ਦੇਸ਼ ’ਚ ਜਾਅਲਸਾਜ਼ਾਂ ਦਾ ਫੈਲਦਾ ਜਾਲ ਬੋਗਸ ਅਧਿਕਾਰੀ ਬਣ ਕੇ ਲੋਕਾਂ ਨੂੰ ਰਹੇ ਲੁੱਟ

10/03/2023 4:02:22 AM

ਹੁਣ ਤੱਕ ਤਾਂ ਦੇਸ਼ ’ਚ ਨਕਲੀ ਖਾਣ-ਪੀਣ ਵਾਲੀਆਂ ਵਸਤਾਂ, ਦਵਾਈਆਂ, ਨਕਲੀ ਖਾਦਾਂ ਅਤੇ ਕੀਟਨਾਸ਼ਕਾਂ, ਨਕਲੀ ਕਰੰਸੀ ਆਦਿ ਦੀ ਗੱਲ ਹੀ ਸੁਣੀ ਜਾਂਦੀ ਸੀ ਪਰ ਹੁਣ ਇਹ ਬੀਮਾਰੀ ਨਕਲੀ ਅਧਿਕਾਰੀਆਂ ਤੱਕ ਪਹੁੰਚਦੀ ਜਾ ਰਹੀ ਹੈ। ਹਾਲ ਹੀ ’ਚ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਾਅਲਸਾਜ਼ੀ ਦਾ ਧੰਦਾ ਕਿਸ ਹੱਦ ਤਕ ਤੇਜ਼ ਹੁੰਦਾ ਜਾ ਰਿਹਾ ਹੈ।

29 ਸਤੰਬਰ ਨੂੰ ਮੋਹਾਲੀ (ਪੰਜਾਬ) ਪੁਲਸ ਨੇ ਭਾਰੀ ਸਕਿਓਰਿਟੀ ਨਾਲ ਖੁਦ ਨੂੰ ਗ੍ਰਹਿ ਸਕੱਤਰ ਹਰਿਆਣਾ, ਪੰਜਾਬ ਪੁਲਸ ਦਾ ਇੰਸਪੈਕਟਰ, ਵਿਧਾਇਕ ਅਤੇ ਇਕ ਸਿਆਸੀ ਪਾਰਟੀ ਦਾ ਜਨਰਲ ਸਕੱਤਰ ਦੱਸ ਕੇ ਲੋਕਾਂ ਨਾਲ ਲਗਭਗ 35 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮੁੱਖ ਮੁਲਜ਼ਮ ‘ਸਰਬਜੀਤ ਸਿੰਘ ਸਿੱਧੂ’ ਨੂੰ ਉਸ ਦੇ 2 ਸਾਥੀਆਂ ਰਾਹੁਲ ਅਤੇ ਰਵੀ ਮਿਸ਼ਰਾ ਸਮੇਤ ਗ੍ਰਿਫਤਾਰ ਕੀਤਾ।

ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 50.40 ਲੱਖ ਰੁਪਏ ਨਕਦ, 99 ਗ੍ਰਾਮ ਸੋਨਾ, ਬੋਗਸ ਪਤੇ ’ਤੇ ਲਈ ਗਈ ਇਕ 45 ਬੋਰ ਅਤੇ ਇਕ .315 ਬੋਰ ਦੀ ਪਿਸਤੌਲ, ਅਨੇਕ ਫਰਜ਼ੀ ਆਈ ਕਾਰਡ, ਪੁਲਸ ਇੰਸਪੈਕਟਰ ਰੈਂਕ ਦੀ ਫਰਜ਼ੀ ਆਈ.ਡੀ., ਗ੍ਰਹਿ ਸਕੱਤਰ ਦਾ ਫਰਜ਼ੀ ਆਈ ਕਾਰਡ, ਵਿਦੇਸ਼ ਦੇ 5 ਫਰਜ਼ੀ ਡਰਾਈਵਿੰਗ ਲਾਇਸੈਂਸ, 40 ਬੋਗਸ ਵੀਜ਼ਾ ਸਟਿੱਕਰ, ਕੈਨੇਡਾ ਦੇ 20 ਫਰਜ਼ੀ ਪੀ. ਸੀ.ਆਰ., ਸਰਬਜੀਤ ਦਾ ਇਕ ਅਸਲੀ ਅਤੇ 3 ਫਰਜ਼ੀ ਪਾਸਪੋਰਟ ਜ਼ਬਤ ਕੀਤੇ ਗਏ।

ਇਹੀ ਨਹੀਂ, ਉਸ ਦੇ ਕਬਜ਼ੇ ’ਚੋਂ ਵਿਧਾਨ ਸਭਾ ਦੇ 5 ਸਟਿੱਕਰ, ਬੋਗਸ ਵੀਜ਼ਾ ਸਟਿੱਕਰਾਂ ਸਮੇਤ 60 ਪਾਸਪੋਰਟ, 10 ਕਮਾਂਡੋ ਵਰਦੀਆਂ, ਮੁੱਖ ਸਕੱਤਰ ਹਰਿਆਣਾ ਦਾ 1 ਫਲੈਗ, ਬੋਗਸ ਆਰ.ਸੀ. ਵਾਲੀਆਂ 6 ਕਾਰਾਂ, 2 ਲਾਲ-ਨੀਲੀਆਂ ਪੁਲਸ ਲਾਈਟਾਂ, 2 ਪਾਇਲਟ ਐਸਕਾਰਟ ਫਲੈਗ, 43 ਪਾਸ-ਬੁੱਕਾਂ, ਏ. ਟੀ. ਐੱਮ. ਕਾਰਡ ਆਦਿ ਸਾਮਾਨ ਜ਼ਬਤ ਕੀਤਾ ਹੈ।

ਐੱਸ.ਐੱਸ.ਪੀ. ਮੋਹਾਲੀ ਡਾ. ਸੰਦੀਪ ਕੁਮਾਰ ਗਰਗ ਅਨੁਸਾਰ ਮੁਲਜ਼ਮ ਸਰਬਜੀਤ ਦੇ ਸਾਰੇ ਬੈਂਕ ਅਕਾਊਂਟ ਅਤੇ ਕਾਰੋਬਾਰ ਰਾਹੁਲ ਸੰਭਾਲਦਾ ਸੀ ਅਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ 1 ਤੋਂ 2 ਲੱਖ ਰੁਪਏ ਲੈਂਦਾ ਸੀ। ਇਹ ਸਾਰੀ ਰਕਮ ਲਗਭਗ 61 ਬੈਂਕ ਖਾਤਿਆਂ ’ਚ ਟ੍ਰਾਂਸਫਰ ਕੀਤੀ ਜਾਂਦੀ ਸੀ।

ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਪੀੜ੍ਹਤ ਆਪਣੀ ਰਕਮ ਵਾਪਸ ਮੰਗਦਾ ਤਾਂ ਸਰਬਜੀਤ ਉਸ ਨੂੰ ਧੌਂਸ ਦਿਖਾ ਕੇ ਭਜਾ ਦਿੰਦਾ ਸੀ। ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਉਸ ਨੇ ਸੈਕਟਰ-82 ਸਥਿਤ ਆਪਣੇ ਇਮੀਗ੍ਰੇਸ਼ਨ ਦਫਤਰ ਅਤੇ ਡੇਰਾ ਬੱਸੀ ਸਥਿਤ ਕਲੱਬ ਅਤੇ ਜਿਮ ’ਚ ਲਗਭਗ 70 ਲੱਖ ਰੁਪਏ ਦਾ ਫਰਨੀਚਰ ਰੱਖਿਆ ਹੋਇਆ ਸੀ।

ਇਹ ਤਾਂ ਇਕ ਉਦਾਹਰਣ ਹੀ ਹੈ, ਇਸ ਤੋਂ ਇਲਾਵਾ ਵੀ ਕਈ ਛੋਟੇ-ਵੱਡੇ ਠੱਗਾਂ ਦੇ ਗਿਰੋਹ ਦੇਸ਼ ਦੇ ਚਾਰੇ ਪਾਸੇ ਸਰਗਰਮ ਹਨ :

* 29 ਸਤੰਬਰ ਨੂੰ ਹੀ ਮੰਡੀ (ਹਿਮਾਚਲ ਪ੍ਰਦੇਸ਼) ’ਚ ਖੁਦ ਨੂੰ ਸੀ. ਬੀ.ਆਈ. ਦਾ ਅਧਿਕਾਰੀ ਦੱਸ ਕੇ ਆਪਣੀ ਕਾਰ ’ਤੇ ‘ਕ੍ਰਾਈਮ ਬਿਊਰੋ ਆਫ ਇਨਵੈਸਟੀਗੇਸ਼ਨ’ ਦਾ ਸਟਿੱਕਰ ਲਗਾ ਕੇ ਘੁੰਮਣ ਵਾਲੇ ਇਕ ਵਿਅਕਤੀ ਨੂੰ ਸਾਈਬਰ ਪੁਲਸ ਥਾਣਾ ਦੀ ਟੀਮ ਨੇ ਫੜਿਆ। ਸੀ. ਬੀ. ਆਈ. ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਇਸ ਵਿਅਕਤੀ ਦੇ ਕਬਜ਼ੇ ’ਚੋਂ ਸੀ. ਬੀ. ਆਈ. ਅਤੇ ਪ੍ਰੈੱਸ ਰਿਪੋਟਰ ਦੇ ਜਾਅਲੀ ਆਈ ਕਾਰਡ ਵੀ ਬਰਾਮਦ ਕੀਤੇ ਗਏ।

* 22 ਸਤੰਬਰ ਨੂੰ ਕ੍ਰਾਈਮ ਬ੍ਰਾਂਚ ਇੰਦੌਰ (ਮੱਧ ਪ੍ਰਦੇਸ਼) ਦੀ ਟੀਮ ਨੇ ਫਰਜ਼ੀ ਸਾਈਬਰ ਸੈੱਲ ਅਧਿਕਾਰੀ ਬਣ ਕੇ ਸ਼ਿਕਾਇਤਕਰਤਾ ਕੋਲੋਂ 2.60 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਇਕ ਸ਼ਾਤਿਰ ਨੂੰ ਗ੍ਰਿਫਤਾਰ ਕੀਤਾ। ਉਸ ’ਤੇ ਹੋਰਨਾਂ ਕਈ ਲੋਕਾਂ ਕੋਲੋਂ ਵੀ ਭਾਰੀ ਰਕਮਾਂ ਠੱਗਣ ਦਾ ਦੋਸ਼ ਹੈ।

* 10 ਸਤੰਬਰ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਖੁਦ ਨੂੰ ਅੰਡਰ ਕਵਰ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਨਕਲੀ ਰੇਡ ਕਰਨ ਵਾਲੇ ਇਕ ਠੱਗ ਨੂੰ ਕਾਂਗੜਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ। ਉਸ ਦੇ ਕਬਜ਼ੇ ’ਚੋਂ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਮੈਂਬਰ ਹੋਣ ਦਾ ਨਕਲੀ ਆਈ ਕਾਰਡ, ਮੋਟਰਸਾਈਕਲ, ਇਕ ਕਾਰ ਅਤੇ ਇਕ ਪਿਸਤੌਲ ਦਾ ਕਵਰ ਆਦਿ ਕਬਜ਼ੇ ’ਚ ਲਏ ਗਏ।

* 6 ਸਤੰਬਰ ਨੂੰ ਇੰਦੌਰ (ਮੱਧ ਪ੍ਰਦੇਸ਼) ਵਿਖੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਖੁਦ ਨੂੰ ਦਿੱਲੀ ਕੇਡਰ ਦਾ ਆਈ. ਏ. ਐੱਸ. ਅਧਿਕਾਰੀ ਦੱਸ ਕੇ ਵੱਖ-ਵੱਖ ਸਰਕਾਰੀ ਦਫਤਰਾਂ ’ਚ ਬੇਲੋੜੇ ਕੰਮ ਕਰਵਾਉਣ ਵਾਲੇ ਇਕ ਸ਼ਾਤਿਰ ਨੂੰ ਗ੍ਰਿਫਤਾਰ ਕੀਤਾ। ਇੱਥੋਂ ਤੱਕ ਕਿ ਉਸ ਨੇ ਇਕ ਪੁਲਸ ਅਧਿਕਾਰੀ ਨੂੰ ਆਪਣੇ ਵਿਆਹ ਲਈ ਵੱਖ-ਵੱਖ ਕੁੜੀਆਂ ਦੇ ਬਾਇਓਡਾਟਾ ਤੱਕ ਇਕੱਠੇ ਕਰਨ ਦਾ ਕੰਮ ਵੀ ਸੌਂਪਿਆ ਹੋਇਆ ਸੀ।

* 5 ਸਤੰਬਰ ਨੂੰ ਸਿਮਡੇਗਾ (ਝਾਰਖੰਡ) ਵਿਖੇ ਨਕਲੀ ਆਰ. ਟੀ. ਓ. ਬਣ ਕੇ ਵਾਹਨ ਚਾਲਕਾਂ ਕੋਲੋਂ ਗੈਰ-ਕਾਨੂੰਨੀ ਵਸੂਲੀ ਕਰ ਰਹੇ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ।

* 4 ਸਤੰਬਰ ਨੂੰ ਦੇਹਰਾਦੂਨ (ਉੱਤਰਾਖੰਡ) ਵਿਖੇ ਸੀ. ਬੀ. ਆਈ. ਦੇ ਨਕਲੀ ਅਧਿਕਾਰੀ ਬਣ ਕੇ ਲੁੱਟਣ ਵਾਲੇ ਗਿਰੋਹ ਦਾ ਰਾਏਪੁਰ ਪੁਲਸ ਅਤੇ ਐੱਸ. ਓ. ਜੀ. ਨੇ ਪਰਦਾਫਾਸ਼ ਕਰ ਕੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁੱਟੀ ਗਈ 2 ਲੱਖ ਰੁਪਏ ਦੀ ਰਕਮ ਬਰਾਮਦ ਕਰ ਲਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ਵਿਚ ਜਾਅਲਸਾਜ਼ੀ ਦੀ ਬੁਰਾਈ ਕਿਸ ਹੱਦ ਤੱਕ ਵਧ ਰਹੀ ਹੈ ਅਤੇ ਅਪਰਾਧੀ ਅਨਸਰ ਕਿਸ ਤਰ੍ਹਾਂ ਗਿਣੇ-ਮਿੱਥੇ ਢੰਗ ਨਾਲ ਲੁੱਟ ਅਤੇ ਠੱਗੀ ਦਾ ਕਾਰੋਬਾਰ ਚਲਾ ਰਹੇ ਹਨ। ਇਸ ਲਈ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਉਹ ਸਮਾਜ ਅਤੇ ਦੇਸ਼ ਨਾਲ ਧੋਖਾ ਨਾ ਕਰ ਸਕਣ।

- ਵਿਜੇ ਕੁਮਾਰ


Anmol Tagra

Content Editor

Related News