ਦੇਸ਼ ’ਚ ਜਾਅਲਸਾਜ਼ਾਂ ਦਾ ਫੈਲਦਾ ਜਾਲ, ਬੋਗਸ ਆਈ. ਏ. ਐੱਸ., ਆਈ. ਪੀ. ਐੱਸ. ਬਣ ਰਹੇ ਅਧਿਕਾਰੀ

03/22/2023 2:12:22 AM

ਦੇਸ਼ ’ਚ ਨਕਲੀ ਖੁਰਾਕੀ ਪਦਾਰਥਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਨਕਲੀ ਕਰੰਸੀ ਆਦਿ ਦੀਆਂ ਗੱਲਾਂ ਹੀ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬੀਮਾਰੀ ਨਕਲੀ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਆਦਿ ਪੁਲਸ ਤੇ ਹੋਰ ਅਧਿਕਾਰੀਆਂ ਤੱਕ ਪਹੁੰਚਦੀ ਜਾ ਰਹੀ ਹੈ।

16 ਮਾਰਚ ਨੂੰ ਇਕ ਹਾਈ-ਪ੍ਰੋਫਾਈਲ ਮਾਮਲੇ ’ਚ ਜੰਮੂ-ਕਸ਼ਮੀਰ ਪੁਲਸ ਨੇ ਸ਼੍ਰੀਨਗਰ ’ਚ ਖੁਦ ਨੂੰ ਪ੍ਰਧਾਨ ਮੰਤਰੀ ਦਫਤਰ ਦਾ ਵਧੀਕ ਨਿਰਦੇਸ਼ਕ (ਰਣਨੀਤੀ ਅਤੇ ਮੁਹਿੰਮ) ਦੱਸਣ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਧਿਕਾਰਕ ਪ੍ਰੋਟੋਕਾਲ ਪ੍ਰਾਪਤ ਕਰਨ ਵਾਲੇ ‘ਕਿਰਣ ਭਾਈ ਪਟੇਲ’ ਨਾਂ ਦੇ ਵਿਅਕਤੀ ਨੂੰ ਫੜਿਆ।

ਇਸ ਵਿਅਕਤੀ ਨੇ ਮੱਧ ਕਸ਼ਮੀਰ ’ਚ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਸ ਦੇ ਨਾਲ ਐੱਸ. ਡੀ. ਐੱਮ. ਰੈਂਕ ਦਾ ਇਕ ਅਧਿਕਾਰੀ ਵੀ ਸੀ। ‘ਕਿਰਣ ਭਾਈ ਪਟੇਲ’ ’ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਵੀ ਧੋਖਾਦੇਹੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਠੱਗਿਆ ਹੈ। ਕਸ਼ਮੀਰ ਪੁਲਸ ਦੇ ਮੁਖੀ ਵਿਜੇ ਕੁਮਾਰ ਦੇ ਅਨੁਸਾਰ ਇਸ ਨੂੰ ਸਕਿਓਰਿਟੀ ਕਵਰ ਮੁਹੱਈਆ ਕਰਨਾ ਫੀਲਡ ਅਫਸਰ ਪੱਧਰ ’ਤੇ ਹੋਈ ਇਕ ਭੁੱਲ ਸੀ।

ਇਸ ਦੇ ਇਲਾਵਾ ਵੀ ਪਿਛਲੇ ਲਗਭਗ 2 ਮਹੀਨਿਆਂ ’ਚ ਨਕਲੀ ਅਧਿਕਾਰੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਕੁਝ ਹੇਠਾਂ ਹਨ :

* 11 ਜਨਵਰੀ ਨੂੰ ਬੇਂਗਲੁਰੂ (ਕਰਨਾਟਕ) ’ਚ ‘ਕੋਡਿਗੇਹੱਲੀ’ ਪੁਲਸ ਨੇ ਨਕਲੀ ਪੁਲਸ ਇੰਸਪੈਕਟਰ ਬਣ ਕੇ ਮੁਫਤ ’ਚ ਖਾਣ-ਪੀਣ ਅਤੇ ਦੁਕਾਨਦਾਰਾਂ ਨੂੰ ਡਰਾ-ਧਮਕਾ ਕੇ ਫਿਰੌਤੀ ਵਸੂਲਣ ਦੇ ਦੋਸ਼ ’ਚ ‘ਲੀਲਾਵਤੀ’ ਨਾਂ ਦੀ ਇਕ ਅਜਿਹੀ ਪੋਸਟ ਗ੍ਰੈਜੂਏਟ ਔਰਤ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਪਤੀ ਇੰਜੀਨੀਅਰ ਅਤੇ ਧੀ ਡਾਕਟਰ ਹੈ।

ਉਹ ਨਕਲੀ ਪੁਲਸ ਇੰਸਪੈਕਟਰ ਬਣ ਕੇ ਦੁਕਾਨਦਾਰਾਂ ਨੂੰ ਝੂਠੇ ਮਾਮਲੇ ਦਰਜ ਕਰ ਕੇ ਹਵਾਲਾਤ ’ਚ ਬੰਦ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਕੋਲੋਂ ਭੁਜੀਆ, ਗੋਬੀ, ਮਨਚੂਰੀਅਨ, ਪਾਨੀ ਪੂਰੀ, ਬਿਰਿਆਨੀ, ਬੇਕਰੀ ਦਾ ਸਾਮਾਨ ਅਤੇ ਹੋਰ ਵਸਤੂਆਂ ਘਰ ਲੈ ਆਉਂਦੀ ਸੀ।

‘ਲੀਲਾਵਤੀ’ ਨੇ ਇਕ ਹੋਟਲ ’ਚ ਪਕੌੜੇ ਖਾਣ ਦੇ ਬਾਅਦ ਲਿਜਾਣ ਲਈ ਪੈਕ ਵੀ ਕਰਵਾਏ ਅਤੇ ਜਦੋਂ ਹੋਟਲ ਮਾਲਕ ਨੇ ਪੈਸੇ ਮੰਗੇ ਤਾਂ ਉਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦੇ ਕੇ 100 ਰੁਪਏ ਰਿਸ਼ਵਤ ’ਚ ਲੈ ਲਏ।

* 20 ਫਰਵਰੀ ਨੂੰ ਜੰਮੂ ’ਚ ਖੁਦ ਨੂੰ ਮੱਧ ਪ੍ਰਦੇਸ਼ ਕਾਡਰ ਦਾ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਇਕ ਮੁਟਿਆਰ ਕੋਲੋਂ 7 ਲੱਖ ਰੁਪਏ ਠੱਗਣ ਦੇ ਦੋਸ਼ ’ਚ ਮੱਧ ਪ੍ਰਦੇਸ਼ ਸਰਕਾਰ ’ਚ ਚੌਥੀ ਸ਼੍ਰੇਣੀ ਦੇ ਮੁਲਾਜ਼ਮ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ।

* 22 ਫਰਵਰੀ ਨੂੰ ਰੁੜਕੀ (ਉੱਤਰਾਖੰਡ) ’ਚ ਪੁਲਸ ਨੇ ਫਰਜ਼ੀ ਇਨਕਮ ਟੈਕਸ ਅਧਿਕਾਰੀ ਦੇ ਰੂਪ ’ਚ ਦਾਖਲ ਹੋ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਕਾਰ, 2 ਲੱਖ ਰੁਪਏ ਨਕਦ ਤੇ ਹੋਰ ਸਾਮਾਨ ਬਰਾਮਦ ਕੀਤਾ।

* 01 ਮਾਰਚ ਨੂੰ ਆਗਰਾ (ਉੱਤਰ ਪ੍ਰਦੇਸ਼) ’ਚ ਖੁਦ ਨੂੰ ਆਈ. ਏ. ਐੱਸ. ਅਧਿਕਾਰੀ ਦੱਸ ਕੇ ਲੋਕਾਂ ਨੂੰ ਟੈਂਡਰ ਅਤੇ ਨੌਕਰੀ ਦਿਵਾਉਣ ਦੇ ਨਾਂ ’ਤੇ ਧੋਖਾ ਦੇਣ ਵਾਲੇ ਪੰਕਜ ਰਾਓ ਉਰਫ ਪੰਕਜ ਗੁਪਤਾ ਨੂੰ ਫੜਿਆ ਗਿਆ।

ਉਸ ਦੇ ਵਿਰੁੱਧ ਇਕ ਔਰਤ ਨੂੰ ਟੈਂਡਰ ਦਿਵਾਉਣ ਦੇ ਨਾਂ ’ਤੇ ਉਸ ਕੋਲੋਂ 14 ਲੱਖ ਰੁਪਏ ਠੱਗਣ ਦੇ ਇਲਾਵਾ ਸਹਾਰਨਪੁਰ ’ਚ ਵਿਆਹ ਦੇ ਲਈ ਇਸ਼ਤਿਹਾਰ ਦੇ ਕੇ ਇਕ ਔਰਤ ਨੂੰ ਆਪਣੇ ਜਾਲ ’ਚ ਫਸਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਵੀ ਦੋਸ਼ ਹੈ।

* 02 ਮਾਰਚ ਨੂੰ ਭਰਤਪੁਰ (ਰਾਜਸਥਾਨ) ਦੀ ਸਿਕਰੀ ਥਾਣਾ ਪੁਲਸ ਨੇ ਸ਼ੌਕ ਅਤੇ ਮੌਜ-ਮਸਤੀ ਦੇ ਲਈ ਫਰਜ਼ੀ ਇਨਕਮ ਟੈਕਸ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗਣ ਵਾਲੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।

* 03 ਮਾਰਚ ਨੂੰ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਭਾਰਤੀ ਫੌਜ ’ਚ ਨੌਕਰੀ ਦਿਵਾਉਣ ਦੇ ਬਹਾਨੇ ਨੌਜਵਾਨਾਂ ਨੂੰ ਠੱਗਣ ਵਾਲੇ ਇਕ ਗਿਰੋਹ ਦੇ ਮੈਂਬਰ ਅਤੁਲ ਮਾਥੁਰ ਨੂੰ ਨੋਇਡਾ ’ਚੋਂ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਲੈਫ. ਕਮਾਂਡਰ ਦੱਸਦਾ ਸੀ। ਉਸ ਦੇ ਕਬਜ਼ੇ ’ਚੋਂ ਭਾਰਤੀ ਥਲ ਅਤੇ ਜਲ ਸੈਨਾ ਦੇ ਅਧਿਕਾਰੀਆਂ ਦੀ ਵਰਦੀ, ਮੋਹਰਾਂ, ਪੈਡ, ਨੇਮ ਪਲੇਟ, ਕੰਟੀਨ ਕਾਰਡ, ਆਰਮੀ ਕੈਰੀ ਬੈਗ, ਮੋਬਾਇਲ, ਚੈੱਕ ਬੁੱਕ, ਆਧਾਰ ਕਾਰਡ, ਆਈ-ਕਾਰਡ, ਏ. ਟੀ. ਐੱਮ. ਆਦਿ ਬਰਾਮਦ ਕੀਤੇ ਗਏ।

* 11 ਮਾਰਚ ਨੂੰ ਆਜ਼ਮਗੜ੍ਹ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਫੌਜ ਦਾ ਫਰਜ਼ੀ ਲੈਫਟੀਨੈਂਟ ਦੱਸ ਕੇ ਲੋਕਾਂ ਨੂੰ ਠੱਗਣ ਵਾਲੇ ਸੰਤੋਸ਼ ਯਾਦਵ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਆਰਮੀ ਕੰਟੀਨ ਦੇ ਸਮਾਰਟ ਕਾਰਡ ਦੀ ਫੋਟੋ ਕਾਪੀ, ਐੱਨ. ਪੀ. ਐੱਸ. ਦੀ ਫੋਟੋ ਕਾਪੀ, 2 ਵਾਕੀ- ਟਾਕੀ ਸੈੱਟ, ਮੋਬਾਇਲ ਅਤੇ ਚਾਰਜਰ ਜ਼ਬਤ ਕੀਤੇ।

* 16 ਮਾਰਚ ਨੂੰ ਇੰਦੌਰ (ਮੱਧ ਪ੍ਰਦੇਸ਼) ਅਪਰਾਧ ਸ਼ਾਖਾ ਨੇ ਖੁਦ ਨੂੰ ਐੱਸ. ਡੀ. ਐੱਮ. ਦੱਸ ਕੇ ਸੂਬੇ ਦੇ ਕਈ ਸ਼ਹਿਰਾਂ ’ਚ ਲੋਕਾਂ ਨੂੰ ਸਰਕਾਰੀ ਵਿਭਾਗਾਂ ’ਚ ਨੌਕਰੀ ਤੇ ਸਰਕਾਰੀ ਜ਼ਮੀਨਾਂ ਦੇ ਪੱਟੇ ਦਿਵਾਉਣ ਦੇ ਬਹਾਨੇ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਮੁਕੇਸ਼ ਸਿੰਘ ਰਾਜਪੂਤ ਨੂੰ ਗ੍ਰਿਫਤਾਰ ਕੀਤਾ।

* 17 ਮਾਰਚ ਨੂੰ ਸਾਊਥ ਵੈਸਟ ਡਿਸਟ੍ਰਿਕਟ, ਦਿੱਲੀ ਪੁਲਸ ਦੀ ਟੀਮ ਨੇ ਵਿਦੇਸ਼ੀ ਠੱਗਾਂ ਦੇ ਇਕ ਅਜਿਹੇ ਗਿਰੋਹ ਦਾ ਪਰਦਫਾਸ਼ ਕੀਤਾ ਜੋ ਖੁਦ ਨੂੰ ਕ੍ਰਾਈਮ ਬਾਂਚ ਦੇ ਅਧਿਕਾਰੀ ਦੱਸ ਕੇ ਵਿਦੇਸ਼ੀ ਨਾਗਰਿਕਾਂ ਨਾਲ ਠੱਗੀ ਮਾਰ ਕੇ ਫਰਾਰ ਹੋ ਜਾਂਦੇ ਸਨ।

ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਾਜ਼ੀ ਦੀ ਬੁਰਾਈ ਕਿਸ ਕਦਰ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਝੂਠ ਅਤੇ ਜਾਅਲਸਾਜ਼ੀ ਦਾ ਸਹਾਰਾ ਲੈ ਕੇ ਉਹ ਸਮਾਜ ਅਤੇ ਦੇਸ਼ ਦੇ ਨਾਲ ਧੋਖਾ ਨਾ ਕਰ ਸਕਣ। -ਵਿਜੇ ਕੁਮਾਰ


Manoj

Content Editor

Related News