਾਰਸ ਅਤੇ ਪ੍ਰਿੰਸ ’ਚੋਂ ਕਿਸੇ ਨੇ ਵੀ ਚਿਰਾਗ ਨਾਲ ਮੁਲਾਕਾਤ ਨਹੀਂ ਕੀਤੀ।

ਜਿਥੇ ਚਿਰਾਗ ਦਾ ਸੈਂਟੀਮੈਂਟਲ ਕਾਰਡ ਅਸਫਲ ਰਿਹਾ ਉਥੇ ਉਨ੍ਹਾਂ ਦੇ ਆਉਣ ਤੋਂ ਕੁਝ ਹੀ ਪਹਿਲਾਂ ਪਾਰਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਫੈਸਲਿਆਂ ਨੂੰ ਪਾਰਟੀ ਦੇ ਹਿਤ ’ਚ ਦੱਸਦੇ ਹੋਏ ਚਿਰਾਗ ਨੂੰ ਕਿਤੇ ਨਾ ਜਾਣ ਤੇ ਪਾਰਟੀ ’ਚ ਬਣੇ ਰਹਿਣ ਦੀ ‘ਅਪੀਲ’ ਕੀਤੀ।

ਇਸ ਦੇ ਨਾਲ ਹੀ ਪਾਰਸ ਨੇ ਨਿਤੀਸ਼ ਕੁਮਾਰ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਇਕ ਚੰਗਾ ਨੇਤਾ ਦੱਸਿਆ ਅਤੇ ਰਾਜਗ ਦੇ ਨਾਲ ਗਠਜੋੜ ਦੀ ਵਕਾਲਤ ਵੀ ਕੀਤੀ।

ਇਥੇ ਹੀ ਬਸ ਨਹੀਂ, ਤਮਿਲਨਾਡੂ ਦੀ ਅੰਨਾਦ੍ਰਮੁਕ ’ਚ ਵੀ ਅਸਹਿਮਤੀ ਦੀਆਂ ਚੰਗਿਆੜੀਆਂ ਫੁੱਟਣ ਲੱਗੀਆਂ ਹਨ ਅਤੇ ਪਾਰਟੀ ਲੀਡਰਸ਼ਿਪ ਨੇ ਅੰਨਾਦ੍ਰਮੁਕ ਤੋਂ ਕੱਢੀ ਸ਼ਸ਼ੀਕਲਾ ਨਾਲ ਸੰਪਰਕ ਰੱਖਣ ਅਤੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ 16 ਵਰਕਰਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ ਅਤੇ ਕਿਹਾ ਕਿ ਪਾਰਟੀ ’ਤੇ ਕਬਜ਼ਾ ਕਰਨ ਦੀਆਂ ਸ਼ਸ਼ੀਕਲਾ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਮੁੱਖ ਪਾਰਟੀਆਂ ’ਤੇ ਦਬਾਅ ਬਣਾ ਕੇ ਆਪਣੇ ਦੇਸ਼ ਅਤੇ ਸੂਬੇ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਖੇਤਰੀ ਪਾਰਟੀਆਂ ਦੇ ਆਪਸੀ ਕਲੇਸ਼ ਕਾਰਨ ਕਮਜ਼ੋਰ ਹੋਣਾ ਕਿਸੇ ਵੀ ਨਜ਼ਰੀਏ ਤੋਂ ਉਨ੍ਹਾਂ ਦੇ ਹਿੱਤ ’ਚ ਨਹੀਂ। ਜੇਕਰ ਆਪਸੀ ਕਲੇਸ਼ ਅਤੇ ਫੁੱਟ ਦੇ ਕਾਰਨ ਖੇਤਰੀ ਪਾਰਟੀਆਂ ਕਮਜ਼ੋਰ ਹੋਣਗੀਆਂ ਤਾਂ ਇਕ ਪਾਰਟੀ ਦੇ ਰੂਪ ’ਚ ਇਨ੍ਹਾਂ ਦੀ ਪ੍ਰਾਸੰਗਿਕਤਾ ਹੀ ਖਤਮ ਹੋ ਜਾਵੇਗੀ।

ਖੇਤਰੀ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀਆਂ ਨਿੱਜੀ ਇੱਛਾਵਾਂ ਅਤੇ ਸਵਾਰਥਾਂ ਤੋਂ ਉਠ ਕੇ ਇਕ ਸੰਗਠਨ ਦੇ ਰੂਪ ’ਚ ਇਕਜੁੱਟ ਹੋ ਕੇ ਖੁਦ ਨੂੰ ਪੇਸ਼ ਕਰਨਾ ਚਾਹੀਦਾ ਹੈ ਤਾਂਕਿ ਉਹ ਮਜ਼ਬੂਤੀ ਦੇ ਨਾਲ ਸੂਬੇ ਦੇ ਹਿੱਤਾਂ ਦੀ ਰੱਖਿਆ ਕਰ ਸਕਣ।

–ਵਿਜੇ ਕੁਮਾਰ


Bharat Thapa

Content Editor

Related News