‘ਮਿਲਾਵਟ ਕਰਨ ਵਾਲੇ ਵਪਾਰੀਆਂ ਨੂੰ’ ‘ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ’
Tuesday, Jan 05, 2021 - 02:49 AM (IST)

ਇਕ ਪਾਸੇ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਸਰੇ ਪਾਸੇ ਨਿੱਜੀ ਸਵਾਰਥਾਂ ਨਾਲ ਪ੍ਰੇਰਿਤ ਸਮਾਜ ਵਿਰੋਧੀ ਤੱਤ ਭ੍ਰਿਸ਼ਟਾਚਾਰੀ ਅਤੇ ਮਿਲਾਵਟਖੋਰ ਆਪਣੇ ਭੈੜੇ ਕਾਰਿਆਂ ਨਾਲ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹਨ।
ਇਨ੍ਹਾਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਆਏ ਦਿਨ ਇਨ੍ਹਾਂ ਦੀਆਂ ਕਰਤੂਤਾਂ ਦੇ ਭੈੜੇ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਦੀ ਕੀਮਤ ਆਮ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਅਦਾ ਕਰਨੀ ਪੈ ਰਹੀ ਹੈ।
ਬੀਤੀ 16 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਪੁਲਸ ਨੇ ਗਦੇ ਲਿੱਦ, ਤੂੜੀ, ਐਸਿਡ ਤੇ ਹਾਨੀਕਾਰਕ ਰੰਗ ਮਿਲਾ ਕੇ ਨਕਲੀ ਮਸਾਲੇ ਬਣਾਉਣ ਦੀ ਫੈਕਟਰੀ ਫੜੀ ਸੀ ਅਤੇ ਇਸ ਦੇ ਅਗਲੇ ਹੀ ਦਿਨ 17 ਦਸੰਬਰ ਨੂੰ ਆਗਰਾ ਦੇ ‘ਖੰਦੌਲੀ’ ਵਿਚ ਨਕਲੀ ਘਿਓ ਬਣਾਉਣ ਦੀ ਫੈਕਟਰੀ ਅਤੇ 17 ਦਸੰਬਰ ਨੂੰ ਹੀ ਗਵਾਲੀਅਰ ’ਚ ਕੋਰੋਨਾ ਰੋਗੀਆਂ ਦੇ ਇਲਾਜ ’ਚ ਕੰਮ ਆਉਣ ਵਾਲੇ ‘ਅਸਲੀ ਪਲਾਜ਼ਮਾ’ ਦੀ ਓਟ ’ਚ ‘ਮਿਲਾਵਟੀ ਪਲਾਜ਼ਮਾ’ ਅਤ ਖੂਨ ਵੇਚਣ ਦਾ ਸਕੈਂਡਲ ਫੜਿਆ ਗਿਆ ਸੀ।
ਅਤੇ ਹੁਣ ਇਸੇ ਲੜੀ ’ਚ ਭ੍ਰਿਸ਼ਟਾਚਾਰ ਅਤੇ ਮਿਲਾਵਟਖੋਰੀ ਦੇ ਦੋ ਗੰਭੀਰ ਮਾਮਲੇ ਸਾਹਮਣੇ ਆਏ ਹਨ । ਪਹਿਲੀ ਘਟਨਾ ’ਚ 3 ਜਨਵਰੀ ਨੂੰ ਉੱਤਰ ਪ੍ਰਦੇਸ਼ ’ਚ ਗਾਜ਼ੀਆਬਾਦ ’ਚ ਮੁਰਾਦਨਗਰ ਦੇ ‘ਉਖਲਾਰਸੀ’ ਵਿਚ 55 ਲੱਖ ਰੁਪਏ ਦੀ ਲਾਗਤ ਨਾਲ ਸਿਰਫ ਢਾਈ ਮਹੀਨੇ ਪਹਿਲਾਂ ਘਟੀਆਂ ਸਮੱਗਰੀ ਨਾਲ ਬਣੀ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਨਾਲ 25 ਲੋਕ ਮਾਰੇ ਗਏ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਘਟਨਾ ਉਸ ਸਮੇਂ ਹੋਈ ਜਦੋਂ ਆਪਣੇ ਇਕ ਪਰਿਵਾਰ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਸ਼ਮਸ਼ਾਨਘਾਟ ’ਚ ਇਕੱਠੇ ਹੋਏ ਲੋਕ ਮੀਂਹ ਤੋਂ ਬਚਣ ਲਈ ਛੱਤ ਦੇ ਹੇਠਾਂ ਬੈਠੇ ਸਨ। ਤਦ ਹੀ ਅਚਾਨਕ ਸ਼ਮਸ਼ਾਨਘਾਟ ਦੀ ਛੱਤ ਇਕਦਮ ਧੜੱਮ ਕਰ ਕੇ ਡਿੱਗ ਜਾਣ ਨਾਲ ਹਾਦਸਾ ਹੋ ਗਿਆ।
ਪ੍ਰਸ਼ਾਸਨ ਦੀ ਲਾਪਰਵਾਹੀ ਦੇ ਵਿਰੁੱਧ ਰੋਸ ਵਜੋਂ ਉਕਤ ਹਾਦਸੇ ’ਚ ਮਾਰੇ ਗਏ 3 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਗਾਜ਼ੀਆਬਾਦ-ਮੇਰਠ ਹਾਈਵੇ ’ਤੇ ਰੱਖ ਕੇ ਜਾਮ ਲਗਾ ਦਿੱਤਾ। ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਹੁਣ ਕੌਣ ਕਰੇਗਾ।
ਇਸ ਸਬੰਧ ’ਚ ਥਾਣਾ ਮੁਰਾਦਨਗਰ ’ਚ ਨਗਰਪਾਲਿਕਾ ਦੀ ਈ.ਓ. ਨਿਹਾਰਿਕਾ ਸਿੰਘ, ਜੇ ਈ. ਚੰਦਰਪਾਲ ਅਤੇ ਸੁਪਰਵਾਈਜ਼ਰ ਸਮੇਤ 3 ਲੋਕਾਂ ਦੇ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਮਾਰਤ ਦਾ ਨਿਰਮਾਣ ਕਰਨ ਵਾਲਾ ਠੇਕੇਦਾਰ ਅਜੇ ਤਿਆਗੀ ਅਜੇ ਫਰਾਰ ਦੱਸਿਆ ਜਾਂਦਾ ਹੈ।
3 ਜਨਵਰੀ ਨੂੰ ਹੀ ਪੰਜਾਬ ’ਚ ਪਟਿਆਲਾ ਦੇ ‘ਕੁਲਾਰਾਂ’ ਪਿੰਡ ’ਚ ‘ਮੁਰਗੀਦਾਣਾ’ (ਪੋਲਟਰੀ ਫੀਡ) ਦੀ ਮਿਲਾਵਟ ਨਾਲ ਨਕਲੀ ਦੁੱਧ ਬਣਾ ਕੇ ਸਪਲਾਈ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਦੋਸ਼ ’ਚ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਂ ਦੇ ਦੋ ਨੌਜਵਾਨਾਂ ਨੂੰ 200 ਲਿਟਰ ਦੁੱਧ, 25 ਕਿਲੋ ਵ੍ਹਾਈਟ ਪਾਊਡਰ ਅਤੇ 125 ਕਿਲੋ ਪੋਲਟਰੀ ਫੀਡ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ 100 ਲਿਟਰ ਪਾਣੀ ’ਚ 10 ਕਿਲੋ ਮੁਰਗੀਦਾਣਾ ਮਿਲਾ ਕੇ ਉਸ ’ਚ ਇੰਨੀ ਹੀ ਮਾਤਰਾ ’ਚ ਦੁੱਧ ਮਿਲਾ ਕੇ ਇਸ ਨੂੰ ਦੁਗਣਾ ਕਰ ਲੈਂਦੇ ਸਨ। ਅਜੇ ਤਕ ਇਹ ਇਸ ਤਰ੍ਹਾਂ ਦਾ ਕਿੰਨਾ ਮਿਲਾਵਟੀ ਦੁੱਧ ਵੇਚ ਚੁੱਕੇ ਹਨ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਇਸ ਦਰਮਿਆਨ ਇਨ੍ਹਾਂ ਵਲੋਂ ਲੁਧਿਆਣਾ ਦੀ ਇਕ ਡੇਅਰੀ ਨੂੰ 500 ਲਿਟਰ ਮਿਲਾਵਟੀ ਦੁੱਧ ਸਪਲਾਈ ਕੀਤੇ ਜਾਣ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਅਧਿਕਾਰੀ ਉਸ ਦੇ ਮਾਲਕਾਂ ਨਾਲ ਸੰਪਰਕ ਕਰਨ ਦਾ ਯਤਨ ਕਰ ਰਹੇ ਹਨ।
ਅਧਿਕਾਰੀਆਂ ਅਨੁਸਾਰ ਮੁਰਗੀਦਾਣਾ ਮਿਲਾ ਕੇ ਨਕਲੀ ਦੁੱਧ ਬਣਾਉਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਦੋਂ ਤੋਂ ਇਹ ਧੰਦਾ ਕਰ ਰਹੇ ਸਨ। ਅਜਿਹਾ ਦੁੱਧ ਸਿਹਤ ਲਈ ਹਾਨੀਕਾਰਕ ਹੈ ਅਤੇ ਇਸ ਦੀ ਵਰਤੋਂ ਨਾਲ ਕੈਂਸਰ ਵੀ ਹੋ ਸਕਦਾ ਹੈ।
ਸ਼ਮਸ਼ਾਨਘਾਟ ਦੀ ਛੱਤ ਦਾ ਡਿੱਗਣਾ ਜਿਥੇ ਇਸ ਦੇ ਨਿਰਮਾਣ ’ਚ ਘਟੀਆ ਸਮੱਗਰੀ ਦੀ ਮਿਲਾਵਟ ਦਾ ਨਤੀਜਾ ਹੈ, ਉਥੇ ਦੁੱਧ ਦੀ ਮਾਤਰਾ ਦੁਗਣੀ ਕਰਨ ਲਈ ਮੁਰਗੀਦਾਣੇ ਦੀ ਵਰਤੋਂ ਵੀ ਓਨਾ ਹੀ ਗੰਭੀਰ ਅਪਰਾਧ ਅਤੇ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਅਨੁਸਾਰ ਹੈ ਕਿਉਂਕਿ ਮਿਲਾਵਟ ਕਿਸੇ ਵੀ ਤਰ੍ਹਾਂ ਦੀ ਹੋਵੇ ਖਤਰਨਾਕ ਹੀ ਹੁੰਦੀ ਹੈ, ਇਸ ਲਈ ਦੋਵੇਂ ਹੀ .ਨਾ ਮੁਆਫ ਕਰਨਯੋਗ ਅਪਰਾਧ ਹਨ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਹੀ ਜਾਣੀ ਚਾਹੀਦੀ ਹੈ।
ਇਸ ਸਬੰਧ ’ਚ ਬੀਤੀ 29 ਦਸੰਬਰ ਨੂੰ ਮੱਧ ਪ੍ਰਦੇਸ਼ ਸਰਕਾਰ ਵਲੋਂ ਖੁਰਾਕੀ ਵਸਤੂਆਂ ’ਚ ਮਿਲਾਵਟ ਨੂੰ ਰੋਕਣ ਲਈ ਇਕ ਆਰਡੀਨੈਂਸ ਪਾਸ ਕਰਕੇ ਉਮਰ ਕੈਦ ਦੀ ਵਿਵਸਥਾ ਸ਼ਲਾਘਾਯੋਗ ਕਦਮ ਹੈ, ਸਗੋਂ ਜੇਕਰ ਇਸ ਦੇ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਜਾ ਸਕੇ ਤਾਂ ਹੋਰ ਵੀ ਚੰਗਾ ਹੋਵੇਗਾ।
ਹੋਰਨਾਂ ਸੂਬਿਆਂ ’ਚ ਵੀ ਇਸ ਤਰ੍ਹਾਂ ਦੇ ਆਰਡੀਨੈਂਸ ਅਤੇ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ ਤਾਂਕਿ ਇਸ ਲਾਹਨਤ ’ਤੇ ਨੱਥ ਪਾ ਕੇ ਇਸ ਦੇ ਭੈੜੇ ਨਤੀਜੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।
–ਵਿਜੇ ਕੁਮਾਰ