ਸਰਕਾਰੀ ਵਿਭਾਗਾਂ ਦੇ ਕੁਝ ‘ਕਾਰਨਾਮੇ’ ਬਣ ਰਹੇ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ
Thursday, Aug 25, 2022 - 01:11 AM (IST)
ਸਾਡੇ ਸਰਕਾਰੀ ਵਿਭਾਗ ਸਮੇਂ-ਸਮੇਂ ਉਤੇ ਅਜਿਹੇ ‘ਕਾਰਨਾਮੇ’ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਆਮ ਆਦਮੀ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਕਦੀ ਬਿਜਲੀ ਵਿਭਾਗ ਵਾਲੇ ਆਮ ਖਪਤਕਾਰਾਂ ਨੂੰ ਕਰੋੜਾਂ ਰੁਪਏ ਦਾ ਬਿੱਲ ਭੇਜ ਦਿੰਦੇ ਹਨ, ਕਦੀ ਇਨਕਮ ਟੈਕਸ ਵਿਭਾਗ ਵਾਲੇ ਅਣਕਿਆਸੀ ਰਾਸ਼ੀ ਦਾ ਨੋਟਿਸ ਭੇਜ ਕੇ ਅਤੇ ਕਦੀ ਬੈਂਕ ਵਾਲੇ ਕਿਸੇ ਆਮ ਆਦਮੀ ਦੇ ਖਾਤੇ ’ਚ ਗਲਤੀ ਨਾਲ ਲੱਖਾਂ ਕਰੋੜਾਂ ਰੁਪਏ ਦੀ ਐਂਟਰੀ ਪਾ ਕੇ ਉਸ ਦੇ ਲਈ ਸਿਰਦਰਦੀ ਪੈਦਾ ਕਰ ਦਿੰਦੇ ਹਨ।
ਉਕਤ ਵਿਭਾਗਾਂ ਦੀ ਲਾਪ੍ਰਵਾਹੀ ਦੀਆਂ ਕੁਝ ਕੁ ਤਾਜ਼ਾ ਉਦਾਹਰਣਾਂ ਹੇਠਾਂ ਹਨ :
* 23 ਜਨਵਰੀ ਨੂੰ ਭੀਲਵਾੜਾ (ਰਾਜਸਥਾਨ) ’ਚ ਬਿਜਲੀ ਵਿਭਾਗ ਨੇ ਇਕ ਕੱਚੇ ਘਰ ’ਚ ਰਹਿਣ ਵਾਲੇ ਗਰੀਬ ਪਰਿਵਾਰ ਨੂੰ ਇਕ ਮਹੀਨੇ ਦਾ 82,258 ਰੁਪਏ ਦਾ ਬਿਜਲੀ ਬਿੱਲ ਫੜਾ ਦਿੱਤਾ। ਇਸ ਤੋਂ ਇਕ ਮਹੀਨੇ ਪਹਿਲਾਂ ਵੀ ਝੌਂਪੜੀ ਦੇ ਮਾਲਿਕ ਨੂੰ 7000 ਰੁਪਏ ਤੋਂ ਵੱਧ ਰਕਮ ਦਾ ਬਿੱਲ ਆਇਆ ਸੀ।
* 6 ਅਪ੍ਰੈਲ ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ’ਚ ਬੇਹਟ ਤਹਿਸੀਲ ਦੇ ਛਿਵੈਰਹੇੜੀ ਪਿੰਡ ’ਚ ਚੱਕੀ ਚਲਾਉਣ ਵਾਲੇ ਵਿਨੋਦ ਸੈਣੀ ਨੂੰ ਬਿਜਲੀ ਵਿਭਾਗ ਨੇ 3 ਮਹੀਨੇ ’ਚ 3 ਲੱਖ 76 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਭੇਜ ਦਿੱਤਾ।
* 6 ਜੁਲਾਈ ਨੂੰ ਚੰਦਰਪੁਰ (ਮਹਾਰਾਸ਼ਟਰ) ’ਚ ਬਿਜਲੀ ਵਿਭਾਗ ਨੇ ਝੌਂਪੜੀ ’ਚ ਰਹਿਣ ਵਾਲੇ ਇਕ ਗਰੀਬ ਕਿਸਾਨ ਜਿਸ ਦੇ ਘਰ ’ਚ ਸਿਰਫ ਦੋ ਬਲਬ ਲੱਗੇ ਹਨ, ਨੂੰ ਇਕ ਮਹੀਨੇ ਦਾ ਬਿਜਲੀ ਦਾ ਬਿੱਲ 1 ਲੱਖ 380 ਰੁਪਏ ਭੇਜ ਦਿੱਤਾ।
* 26 ਜੁਲਾਈ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਦੀ ਇਕ ਔਰਤ ਨੂੰ 3419 ਕਰੋੜ ਰੁਪਏ ਦਾ ਬਿਜਲੀ ਬਿੱਲ ਭੇਜ ਕੇ ਬਿਜਲੀ ਵਿਭਾਗ ਨੇ ਇੰਨਾ ਵੱਡਾ ਝਟਕਾ ਦਿੱਤਾ ਕਿ ਬਿੱਲ ਦੀ ਰਕਮ ਸੁਣਦੇ ਹੀ ਉਸ ਦਾ ਸਹੁਰਾ ਬੀਮਾਰ ਪੈ ਗਿਆ।
* ਇੱਥੇ ਹੀ ਬਸ ਨਹੀਂ ਇਸ ਸਾਲ ਦੇ ਸ਼ੁਰੂ ’ਚ ਖਰਗੌਨ (ਮੱਧ ਪ੍ਰਦੇਸ਼) ਦੇ ਨਵਲਪੁਰਾ ਫਾਲਿਆ ਪਿੰਡ ’ਚ ਬਿਜਲੀ ਦੇ ਮੀਟਰ ਲਗਾ ਦੇਣ ਦੇ ਬਾਅਦ ਹੀ ਬਿਨਾਂ ਕੁਨੈਕਸ਼ਨ ਦਿੱਤੇ ਬਿਜਲੀ ਸਪਲਾਈ ਕੰਪਨੀ ਨੇ ਬਿੱਲ ਭੇਜਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪਿੰਡ ਵਾਸੀ ਹੈਰਾਨ ਰਹਿ ਗਏ।
* 26 ਜੁਲਾਈ ਨੂੰ ਹੀ ਬਿਹਾਰ ਦੇ ਲਖੀਸਰਾਏ ਬੜਹੀਆ ਨਗਰ ਦੇ ਵਾਰਡ ਨੰ.2 ਦੇ ਸੁਮਨ ਕੁਮਾਰ ਦੇ ਬੈਂਕ ਦੇ ਖਾਤੇ ’ਚ ਇਕਦਮ ਇਕ 1 ਖਰਬ, 33 ਕਰੋੜ, 42 ਲੱਖ, 58 ਹਜ਼ਾਰ, 400 ਰੁਪਏ ਆਉਣ ਦਾ ਮੈਸੇਜ ਦੇਖ ਕੇ ਉਹ ਹੈਰਾਨ ਰਹਿ ਗਿਆ।
* 27 ਜੁਲਾਈ ਨੂੰ ਰਾਜਸਥਾਨ ਦੇ ਸੁਲਤਾਨਪੁਰਾ ਪਿੰਡ ਦੇ ਕਿਸਾਨ ਸਾਂਵਰ ਲਾਲ ਨੂੰ ਇਨਕਮ ਟੈਕਸ ਵਿਭਾਗ ਵੱਲੋਂ 4 ਕਰੋੜ 60 ਲੱਖ ਰੁਪਏ ਇਨਕਮ ਟੈਕਸ ਅਦਾਇਗੀ ਦਾ ਨੋਟਿਸ ਮਿਲਿਆ ਤਾਂ ਪੂਰਾ ਪਰਿਵਾਰ ਭਾਰੀ ਤਣਾਅ ’ਚ ਆ ਗਿਆ।
ਇਸ ਤੋਂ ਪਹਿਲਾਂ ‘ਹੁਰੜਾ’ ਨਿਵਾਸੀ ਰੰਗਾਈ-ਪੁਤਾਈ ਦਾ ਕੰਮ ਕਰਨ ਵਾਲੇ ਗੋਵਿੰਦ ਭੀਲ ਨੂੰ 66 ਕਰੋੜ ਰੁਪਏ ਦੇ ਬਕਾਇਆ ਟੈਕਸ ਦਾ ਨੋਟਿਸ ਮਿਲਿਆ ਸੀ।
* 3 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲੇ ਦੇ ਇਕ ਪਿੰਡ ’ਚ ਬਿਹਾਰੀ ਲਾਲ ਨਾਂ ਦੇ ਇਕ ਵਿਅਕਤੀ ਨੇ ਆਪਣੇ ਪਿੰਡ ਦੇ ਜਨਸੇਵਾ ਕੇਂਦਰ ’ਚ ਸਥਿਤ ਬੈਂਕ ਆਫ ਇੰਡੀਆ ਦੇ ਆਪਣੇ ਜਨਧਨ ਖਾਤੇ ’ਚੋਂ 100 ਰੁਪਏ ਕਢਵਾਏ ਤਾਂ ਕੁਝ ਹੀ ਮਿੰਟ ਬਾਅਦ ਉਸ ਨੂੰ ਇਕ ਐੱਸ. ਐੱਮ. ਐੱਸ ਪ੍ਰਾਪਤ ਹੋਇਆ ਜਿਸ ’ਚ ਉਸ ਦੇ ਖਾਤੇ ’ਚ ਬਕਾਇਆ ਰਕਮ 2700 ਕਰੋੜ ਰੁਪਏ ਦੱਸੀ ਗਈ ਸੀ।
*21 ਅਗਸਤ ਨੂੰ ਬਿਹਾਰ ਦੇ ਖਗੜੀਆ ਜ਼ਿਲੇ ਦੇ ਮਧੌਨਾ ਪਿੰਡ ’ਚ ਰੋਜ਼ਾਨਾ ਲਗਭਗ 500 ਰੁਪਏ ਕਮਾਉਣ ਵਾਲੇ ਇਕ ਦਿਹਾੜੀਦਾਰ ਮਜ਼ਦੂਰ ਨੂੰ 37.5 ਲੱਖ ਰੁਪਏ ਦਾ ਇਨਕਮ ਟੈਕਸ ਨੋਟਿਸ ਮਿਲਣ ’ਤੇ ਉਸ ਦੇ ਹੋਸ਼ ਉਡ ਗਏ।
ਫਜ਼ੂਲ ਰਾਸ਼ੀ ਦੇ ਬਿੱਲਾਂ ਦੇ ਪਿੱਛੇ ਕੰਪਿਊਟਰ ਆਪ੍ਰੇਟਰਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ, ਜੋ ਬਿੱਲਾਂ ਦੀ ਪੰਚਿੰਗ ਕਰਦੇ ਹੋਏ ਗਲਤ ਰਾਸ਼ੀ ਭਰ ਕੇ ਖਪਤਕਾਰਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।
ਮੁਲਾਜ਼ਮਾਂ ਦੀ ਲਾਪ੍ਰਵਾਹੀ ਜਾਂ ਤਕਨੀਕੀ ਕਾਰਨਾਂ ਨਾਲ ਹੋਣ ਵਾਲੀਆਂ ਉਕਤ ਗਲਤੀਆਂ ਨਾਲ ਜਿੱਥੇ ਆਮ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ, ਉਥੇ ਹੀ ਇਸ ਦੇ ਹੋਰ ਦੁਖਦਾਈ ਨਤੀਜੇ ਸਾਹਮਣੇ ਆਉਣ ਤੋਂ ਵੀ ਨਾਂਹ ਨਹੀਂ ਕੀਤੀ ਜਾ ਸਕਦੀ।
ਇਸ ਲਈ ਅਜਿਹੇ ਮਾਮਲਿਆਂ ’ਚ ਸਬੰਧਤ ਵਿਭਾਗਾਂ ਵੱਲੋਂ ਪੂਰੀ ਸਾਵਧਾਨੀ ਵਰਤਣ ਦੇ ਨਾਲ-ਨਾਲ ਮੁਲਾਜ਼ਮਾਂ ਨੂੰ ਵੀ ਜਵਾਬਦੇਹ ਬਣਾਉਣ ਦੀ ਬੜੀ ਲੋੜ ਹੈ ਤਾਂ ਕਿ ਉਨ੍ਹਾਂ ਦੀ ਕੋਤਾਹੀ ਦੇ ਕਾਰਨ ਦੂਜਿਆਂ ਦੇ ਲਈ ਪ੍ਰੇਸ਼ਾਨੀ ਨਾ ਹੋਵੇ।
-ਵਿਜੇ ਕੁਮਾਰ