ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਮਹਾਰਾਸ਼ਟਰ ''ਚ ਟਿਕਟਾਂ ਦੀ ਵੰਡ ਨੂੰ ਲੈ ਕੇ ਤਣਾਅ ਦੇ ਸੰਕੇਤ

Sunday, Aug 11, 2019 - 04:17 AM (IST)

ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਮਹਾਰਾਸ਼ਟਰ ''ਚ ਟਿਕਟਾਂ ਦੀ ਵੰਡ ਨੂੰ ਲੈ ਕੇ ਤਣਾਅ ਦੇ ਸੰਕੇਤ

ਸ਼ਿਵ ਸੈਨਾ ਤੇ ਭਾਜਪਾ ਦੇ ਨੇਤਾਵਾਂ 'ਚ ਇਕ-ਦੂਜੇ ਤੋਂ ਰੁੱਸਣ ਅਤੇ ਮਨਾਉਣ ਦੀ ਖੇਡ ਚੱਲਦੀ ਹੀ ਰਹਿੰਦੀ ਹੈ। ਇਸੇ ਮੁਤਾਬਕ ਇਸ ਸਾਲ 28 ਜਨਵਰੀ ਨੂੰ ਸ਼ਿਵ ਸੈਨਾ ਨੇ 2019 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਸੀ ਪਰ ਬਾਅਦ 'ਚ ਭਾਜਪਾ ਨਾਲ ਮਿਲ ਕੇ ਚੋਣਾਂ ਲੜਨ ਲਈ ਰਾਜ਼ੀ ਹੋ ਗਈ।
ਇਸੇ ਲਈ ਦੋਹਾਂ ਪਾਰਟੀਆਂ ਦੇ ਮਹਾਰਾਸ਼ਟਰ 'ਚ ਇਕੱਠਿਆਂ ਚੋਣ ਲੜਨ ਦੀ ਉਮੀਦ ਸੀ ਪਰ 3 ਤਲਾਕ ਅਤੇ ਧਾਰਾ 370 ਖਤਮ ਕਰਨ ਤੋਂ ਬਾਅਦ ਸਫਲਤਾ ਦੇ ਰੱਥ 'ਤੇ ਸਵਾਰ ਭਾਜਪਾ ਨੇ ਮਹਾਰਾਸ਼ਟਰ ਲਈ ਇਕ 'ਪਲਾਨ ਬੀ' ਤਿਆਰ ਕਰ ਲਿਆ ਹੈ।
ਇਸ ਦੇ ਤਹਿਤ ਭਾਜਪਾ ਆਪਣੀ ਮੌਜੂਦਾ ਸਥਿਤੀ ਦਾ ਲਾਭ ਉਠਾਉਂਦੇ ਹੋਏ ਵੱਧ ਤੋਂ ਵੱਧ ਸੀਟਾਂ 'ਤੇ ਚੋਣ ਲੜਨ ਅਤੇ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਸੀਟ 'ਤੇ ਵੀ ਦਾਅਵਾ ਕਰਨ ਦਾ ਇਰਾਦਾ ਰੱਖਦੀ ਹੈ, ਜਿਸ ਦੇ ਬਾਰੇ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਇਹ ਪ੍ਰਸਤਾਵਿਤ ਯੋਜਨਾ ਸ਼ਿਵ ਸੈਨਾ ਨੂੰ ਪ੍ਰੇਸ਼ਾਨ ਕਰ ਕੇ ਗੱਠਜੋੜ ਨੂੰ ਮੁਸੀਬਤ 'ਚ ਪਾ ਕੇ ਦੋਹਾਂ ਪਾਰਟੀਆਂ ਨੂੰ ਵੱਖ-ਵੱਖ ਚੋਣਾਂ ਲੜਨ ਲਈ ਮਜਬੂਰ ਕਰ ਸਕਦੀ ਹੈ।
ਇਕ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਨਵੇਂ ਫਾਰਮੂਲੇ ਅਨੁਸਾਰ ਦੋਵੇਂ ਪਾਰਟੀਆਂ ਓਨੀਆਂ ਹੀ ਸੀਟਾਂ 'ਤੇ ਚੋਣ ਲੜਨਗੀਆਂ, ਜਿੰਨੀਆਂ ਉਨ੍ਹਾਂ ਨੇ 2014 'ਚ ਜਿੱਤੀਆਂ ਸਨ।
20 ਸੀਟਾਂ ਭਾਜਪਾ ਦੇ ਛੋਟੇ ਗੱਠਜੋੜ ਸਹਿਯੋਗੀਆਂ ਲਈ ਛੱਡੀਆਂ ਜਾਣਗੀਆਂ, ਜੋ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ ਅਤੇ ਦੋਵਾਂ ਪਾਰਟੀਆਂ 'ਚ ਉਹੀ ਸੀਟਾਂ ਆਪਸ 'ਚ ਬਰਾਬਰ-ਬਰਾਬਰ ਵੰਡੀਆਂ ਜਾਣਗੀਆਂ, ਜਿਨ੍ਹਾਂ 'ਤੇ ਉਨ੍ਹਾਂ ਨੂੰ 2014 'ਚ ਹਾਰ ਮਿਲੀ ਸੀ।
ਇਸ ਤਰ੍ਹਾਂ ਭਾਜਪਾ ਦੀਆਂ ਕੁਲ ਸੀਟਾਂ 185 ਹੋ ਜਾਣਗੀਆਂ ਅਤੇ ਸ਼ਿਵ ਸੈਨਾ 103 ਸੀਟਾਂ 'ਤੇ ਚੋਣ ਲੜੇਗੀ। ਸੂਬਾਈ ਪਾਰਟੀ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ''ਆਪਣੀਆਂ ਜਿੱਤੀਆਂ ਹੋਈਆਂ ਸੀਟਾਂ ਅਸੀਂ ਕਿਸੇ ਦੂਜੀ ਪਾਰਟੀ ਲਈ ਕਿਉਂ ਛੱਡੀਏ? ਸਾਨੂੰ ਉਮੀਦ ਹੈ ਕਿ ਸ਼ਿਵ ਸੈਨਾ ਨੂੰ ਇਹ ਪਤਾ ਹੈ ਕਿ ਉਹ ਕਿੰਨੇ ਪਾਣੀ 'ਚ ਹੈ। ਲਿਹਾਜ਼ਾ ਉਹ ਇਸ ਫਾਰਮੂਲੇ ਨੂੰ ਸਵੀਕਾਰ ਕਰ ਲੈਣਗੇ।''
ਇਕ ਹੋਰ ਭਾਜਪਾ ਨੇਤਾ ਅਨੁਸਾਰ, ''2014 ਦੇ ਉਲਟ ਇਸ ਵਾਰ ਭਾਜਪਾ ਨੇਤਾ ਸ਼ਿਵ ਸੈਨਾ ਨਾਲ ਗੱਠਜੋੜ ਕਰਨ ਲਈ ਬੇਚੈਨ ਨਹੀਂ ਹਨ ਅਤੇ ਸ਼ਿਵ ਸੈਨਾ ਨਾਲ ਆਪਣੀਆਂ ਸ਼ਰਤਾਂ 'ਤੇ ਹੀ ਗੱਠਜੋੜ ਕਰਨਗੇ। ਇਸ ਵਾਰ ਦਿੱਲੀ ਤੋਂ ਕੋਈ ਵੱਡਾ ਨੇਤਾ ਊਧਵ ਠਾਕਰੇ ਦਾ ਹੰਕਾਰ ਸੰਤੁਸ਼ਟ ਕਰਨ ਲਈ ਮੁੰਬਈ ਨਹੀਂ ਆਵੇਗਾ ਅਤੇ ਸ਼ਿਵ ਸੈਨਾ ਨਾਲ ਭਾਜਪਾ ਇਹ ਸ਼ਰਤਾਂ ਮੰਨਣ 'ਤੇ ਹੀ ਗੱਠਜੋੜ ਕਰੇਗੀ, ਨਹੀਂ ਤਾਂ ਆਪਣੇ ਦਮ 'ਤੇ ਚੋਣ ਲੜੇਗੀ।''
ਦੂਜੇ ਪਾਸੇ ਸ਼ਿਵ ਸੈਨਾ ਦੇ ਇਕ ਨੇਤਾ ਦਾ ਕਹਿਣਾ ਹੈ ਕਿ ''ਆਦਿੱਤਿਆ ਠਾਕਰੇ ਦੀ ਜਨ ਆਸ਼ੀਰਵਾਦ ਯਾਤਰਾ ਨੂੰ ਮਹਾਰਾਸ਼ਟਰ 'ਚ ਭਾਰੀ ਸਮਰਥਨ ਮਿਲ ਰਿਹਾ ਹੈ। ਲਿਹਾਜ਼ਾ ਇਸ ਵਾਰ ਅਸੀਂ ਇਕੱਲੇ ਚੋਣਾਂ ਲੜਨ ਲਈ ਤਿਆਰ ਹਾਂ। ਸਾਨੂੰ ਪਤਾ ਹੈ ਕਿ ਭਾਜਪਾ ਅਜਿਹੀ ਪਾਰਟੀ ਨਹੀਂ ਹੈ, ਜਿਸ 'ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰ ਲਿਆ ਜਾਵੇ।''
ਉਨ੍ਹਾਂ ਨੇ ਸਾਨੂੰ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਧੋਖਾ ਦਿੱਤਾ ਸੀ ਅਤੇ ਸਾਨੂੰ ਇਸ ਵਾਰ ਵੀ ਇਹੀ ਖਦਸ਼ਾ ਹੈ। ਫਰਕ ਸਿਰਫ ਇੰਨਾ ਹੈ ਕਿ 2014 'ਚ ਅਸੀਂ ਤਿਆਰ ਨਹੀਂ ਸੀ ਪਰ 2019 'ਚ ਅਸੀਂ ਇਕੱਲੇ ਚੋਣਾਂ ਲੜਨ ਲਈ ਤਿਆਰ ਹਾਂ।''
ਕੁਲ ਮਿਲਾ ਕੇ ਇਕ ਵਾਰ ਫਿਰ ਦੋਹਾਂ ਗੱਠਜੋੜ ਸਹਿਯੋਗੀਆਂ 'ਚ ਕੁੜੱਤਣ ਦੇ ਬੀਜ ਫੁੱਟ ਰਹੇ ਦਿਖਾਈ ਦਿੰਦੇ ਹਨ। ਲਿਹਾਜ਼ਾ ਕਹਿਣਾ ਮੁਸ਼ਕਿਲ ਹੈ ਕਿ ਚੋਣਾਂ 'ਚ ਇਨ੍ਹਾਂ ਦਾ ਗੱਠਜੋੜ ਪ੍ਰਤੀ ਕੀ ਨਜ਼ਰੀਆ ਹੋਵੇਗਾ ਪਰ ਇੰਨਾ ਤੈਅ ਹੈ ਕਿ ਜੇਕਰ ਇਨ੍ਹਾਂ ਦੋਹਾਂ ਨੇ ਵੱਖ-ਵੱਖ ਚੋਣਾਂ ਲੜੀਆਂ ਤਾਂ ਦੋਵੇਂ ਪਾਰਟੀਆਂ ਘਾਟੇ 'ਚ ਰਹਿਣਗੀਆਂ।

                                                                                                —ਵਿਜੇ ਕੁਮਾਰ


author

KamalJeet Singh

Content Editor

Related News