‘ਨੌਕਰੀਪੇਸ਼ਾ ਔਰਤਾਂ’ ‘ਦੇ ਵਿਰੁੱਧ ਹਿੰਸਕ ਹੋਇਆ ਤਾਲਿਬਾਨ’

11/12/2020 3:42:08 AM

ਇਸੇ ਸਾਲ ਅਮਰੀਕਾ ਨੇ ਅਫਗਾਨਿਸਤਾਨ ’ਚੋਂ ਆਪਣੇ ਫੌਜੀ ਵਾਪਸ ਸੱਦਣ ਲਈ ਤਾਲਿਬਾਨ ਨਾਲ ਇਕ ਮਹੱਤਵਪੂਰਨ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਹੈ। ਸਾਰੇ ਚਾਹੁੰਦੇ ਹਨ ਕਿ ਦਹਾਕਿਆਂ ਤੋਂ ਖੂਨੀ ਸੰਘਰਸ਼ ’ਚ ਫਸੇ ਇਸ ਦੇਸ਼ ’ਚ ਸ਼ਾਂਤੀ ਆ ਸਕੇ ਪਰ ਇਸ ਕਦਮ ਤੋਂ ਬਾਅਦ ਉੱਥੋਂ ਦੀ ਸੱਤਾ ’ਚ ਤਾਲਿਬਾਨ ਦੀ ਪਕੜ ਮਜ਼ਬੂਤ ਹੋਣ ਨਾਲ ਜੇਕਰ ਕਿਸੇ ਦੇ ਮਨ ’ਚ ਸਭ ਤੋਂ ਵੱਧ ਡਰ ਪੈਦਾ ਹੋਇਆ ਹੈ ਤਾਂ ਉਹ ਹਨ ਔਰਤਾਂ।

ਅਫਗਾਨਿਸਤਾਨ ਦੀ ਕੁੱਲ 2 ਕਰੋੜ 60 ਲੱਖ ਆਬਾਦੀ ’ਚੋਂ 1 ਕਰੋੜ 42 ਲੱਖ ਔਰਤਾਂ ਹਨ। ਸਾਰੇ ਜਾਣਦੇ ਹਨ ਕਿ ਜਦੋਂ ਤਾਲਿਬਾਨ ਸੱਤਾ ’ਚ ਸੀ ਤਾਂ ਔਰਤਾਂ ਦੀ ਹਾਲਤ ਕਿੰਨੀ ਤਰਸਯੋਗ ਰਹੀ। ਉੱਥੇ ਔਰਤਾਂ ਦੇ ਬਿਨਾਂ ਬੁਰਕੇ ਘਰ ਵਿਚੋਂ ਬਾਹਰ ਨਿਕਲਣ ਤੱਕ ’ਤੇ ਪਾਬੰਦੀ ਲਾ ਦਿੱਤੀ ਗਈ। ਕੋਈ ਅੌਰਤ ਇਕੱਲੀ ਬਾਹਰ ਨਹੀਂ ਜਾ ਸਕਦੀ ਸੀ, ਉਸ ਦੇ ਨਾਲ ਮਰਦ ਦਾ ਹੋਣਾ ਜ਼ਰੂਰੀ ਸੀ।

ਅਫਗਾਨਿਸਤਾਨ ’ਚ ਸ਼ਰੀਅਾ ਕਾਨੂੰਨ ਲਾਗੂ ਕਰਨ ਦੇ ਸਮਰਥਕ ਤਾਲਿਬਾਨ ਦੀ ਸੋਚ ਔਰਤਾਂ ਨੂੰ ਸਿਰਫ ਘਰ ’ਚ ਬੰਦ ਰੱਖਣ ਦੀ ਹੈ ਪਰ ਉਹ ਮਰਦਾਂ ਨੂੰ ਸਾਰੇ ਅਧਿਕਾਰ ਦਿੰਦੇ ਹਨ। ਉੱਥੇ ਇਕ ਔਰਤ ’ਤੇ ਹਾਲ ਹੀ ਵਿਚ ਹੋਇਆ ਹਮਲਾ ਇਸ ਦਾ ਇਕ ਹੋਰ ਸਬੂਤ ਹੈ ਕਿ ਉੱਥੇ ਔਰਤਾਂ ਦਾ ਘਰਾਂ ’ਚੋਂ ਬਾਹਰ ਕਦਮ ਕੱਢਣਾ ਅਤੇ ਸਵੈ-ਨਿਰਭਰ ਬਣਨ ਦੀ ਕੋਸ਼ਿਸ਼ ਕਰਨਾ ਰੂੜੀਵਾਦੀਆਂ ਨੂੰ ਕਿੰਨਾ ਚੁੱਭਦਾ ਹੈ।

ਗਜ਼ਨੀ ਸੂਬੇ ’ਚ ਬੰਦੂਕਧਾਰੀਆਂ ਨੇ ਅਫਗਾਨ ਪੁਲਸ ’ਚ ਨੌਕਰੀ ਪਾਉਣ ਵਾਲੀ 33 ਸਾਲਾ ‘ਖਤੇਰਾ’ ’ਤੇ ਗੋਲੀਆਂ ਦਾਗੀਆਂ ਅਤੇ ਉਸ ਦੀਆਂ ਅੱਖਾਂ ’ਚ ਚਾਕੂ ਮਾਰ ਦਿੱਤਾ। ਇਸ ਹਮਲੇ ਨੇ ਨਾ ਸਿਰਫ ‘ਖਤੇਰਾ’ ਦੀ ਨੇਤਰਜੋਤੀ ਖੋਹ ਲਈ, ਸਗੋਂ ਸੁਤੰਤਰ ਕਰੀਅਰ ਬਣਾਉਣ ਦੇ ਉਸ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਹੀ ਉਹ ਗਜ਼ਨੀ ਪੁਲਸ ਦੀ ਅਪਰਾਧ ਸ਼ਾਖਾ ’ਚ ਇਕ ਅਧਿਕਾਰੀ ਦੇ ਰੂਪ ’ਚ ਭਰਤੀ ਹੋਈ ਸੀ।

ਬਚਪਨ ਤੋਂ ਹੀ ਉਸ ਦਾ ਸੁਪਨਾ ਘਰ ਵਿਚੋਂ ਬਾਹਰ ਨਿਕਲ ਕੇ ਕੰਮ ਕਰਨਾ ਸੀ ਅਤੇ ਸਾਲਾਂ ਤੱਕ ਆਪਣੇ ਪਿਤਾ ਨੂੰ ਇਸ ਲਈ ਸਮਝਾਉਣ ਅਤੇ ਮਨਾਉਣ ’ਚ ਅਸਫਲ ਰਹਿਣ ਤੋਂ ਬਾਅਦ ਅਖੀਰ ਉਸ ਨੂੰ ਉਸ ਦੇ ਪਤੀ ਤੋਂ ਸਮਰਥਨ ਮਿਲਿਆ ਸੀ।

ਹਾਲਾਂਕਿ, ਉਸ ਦਾ ਹੌਸਲਾ ਟੁੱਟਿਆ ਨਹੀਂ ਹੈ। ਉਹ ਕਹਿੰਦੀ ਹੈ, ‘‘ਜੇਕਰ ਵਿਦੇਸ਼ ’ਚ ਇਲਾਜ ਨਾਲ ਇਹ ਸੰਭਵ ਹੋ ਸਕਿਆ ਅਤੇ ਮੈਨੂੰ ਥੋੜ੍ਹੀ-ਬਹੁਤ ਨੇਤਰਜੋਤੀ ਵਾਪਸ ਮਿਲ ਜਾਵੇ ਤਾਂ ਮੈਂ ਨੌਕਰੀ ਫਿਰ ਤੋਂ ਸ਼ੁਰੂ ਕਰਾਂਗੀ।’’

‘ਖਤੇਰਾ’ ’ਤੇ ਹਮਲਾ ਉਸ ਵਧਦੇ ਰੁਝਾਨ ਦਾ ਸੰਕੇਤ ਹੈ, ਜਿਸ ਬਾਰੇ ਮਨੁੱਖੀ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਨੌਕਰੀ ਕਰਨ ਵਾਲੀਆਂ ਔਰਤਾਂ ਦਾ ਵਿਰੋਧ ਹਿੰਸਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਖਤੇਰਾ ਦੇ ਮਾਮਲੇ ’ਚ ਇਕ ਪੁਲਸ ਅਧਿਕਾਰੀ ਹੋਣ ਨਾਤੇ ਤਾਲਿਬਾਨ ਉਸ ਨਾਲ ਹੋਰ ਵੀ ਨਾਰਾਜ਼ ਹੋ ਸਕਦਾ ਹੈ।

ਵਰਕਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਦੇ ਰੂੜੀਵਾਦੀ ਸਮਾਜਿਕ ਮਾਪਦੰਡ ਅਤੇ ਅਮਰੀਕਾ ਦੇ ਉੱਥੋਂ ਆਪਣੇ ਫੌਜੀਆਂ ਨੂੰ ਕੱਢਣ ਦੀ ਯੋਜਨਾ ਨਾਲ ਤਾਲਿਬਾਨ ਦੇ ਵਧਦੇ ਪ੍ਰਭਾਵ ਨਾਲ ਇਹ ਵਿਰੋਧ ਵਧਣ ਲੱਗਾ ਹੈ।

ਪਿਛਲੇ 20 ਸਾਲਾਂ ’ਚ ਅਫਗਾਨਿਸਤਾਨ ਦੇ ਹਾਲਾਤ ਕੁਝ ਸੁਧਰੇ ਸਨ ਪਰ ਹੁਣ ਇਕ ਵਾਰ ਫਿਰ ਜਿਵੇਂ ਤਾਲਿਬਾਨ ਦੁਬਾਰਾ ਆ ਰਿਹਾ ਹੈ, ਲੱਗਦਾ ਹੈ ਕਿ ਫਿਰ ਹਾਲਾਤ ਵਿਗੜਨਗੇ। ਮੌਜੂਦਾ ਸਮੇਂ ਤਾਲਿਬਾਨ ਦੋਹਾ ’ਚ ਅਫਗਾਨ ਸਰਕਾਰ ਨਾਲ ਇਕ ਸ਼ਾਂਤੀ ਸਮਝੌਤੇ ਲਈ ਗੱਲਬਾਤ ਕਰ ਰਿਹਾ ਹੈ। ਕਈ ਲੋਕਾਂ ਨੂੰ ਤਾਲਿਬਾਨ ਦੇ ਰਸਮੀ ਤੌਰ ’ਤੇ ਸੱਤਾ ’ਚ ਵਾਪਸੀ ਦੀ ਉਮੀਦ ਹੈ। ਗੱਲਬਾਤ ਦੀ ਰਫਤਾਰ ਮੱਠੀ ਹੈ ਅਤੇ ਅਧਿਕਾਰੀਆਂ ਅਤੇ ਪ੍ਰਮੁੱਖ ਨੇਤਾਵਾਂ ਤੋਂ ਲੈ ਕੇ ਔਰਤਾਂ ’ਤੇ ਹਮਲਿਆਂ ਵਿਚ ਵਾਧਾ ਹੋਇਆ ਹੈ।


Bharat Thapa

Content Editor

Related News