ਭਾਜਪਾ ਦੀ ਬੜਬੋਲੇ ਨੇਤਾਵਾਂ ਨੂੰ ਜ਼ੁਬਾਨ ਬੰਦ ਰੱਖਣ ਦੀ ਸਖਤ ਹਦਾਇਤ

Saturday, Aug 25, 2018 - 06:40 AM (IST)

ਭਾਜਪਾ ਦੀ ਬੜਬੋਲੇ ਨੇਤਾਵਾਂ ਨੂੰ ਜ਼ੁਬਾਨ ਬੰਦ ਰੱਖਣ ਦੀ ਸਖਤ ਹਦਾਇਤ

ਸਿਆਸਤਦਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ, ਜਿਸ ਨਾਲ ਵਿਵਾਦ ਪੈਦਾ ਹੋਣ ਪਰ ਅੱਜ ਇਹੋ ਲੋਕ ਆਪਣੇ ਜ਼ਹਿਰੀਲੇ ਬਿਆਨਾਂ ਤੇ ਕਰਤੂਤਾਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ। ਇਨ੍ਹਾਂ ਵਿਚ ਭਾਜਪਾ ਨੇਤਾ, ਇਥੋਂ ਤਕ ਕਿ ਭਾਜਪਾ ਦੇ ਮੰਤਰੀ ਵੀ ਸਭ ਤੋਂ ਅੱਗੇ ਹਨ। 
ਇਨ੍ਹਾਂ ਵਿਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸਾਧਵੀ ਨਿਰੰਜਨਾ ਜਯੋਤੀ, ਮੁਖਤਾਰ ਅੱਬਾਸ ਨਕਵੀ, ਕਿਰਨ ਰਿਜਿਜੂ, ਅਨੰਤ ਕੁਮਾਰ ਹੇਗੜੇ, ਯੂ. ਪੀ. ਦੇ ਰਾਜਪਾਲ ਰਾਮਨਾਇਕ, ਐੱਮ. ਪੀ. ਨੇਪਾਲ ਸਿੰਘ, ਸਾਕਸ਼ੀ ਮਹਾਰਾਜ, ਵਿਧਾਇਕ ਵਿਕਰਮ ਸੈਣੀ, ਸੰਗੀਤ ਸੋਮ, ਸੁਰੇਂਦਰ ਸਿੰਘ ਆਦਿ ਸ਼ਾਮਿਲ ਹਨ। 
ਇਸੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ 23 ਅਪ੍ਰੈਲ ਨੂੰ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਝਾੜ ਪਾਉਂਦਿਆਂ ਕਿਹਾ ਸੀ ਕਿ ਉਹ ਮੀਡੀਆ ਸਾਹਮਣੇ ਵਿਵਾਦਪੂਰਨ ਬਿਆਨ ਦੇਣ ਤੋਂ ਬਚਣ। 
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ''ਤੁਹਾਨੂੰ ਇਸ ਦੇ ਲਈ ਮੀਡੀਆ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਸਗੋਂ ਤੁਸੀਂ ਖ਼ੁਦ ਗਲਤੀ ਕਰ ਕੇ ਮੀਡੀਆ ਨੂੰ ਅਜਿਹਾ ਮਸਾਲਾ ਦਿੰਦੇ ਹੋ ਅਤੇ ਬਿਆਨ ਦੇਣ 'ਚ ਜਲਦਬਾਜ਼ੀ ਕਰਦੇ ਹੋ, ਜਿਵੇਂ ਕਿ ਅਸੀਂ ਵਿਗਿਆਨੀ ਜਾਂ ਬੁੱਧੀਜੀਵੀ ਹੋਈਏ। ਉਦੋਂ ਅਜਿਹੇ ਬੇਤੁਕੇ ਬਿਆਨ ਦਾ ਮੀਡੀਆ ਇਸਤੇਮਾਲ ਕਰਦਾ ਹੈ ਤੇ ਪਾਰਟੀ ਦਾ ਅਕਸ ਖਰਾਬ ਹੁੰਦਾ ਹੈ।''
ਹਾਲਾਂਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਆਗੂਆਂ ਨੂੰ ਬਿਨਾਂ ਸੋਚੇ-ਵਿਚਾਰੇ ਬਿਆਨ ਦੇਣ ਤੋਂ ਮਨ੍ਹਾ ਕਰਦੇ ਰਹੇ ਹਨ ਪਰ ਉਨ੍ਹਾਂ ਦੀ ਨਸੀਹਤ ਦਾ ਨਾ ਤਾਂ ਉਦੋਂ ਅਸਰ ਹੋਇਆ ਤੇ ਨਾ ਹੀ ਹੁਣ ਹੋਇਆ ਹੈ ਤੇ ਵੱਖ-ਵੱਖ ਭਾਜਪਾ ਆਗੂਆਂ ਵਲੋਂ ਵਿਵਾਦਪੂਰਨ ਬਿਆਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 
23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੀ ਫਿਟਕਾਰ ਤੋਂ ਬਾਅਦ ਵੀ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ, ਜਨਜਾਤੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ, ਭਾਜਪਾ ਰਾਜਸਥਾਨ ਦੇ ਪ੍ਰਧਾਨ ਮਦਨ ਲਾਲ ਸੈਣੀ, ਬਲੀਆ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ, ਫੈਜ਼ਾਬਾਦ ਤੋਂ ਭਾਜਪਾ ਵਿਧਾਇਕ ਹਰੀਓਮ ਪਾਂਡੇ ਅਤੇ ਕਰਨਾਟਕ ਭਾਜਪਾ ਦੇ ਸੀਨੀਅਰ ਆਗੂ ਬਾਸਾਨਾ ਗੌੜਾ ਪਾਟਿਲ ਯਾਤਨਾਲ ਆਦਿ ਦੇ ਵਿਵਾਦਪੂਰਨ ਬਿਆਨ ਆ ਚੁੱਕੇ ਹਨ। 
ਹੁਣ ਜਦੋਂ ਇਸੇ ਸਾਲ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ, ਇਨ੍ਹਾਂ ਤੋਂ ਪਹਿਲਾਂ ਭਾਜਪਾ ਨੂੰ ਆਪਣੇ ਨੇਤਾਵਾਂ ਦੀ ਗਲਤਬਿਆਨੀ ਨਾਲ ਹੋਣ ਵਾਲਾ ਖਤਰਾ ਮਹਿਸੂਸ ਹੋਣ ਲੱਗਾ ਹੈ। 
ਪਾਰਟੀ ਲੀਡਰਸ਼ਿਪ ਨੂੰ ਖਦਸ਼ਾ ਹੈ ਕਿ ਬਿਆਨਬਾਜ਼ੀ ਲਈ ਮਸ਼ਹੂਰ ਉਸ ਦੇ ਨੇਤਾ ਆਪਣੇ ਬੜਬੋਲੇਪਨ ਜਾਂ ਊਲ-ਜਲੂਲ ਬਿਆਨਾਂ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸੇ ਨੂੰ ਦੇਖਦਿਆਂ ਆਪਣੇ ਬੜਬੋਲੇਪਨ ਲਈ ਪਾਰਟੀ ਵਿਚ 'ਬਦਨਾਮ' ਨੇਤਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ। 
ਭਾਜਪਾ ਦੇ ਇਕ ਵੱਡੇ ਨੇਤਾ ਅਨੁਸਾਰ ਪਾਰਟੀ ਪ੍ਰਧਾਨ ਅਮਿਤ ਸ਼ਾਹ ਇਸ ਗੱਲ ਨੂੰ ਲੈ ਕੇ ਕਾਫੀ ਚੌਕੰਨੇ ਹਨ ਕਿ ਪਾਰਟੀ ਦੇ ਕਿਸੇ ਆਗੂ ਵਲੋਂ ਗਲਤਬਿਆਨੀ ਨਾ ਕੀਤੀ ਜਾਵੇ ਜਾਂ ਫਿਰ ਕੋਈ ਊਲ-ਜਲੂਲ ਗੱਲ ਨਾ ਕਹੀ ਜਾਵੇ। ਉਨ੍ਹਾਂ ਨੇ ਸਾਰੇ ਸੂਬਾ ਪ੍ਰਧਾਨਾਂ ਅਤੇ ਸੰਗਠਨ ਮੰਤਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕਿਸੇ ਵੀ ਮੁੱਦੇ 'ਤੇ ਪਾਰਟੀ ਵਲੋਂ ਅਧਿਕਾਰਤ ਵਿਅਕਤੀ ਹੀ ਬਿਆਨ ਦੇਵੇ। 
ਸੂਤਰਾਂ ਦਾ ਕਹਿਣਾ ਹੈ ਕਿ ਕਈ ਵਾਰ ਅਜਿਹੀ ਬਿਆਨਬਾਜ਼ੀ ਨਾਲ ਪੂਰਾ ਚੋਣ ਦ੍ਰਿਸ਼ ਹੀ ਬਦਲ ਜਾਂਦਾ ਹੈ। ਪਾਰਟੀ ਇਕ ਸੋਚੀ-ਸਮਝੀ ਰਣਨੀਤੀ ਤੇ ਮੁੱਦਿਆਂ ਨੂੰ ਲੈ ਕੇ ਚੋਣਾਂ ਵਿਚ ਅੱਗੇ ਵਧਦੀ ਹੈ। ਅਜਿਹੀ ਸਥਿਤੀ ਵਿਚ ਮੁੱਦਿਆਂ ਜਾਂ ਰਣਨੀਤੀ ਤੋਂ ਹਟ ਕੇ ਬਿਆਨਬਾਜ਼ੀ ਕਰਨ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। 
ਇਸ ਦੇ ਲਈ ਪਿਛਲੀਆਂ ਲੋਕ ਸਭਾ ਚੋਣਾਂ ਦੀ ਮਿਸਾਲ ਵੀ ਪਾਰਟੀ ਫੋਰਮ 'ਤੇ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਭਾਜਪਾ ਦੇ ਇਕ ਨੇਤਾ, ਜੋ ਹੁਣ ਕੇਂਦਰ ਸਰਕਾਰ ਵਿਚ ਮੰਤਰੀ ਵੀ ਹਨ, ਦੇ ਬਿਆਨ ਕਾਰਨ ਭਾਜਪਾ 5 ਸੀਟਾਂ 'ਤੇ ਮਾਮੂਲੀ ਫਰਕ ਨਾਲ ਹਾਰ ਗਈ ਸੀ। 
ਇਸੇ ਲਈ ਮਹਿਲਾ ਸ਼ੋਸ਼ਣ, ਦਲਿਤ, ਘੱਟਗਿਣਤੀ ਅਤੇ ਮੰਦਰ ਵਰਗੇ ਮੁੱਦੇ 'ਤੇ ਸੰਜੀਦਗੀ ਦਿਖਾਉਣ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਮਰਿਆਦਾ ਰਹਿਤ ਸ਼ਬਦਾਂ ਅਤੇ ਇਸ਼ਾਰਿਆਂ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। 
ਪਾਠਕ ਜਾਣਦੇ ਹੀ ਹਨ ਕਿ ਅਸੀਂ ਤਾਂ ਵਾਰ-ਵਾਰ ਇਸੇ ਮੁੱਦੇ 'ਤੇ ਲਿਖਦੇ ਰਹੇ ਹਾਂ ਤੇ ਭਾਜਪਾ ਦੇ ਬੜਬੋਲੇ ਨੇਤਾਵਾਂ ਦੇ ਬੜਬੋਲੇਪਨ ਦਾ ਵੇਰਵਾ ਦਿੰਦਿਆਂ ਕਹਿੰਦੇ ਰਹੇ ਹਾਂ ਕਿ ਉਨ੍ਹਾਂ ਦੇ ਅਜਿਹੇ ਤਰਕਹੀਣ ਵਿਗੜੇ ਬੋਲ ਪਾਰਟੀ ਦੇ ਅਕਸ ਨੂੰ ਠੇਸ ਪਹੁੰਚਾ ਰਹੇ ਹਨ। 
ਇਸੇ ਨੂੰ ਦੇਖਦਿਆਂ ਪਾਰਟੀ ਲੀਡਰਸ਼ਿਪ ਵਲੋਂ ਅਜਿਹੇ ਬੜਬੋਲੇ ਨੇਤਾਵਾਂ ਦੇ ਬਿਆਨਾਂ 'ਤੇ ਰੋਕ ਲਾਉਣ ਦਾ ਫੈਸਲਾ ਬਿਲਕੁਲ ਸਹੀ ਹੈ ਤੇ ਇਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿਚ ਮਦਦ ਮਿਲੇਗੀ। 
—ਵਿਜੇ ਕੁਮਾਰ


Related News