ਆਰਥਿਕ ਮੰਦੀ ਨੂੰ ਲੈ ਕੇ ਸੁਬਰਾਮਣੀਅਮ ਸਵਾਮੀ ਅਤੇ ਰਘੂਰਾਮ ਦੀਆਂ ਨਸੀਹਤਾਂ

10/02/2019 12:57:48 AM

ਇਸ ਸਮੇਂ ਸਰਕਾਰ ਦੇਸ਼ ਦੀ ਵਿਕਾਸ ਦਰ ’ਚ ਪਿਛਲੇ 6 ਵਰ੍ਹਿਆਂ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਜੂਝ ਰਹੀ ਹੈ। ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਸੀਮੈਂਟ ਅਤੇ ਬਿਜਲੀ ਉਦਯੋਗ ’ਚ ਭਾਰੀ ਸੁਸਤੀ ਕਾਰਣ ਕੋਰ ਸੈਕਟਰ ਦੇ ਪ੍ਰਮੁੱਖ ਉਦਯੋਗਾਂ ਦੀ ਪੈਦਾਵਾਰ ’ਚ ਅਗਸਤ ਮਹੀਨੇ ’ਚ 0.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਪਿਛਲੇ 45 ਮਹੀਨਿਆਂ ’ਚ ਉਦਯੋਗਿਕ ਪੈਦਾਵਾਰ ’ਚ ਆਉਣ ਵਾਲੀ ਸਭ ਤੋਂ ਵੱਡੀ ਗਿਰਾਵਟ ਹੈ।

ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਦੇਸ਼ ਦੀ ਅਰਥ ਵਿਵਸਥਾ ਦੇ ਮੌਜੂਦਾ ਸੰਕਟ ਲਈ ਨੋਟਬੰਦੀ ਅਤੇ ਜਲਦਬਾਜ਼ੀ ’ਚ ਲਾਗੂ ਕੀਤੇ ਗਏ ਜੀ. ਐੱਸ. ਟੀ. ਨੂੰ ਵੀ ਜ਼ਿੰਮੇਵਾਰ ਠਹਿਰਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌੜਾ ਸੱਚ ਸੁਣਨ ਦੀ ਆਦਤ ਪਾਉਣ ਦੀ ਨਸੀਹਤ ਦਿੰਦਿਆਂ ਕਿਹਾ :

‘‘ਨਰਿੰਦਰ ਮੋਦੀ ਜਿਸ ਤਰ੍ਹਾਂ ਸਰਕਾਰ ਚਲਾਉਂਦੇ ਹਨ, ਉਸ ’ਚ ਬਹੁਤ ਘੱਟ ਲੋਕ ਹੱਦ ਤੋਂ ਬਾਹਰ ਜਾ ਸਕਦੇ ਹਨ। ਜੇ ਨਰਿੰਦਰ ਮੋਦੀ ਅਰਥ ਵਿਵਸਥਾ ਨੂੰ ਸੰਕਟ ’ਚੋਂ ਕੱਢਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਦੇ ਅਰਥ ਸ਼ਾਸਤਰੀਆਂ ਨੂੰ ਡਰਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਇਸ ਗੱਲ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਉਹ ਉਨ੍ਹਾਂ ਦੇ ਮੂੰਹ ’ਤੇ ਆਪਣੀ ਅਸਹਿਮਤੀ ਪ੍ਰਗਟਾ ਸਕਣ। ਉਨ੍ਹਾਂ ਨੇ ਅਜੇ ਆਪਣਾ ਅਜਿਹਾ ਸੁਭਾਅ ਨਹੀਂ ਬਣਾਇਆ ਹੈ।’’

ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ‘‘ਦੇਸ਼ ਸਹੀ ਆਰਥਿਕ ਨੀਤੀਆਂ ਨਹੀਂ ਅਪਣਾ ਰਿਹਾ। ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਬੈਂਕ ਕਰਜ਼ੇ ਦੀਆਂ ਦਰਾਂ 9 ਫੀਸਦੀ ਤੋਂ ਨਾ ਵਧਣ ਅਤੇ ਫਿਕਸ ਡਿਪਾਜ਼ਿਟ ਅਤੇ ਬੱਚਤ ਖਾਤਿਆਂ ’ਤੇ 9 ਫੀਸਦੀ ਵਿਆਜ ਦਿੱਤਾ ਜਾਵੇ। ਅਜਿਹਾ ਕਰਨ ਨਾਲ ਨਿਵੇਸ਼ ’ਚ ਉਛਾਲ ਆਵੇਗਾ ਅਤੇ ਸਾਡੀ ਵਿਕਾਸ ਦਰ ਵਧ ਜਾਵੇਗੀ।’’

ਇਸੇ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ, ਜੋ ਇਸ ਸਮੇਂ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ’ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ, ਨੇ ਆਪਣੇ ਬਲਾਗ ’ਚ ਮੋਦੀ ਸਰਕਾਰ ਵੱਲ ਇਸ਼ਾਰਾ ਕਰਦਿਆਂ ਹੀ ਲਿਖਿਆ ਹੈ ਕਿ :

‘‘ਆਲੋਚਨਾ ਨੂੰ ਦਬਾਉਣ ਕਰਕੇ ਹੀ ਸਰਕਾਰ ਦੇ ਨੀਤੀ ਨਿਰਧਾਰਨ ’ਚ ਗਲਤੀਆਂ ਹੁੰਦੀਆਂ ਹਨ ਅਤੇ ਸਰਕਾਰ ਉਦੋਂ ਤਕ ਸਭ ਕੁਝ ਚੰਗਾ ਹੋਣ ਦੇ ਭਰਮ ਵਿਚ ਰਹਿੰਦੀ ਹੈ, ਜਦੋਂ ਤਕ ਉਸ ਦੀਆਂ ਗਲਤ ਨੀਤੀਆਂ ਦੇ ਖਰਾਬ ਨਤੀਜੇ ਸਾਹਮਣੇ ਨਾ ਆਉਣ ਲੱਗਣ।’’

ਭਾਜਪਾ ਦੇ ਸੀਨੀਅਰ ਮੈਂਬਰ ਸ਼੍ਰੀ ਸੁਬਰਾਮਣੀਅਮ ਸਵਾਮੀ ਅਤੇ ਭਾਜਪਾ ਦੇ ਹੀ ਸ਼ਾਸਨਕਾਲ ਦੌਰਾਨ ਸੱਤਾ ਅਦਾਰੇ ਨਾਲ ਜੁੜੇ ਰਹੇ ਸ਼੍ਰੀ ਰਘੂਰਾਮ ਰਾਜਨ ਦੋਵੇਂ ਪ੍ਰਮੁੱਖ ਅਰਥ ਸ਼ਾਸਤਰੀ ਹਨ। ਇਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਨੂੰ ਆਲੋਚਨਾ ਸਹਿਣ ਕਰਨ ਦਾ ਸੁਭਾਅ ਬਣਾਉਣ ਦੀ ਸਲਾਹ ਦੇਣਾ ਮਾਇਨੇ ਰੱਖਦਾ ਹੈ।

–ਵਿਜੇ ਕੁਮਾਰ


Bharat Thapa

Content Editor

Related News