‘ਵਹਿਮਾਂ ਅਤੇ ਅੰਧਵਿਸ਼ਵਾਸਾਂ ਦੇ ਬੰਧਨ’ ਗਲਤ ਰਸਤੇ ’ਤੇ ਲਿਜਾ ਰਹੇ ਲੋਕਾਂ ਨੂੰ
Wednesday, Apr 19, 2023 - 01:40 AM (IST)
ਅੱਜ ਦੇ ਵਿਗਿਆਨਕ ਯੁੱਗ ’ਚ ਵੀ ਵੱਡੀ ਗਿਣਤੀ ’ਚ ਲੋਕ ਤੰਤਰ-ਮੰਤਰ, ਵਹਿਮਾਂ-ਭਰਮਾਂ ਅਤੇ ਟੂਣੇ-ਟੋਟਕਿਆਂ ’ਚ ਪੈ ਕੇ ਪਤਾ ਨਹੀਂ ਕਿੰਨਾ ਅਨਰਥ ਆਪਣੇ ਨਾਲ ਕਰ ਰਹੇ ਹਨ।
ਇਸ ਸਬੰਧੀ ਫਰਵਰੀ ਮਹੀਨੇ ਤੋਂ ਬਾਅਦ ਦੀਆਂ ਘਟਨਾਵਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 2 ਫਰਵਰੀ ਨੂੰ ਸ਼ਹਿਡੋਲ (ਮੱਧ ਪ੍ਰਦੇਸ਼) ਦੇ ‘ਸਿੰਘਪੁਰ ਕਠੌਤੀਆ’ ਪਿੰਡ ’ਚ ਤੰਤਰ-ਮੰਤਰ ਦੇ ਪ੍ਰਭਾਵ ’ਚ ਨਿਮੋਨੀਆ ਦੇ ਇਲਾਜ ਦੇ ਨਾਂ ’ਤੇ ਸਿਰਫ ਢਾਈ ਮਹੀਨੇ ਦੀ ਇਕ ਦੁੱਧ ਪੀਂਦੀਂ ਬੱਚੀ ਨੂੰ 51 ਵਾਰ ਗਰਮ ਸੀਖਾਂ ਨਾਲ ਦਾਗਿਆ ਗਿਆ ਜਿਸ ਦੇ ਨਤੀਜੇ ਵਜੋਂ ਕਈ ਦਿਨ ਤੜਫਦੀ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
* 24 ਮਾਰਚ ਨੂੰ ਸੀਧੀ (ਰਾਜਸਥਾਨ) ਜ਼ਿਲੇ ਦੇ ਬਿਠੌਲੀ ਪਿੰਡ ’ਚ ਰਹਿਣ ਵਾਲੇ 19 ਸਾਲਾ ਨੌਜਵਾਨ ਨੇ ਇਕ ਮੰਦਿਰ ’ਚ ਆਪਣੀ ਜੀਭ ਕੱਟ ਕੇ ਚੜ੍ਹਾ ਦਿੱਤੀ। ਹੱਦ ਇਹ ਕਿ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੰਦਿਰ ’ਚ ਹੀ ਰੋਕੀ ਰੱਖਿਆ ਅਤੇ ਲੋਕਾਂ ਦੇ ਸਮਝਾਉਣ ’ਤੇ ਇਲਾਜ ਲਈ ਹਸਪਤਾਲ ਲੈ ਕੇ ਗਏ।
* 1 ਅਪ੍ਰੈਲ ਨੂੰ ਝਾਲਾਵਾੜ (ਰਾਜਸਥਾਨ) ਜ਼ਿਲੇ ਦੇ ‘ਅਸਨਾਵਰ’ ਥਾਣਾ ਖੇਤਰ ਦੇ ਪਿੰਡ ’ਚ ਧਾਰਮਿਕ ਆਯੋਜਨ ਦੌਰਾਨ ਉੱਥੇ ਮੌਜੂਦ ਇਕ ਤਾਂਤਰਿਕ ਨੇ ਇਹ ਕਹਿੰਦੇ ਹੋਏ ਲੜਕੇ ’ਤੇ ਤਲਵਾਰ ਨਾਲ ਵਾਰ ਕਰ ਕੇ ਉਸ ਦੇ ਸਰੀਰ ’ਤੇ 6 ਥਾਵਾਂ ’ਤੇ ਜ਼ਖਮ ਕਰ ਦਿੱਤੇ ਕਿ ਉਸ ਦੇ ਸਰੀਰ ’ਚ ‘ਮਾਤਾ ਜੀ ਦੀ ਆਤਮਾ ਪ੍ਰਵੇਸ਼ ਕਰ ਗਈ ਹੈ’। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ।
* 8 ਅਪ੍ਰੈਲ ਨੂੰ ਅਲੀ ਰਾਜਪੁਰ (ਮੱਧ ਪ੍ਰਦੇਸ਼) ਦੇ ਪਿੰਡ ‘ਬੜੀ ਖੱਟਾਲੀ’ ’ਚ ਫੂਲ ਸਿੰਘ ਨਾਮਕ ਇਕ ਵਿਅਕਤੀ ਨੇ ਆਪਣੀ ਧੀ ਦੇ ਸਹੁਰੇ ਆਈ ਧਨ ਬਾਈ ਨਾਮਕ 55 ਸਾਲਾ ਔਰਤ ਦੀ ਕੁਹਾੜੀ ਨਾਲ ਵਾਰ ਕਰ ਕੇ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਜਦੋਂ ਵੀ ਧਨ ਬਾਈ ਆਪਣੀ ਧੀ ਨੂੰ ਮਿਲਣ ਪਿੰਡ ’ਚ ਆਉਂਦੀ ਹੈ ਤਾਂ ਕਦੀ ਉਸ ਦੇ ਪਸ਼ੂ ਮਰ ਜਾਂਦੇ ਹਨ ਅਤੇ ਕਦੀ ਕੋਈ ਹੋਰ ਨੁਕਸਾਨ ਹੋ ਜਾਂਦਾ ਹੈ।
* 13 ਅਪ੍ਰੈਲ ਨੂੰ ਬਾਲਾਸੋਰ (ਓਡਿਸ਼ਾ) ਦੇ ਆਦਿਵਾਸੀ ਪਿੰਡ ‘ਬੰਧਸ਼ਾਹੀ’ ਦੀ ‘ਹੋ’ ਜਨਜਾਤੀ ’ਚ ‘ਬੁਰੀਆਂ ਆਤਮਾਵਾਂ’ ਤੋਂ ਮੁਕਤੀ ਹਾਸਲ ਕਰਨ ਲਈ ਦੋ ਅਨੋਖੇ ਸਮਾਰੋਹ ਆਯੋਜਿਤ ਕੀਤੇ ਗਏ। ਇਕ ਵਿਅਕਤੀ ਨੇ ਆਪਣੇ 11 ਸਾਲਾ ਬੇਟੇ ਦਾ ਵਿਆਹ ਇਕ ਕੁੱਤੀ ਨਾਲ ਕਰਵਾਇਆ ਜਦਕਿ ਇਕ ਹੋਰ ਵਿਅਕਤੀ ਨੇ ਆਪਣੀ 7 ਸਾਲਾ ਬੇਟੀ ਦੇ ਵਿਆਹ ਲਈ ਲਾੜੇ ਦੇ ਰੂਪ ’ਚ ਇਕ ਕੁੱਤੇ ਦਾ ਪ੍ਰਬੰਧ ਕੀਤਾ।
ਭਾਈਚਾਰੇ ਦੀ ਪਰੰਪਰਾ ਮੁਤਾਬਕ ਇਹ ਵਿਆਹ ਸਮਾਰੋਹ ਸਵੇਰੇ 7 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਜਾਰੀ ਰਿਹਾ ਤੇ ਇਸ ਦੌਰਾਨ ਸੱਦੇ ਗਏ ਲੋਕਾਂ ਨੂੰ ਸਮੂਹਿਕ ਭੋਜਨ ਵੀ ਕਰਵਾਇਆ ਿਗਆ। ਭਾਈਚਾਰੇ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਵਿਆਹ ਤੋਂ ਬਾਅਦ ਬੁਰੀ ਆਤਮਾ ਦਾ ਸਾਇਆ ਕੁੱਤਿਆਂ ’ਚ ਚਲਾ ਜਾਂਦਾ ਹੈ। ਇਸ ਰਿਵਾਜ ਦਾ ਕੋਈ ਵਿਗਿਆਨਕ ਆਧਾਰ ਨਾ ਹੋਣ ਦੇ ਬਾਵਜੂਦ ਇਹ ਰਵਾਇਤ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ।
* ਅਤੇ ਹੁਣ 15 ਅਪ੍ਰੈਲ ਨੂੰ ਰਾਜਕੋਟ (ਗੁਜਰਾਤ) ਜ਼ਿਲੇ ਦੇ ਬਿਛੀਆ ਪਿੰਡ ਦੇ ਹੇਮੂਭਾਈ ਮਕਵਾਨਾ (38) ਅਤੇ ਉਸ ਦੀ ਪਤਨੀ ਹੰਸਾ ਬਾਈ (35) ਨੇ ਬਲੀ ਦੇ ਮਕਸਦ ਨਾਲ ਆਪਣੇ-ਆਪਣੇ ਸਿਰ ਕੱਟ ਕੇ ਆਪਣੇ ਜੀਵਨ ਦਾ ਅੰਤ ਕਰ ਦਿੱਤਾ।
ਪੁਲਸ ਮੁਤਾਬਕ ਪਤੀ-ਪਤਨੀ ਨੇ ਖੁਦਕੁਸ਼ੀ ਦੀ ਇਸ ਯੋਜਨਾ ਨੂੰ ਅੰਜਾਮ ਦੇਣ ਲਈ ਰੱਸੀ ਨਾਲ ਬੰਨ੍ਹੇ ‘ਗਿਲੋਟਿਨ’ ਵਰਗੇ ਯੰਤਰ ਦੇ ਹੇਠਾਂ ਆਪਣਾ ਸਿਰ ਰੱਖਣ ਤੋਂ ਪਹਿਲਾਂ ਇਕ ਅਗਨੀਕੁੰਡ ਬਣਾਇਆ। ਰੱਸੀ ਨੂੰ ਛੱਡਦੇ ਹੀ ਲੋਹੇ ਦਾ ਬਲੇਡ ਉਨ੍ਹਾਂ ਉਪਰ ਆ ਡਿੱਗਿਆ ਜਿਸ ਨਾਲ ਉਨ੍ਹਾਂ ਦੇ ਸਿਰ ਧੜ ਨਾਲੋਂ ਵੱਖ ਹੋ ਕੇ ਅਗਨੀਕੁੰਡ ’ਚ ਲੁੜਕ ਗਏ। ਇਹ ਦੋਵੇਂ ਆਪਣੀ ਝੌਂਪੜੀ ’ਚ ਇਕ ਸਾਲ ਤੋਂ ‘ਪੂਜਾ ਪਾਠ’ ਕਰ ਰਹੇ ਸਨ।
ਅੰਧਵਿਸ਼ਵਾਸ ਦੇ ਇਹ ਤਾਂ ਕੁਝ ਤਾਜ਼ੇ ਨਮੂਨੇ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਅੰਧਵਿਸ਼ਵਾਸਾਂ ਦੀਆਂ ਬੇੜੀਆਂ ’ਚ ਸਾਡੇ ਦੇਸ਼ਵਾਸੀ ਜਕੜੇ ਹੋਏ ਹਨ। ਲੋਕ ਟੂਣੇ-ਟੋਟਕੇ ਅਤੇ ਅੰਧਵਿਸ਼ਵਾਸ ਦੇ ਚੱਕਰ ’ਚ ਪੈ ਕੇ ਅਜਿਹੇ ਘਿਨੌਣੇ ਅਪਰਾਧ ਕਰ ਰਹੇ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਤੋਂ ਹੱਥ ਧੋਣਾ ਪੈ ਰਿਹਾ ਹੈ।
ਇਸ ਨੂੰ ਰੋਕਣ ਲਈ ਧਾਰਮਿਕ, ਸਮਾਜਿਕ ਸੰਸਥਾਵਾਂ, ਸਮਾਜ ਸੁਧਾਰਕਾਂ ਅਤੇ ਵਿਦਵਾਨਾਂ ਨੂੰ ਅੱਗੇ ਆ ਕੇ ਲੋਕਾਂ ’ਚ ਪੈਦਾ ਅੰਧਵਿਸ਼ਵਾਸਾਂ ਅਤੇ ਇਨ੍ਹਾਂ ਨਾਲ ਜੁੜੀਆਂ ਰਵਾਇਤਾਂ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਸਹੀ ਰਸਤੇ ’ਤੇ ਲਿਆ ਕੇ ਇਕ ਸਿਹਤਮੰਦ ਸਮਾਜ ਦੀ ਉਸਾਰੀ ਹੋ ਸਕੇ।
ਅੱਜ ਲੋੜ ਦੇਸ਼ ਨੂੰ ਅੰਧਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਤੋਂ ਮੁਕਤ ਕਰ ਕੇ ਤੇਜ਼ੀ ਨਾਲ ਵਿਕਾਸ ਦੇ ਰਸਤੇ ’ਤੇ ਅੱਗੇ ਵਧਾਉਣ ਦੀ ਹੈ। ਇਸ ਲਈ ਇਸ ਤਰ੍ਹਾਂ ਦੇ ਅੰਧਵਿਸ਼ਵਾਸਾਂ ਲਈ ਲੋਕਾਂ ਨੂੰ ਉਕਸਾਉਣ ਅਤੇ ਅਜਿਹਾ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਹਾਨੀ ਪਹੁੰਚਾਉਣ ਵਾਲਿਆਂ ਨੂੰ ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ