ਗਲਤ ਕੰਮਾਂ ਨਾਲ ਵਿਦੇਸ਼ਾਂ ’ਚ ਚੰਦ ਭਾਰਤੀ ਵਿਗਾੜ ਰਹੇ ਆਪਣੇ ਦੇਸ਼ ਦਾ ਅਕਸ
Wednesday, Sep 20, 2023 - 05:23 AM (IST)
ਇਕ ਪਾਸੇ ਵਿਦੇਸ਼ਾਂ ’ਚ ਵਸੇ ਭਾਰਤੀ ਮੂਲ ਦੇ ਲੋਕ ਪ੍ਰਧਾਨ ਮੰਤਰੀ, ਮੰਤਰੀ, ਸੰਸਦ ਮੈਂਬਰ ਅਤੇ ਹੋਰ ਉੱਚ ਅਹੁਦਿਆਂ ’ਤੇ ਪਹੁੰਚ ਰਹੇ ਹਨ ਤਾਂ ਦੂਜੇ ਪਾਸੇ ਚੰਦ ਭਾਰਤੀ ਹੱਤਿਆ, ਸਮੱਗਲਿੰਗ, ਧੋਖਾਧੜੀ ਅਤੇ ਬੁਰੇ ਵਿਹਾਰ ਦੇ ਨਤੀਜੇ ਵਜੋਂ ਆਪਣੀਆਂ ਸਮਾਜ ਵਿਰੋਧੀ ਸਰਗਰਮੀਆਂ ਨਾਲ ਆਪਣੇ ਦੇਸ਼ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।
* 16 ਸਤੰਬਰ ਨੂੰ ਸਿੰਗਾਪੁਰ ਦੇ ਮੰਦਰ ’ਚ ਇਕ ਔਰਤ ਨੂੰ ਥੱਪੜ ਮਾਰਨ, ਅਸ਼ਲੀਲ ਗੱਲਾਂ ਕਰਨ ਅਤੇ ਮਾੜੀ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ’ਚ ਇਕ ਭਾਰਤੀ ਵਕੀਲ ‘ਰਵੀ ਮਦਾਸਾਮੀ’ ਵਿਰੁੱਧ ਕੇਸ ਦਰਜ ਕੀਤਾ ਗਿਆ।
* 15 ਸਤੰਬਰ ਨੂੰ ਪੱਛਮੀ ਲੰਡਨ ’ਚ ਇਕ ਕੌਮਾਂਤਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਸਮੱਗਲਿੰਗ ਗਿਰੋਹ ਦੇ ਪੰਜਾਬੀ ਮੂਲ ਦੇ ਸਰਗਣਾ ਚਰਨ ਸਿੰਘ ਸਮੇਤ 16 ਲੋਕਾਂ ਨੂੰ 70 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ। ਇਸ ਗਿਰੋਹ ’ਤੇ 7 ਕਰੋੜ ਪੌਂਡ ਰਕਮ ਇੰਗਲੈਂਡ ਤੋਂ ਬਾਹਰ ਸਮੱਗਲ ਕਰਨ, ਨਸ਼ਿਆਂ ਦੇ ਵਪਾਰ ਅਤੇ ਮਨੁੱਖੀ ਸਮੱਗਲਿੰਗ ’ਚ ਸ਼ਾਮਲ ਹੋਣ ਦੇ ਦੋਸ਼ ਹਨ।
ਇਸ ਗਿਰੋਹ ਦੇ ਮੈਂਬਰਾਂ ’ਚ ‘ਅਮਰਜੀਤ ਅਲਾਬਾਦੀਸ’, ਬਲਜੀਤ ਸਿੰਘ, ਸਵਿੰਦਰ ਸਿੰਘ ਢੱਲ, ਜੋਗਿੰਦਰ ਕਪੂਰ, ਜੈਕਦਾਰ ਕਪੂਰ, ਮਨਮੋਹਨ ਸਿੰਘ ਕਪੂਰ, ਪਿੰਕੀ ਕਪੂਰ ਅਤੇ ਜਸਬੀਰ ਮਲਹੋਤਰਾ ਆਦਿ ਸ਼ਾਮਲ ਹਨ।
* 15 ਸਤੰਬਰ ਨੂੰ ਹੀ ਸਿੰਗਾਪੁਰ ’ਚ ਸ਼ਰਾਬ ਦੇ ਨਸ਼ੇ ’ਚ ਆਪਣੇ ਹਮਵਤਨ ਸਾਥੀ ਦੀ ਉਂਗਲੀ ਦਾ ਇਕ ਹਿੱਸਾ ਕੱਟ ਦੇਣ ਦੇ ਦੋਸ਼ ’ਚ ਥੰਗਾਰਾਸੂ ਰੇਂਗਾਸਵਾਮੀ ਨਾਂ ਦੇ ਭਾਰਤੀ ਨੂੰ 10 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ।
* 12 ਸਤੰਬਰ ਨੂੰ ਬ੍ਰਿਟਿਸ਼ ਕੋਲੰਬੀਆ ’ਚ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦੇ ਦੋਸ਼ ’ਚ 2 ਕੈਨੇਡੀਅਨ ਸਿੱਖਾਂ ਜਗਪਾਲ ਸਿੰਘ ਹੋਠੀ ਅਤੇ ਜਸਮਾਨ ਸਿੰਘ ਬਸਰਨ ਨੂੰ ਕ੍ਰਮਵਾਰ 3 ਸਾਲ ਅਤੇ ਡੇਢ ਸਾਲ ਦੀ ਬਾਸ਼ਰਤ ਸਜ਼ਾ ਸੁਣਾਈ ਗਈ ਜਿਸ ਦੌਰਾਨ ਉਹ ਆਪਣੇ ਘਰਾਂ ’ਚ ਹੀ ਬੰਦ ਰਹਿਣਗੇ।
* 11 ਸਤੰਬਰ ਨੂੰ ਸਿੰਗਾਪੁਰ ’ਚ ਭਾਰਤੀ ਮੂਲ ਦੇ ‘ਮਾਈਕਲ ਨਗਨਸੇਕਰਨ’ ਨਾਂ ਦੇ ਵਿਅਕਤੀ ਨੂੰ ‘ਸ਼ਣਮੁਗਮ ਵੇਗਾਟਾਚਲਮ’ ਨਾਂ ਦੇ ਵਿਅਕਤੀ ’ਤੇ ਖਤਰਨਾਕ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਸੱਟ ਪਹੁੰਚਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 8 ਸਤੰਬਰ ਨੂੰ ਅਮਰੀਕਾ ਦੇ ਵਾਸ਼ਿੰਗਟਨ ’ਚ ਕਥਿਤ ਤੌਰ ’ਤੇ ਹੀਰਿਆਂ, ਸੋਨੇ ਅਤੇ ਜਿਊਲਰੀ ਨਾਲ ਜੁੜੀਆਂ ਕੰਪਨੀਆਂ ਚਲਾ ਰਹੇ ਰਾਜ ਵੈਦਿਆ, ਰਾਕੇਸ਼ ਵੈਦਿਆ, ਸ਼੍ਰੇਅ ਵੈਦਿਆ ਅਤੇ ਨੀਲ ਪਟੇਲ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ 60 ਕਰੋੜ ਡਾਲਰ ਦੇ ਨਾਜਾਇਜ਼ ਲੈਣ–ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 5 ਸਤੰਬਰ ਨੂੰ ਸਿੰਗਾਪੁਰ ’ਚ ਭਾਰਤੀ ਮੂਲ ਦੇ ਗਾਇਕ ਸੁਭਾਸ਼ ਨਾਇਰ ਨੂੰ ਨਸਲੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਦੁਰਭਾਵਨਾ ਨੂੰ ਵਧਾਉਣ ਦਾ ਯਤਨ ਕਰਨ ਦਾ ਦੋਸ਼ੀ ਪਾਏ ਜਾਣ ’ਤੇ 6 ਹਫਤੇ ਦੀ ਸਜ਼ਾ ਸੁਣਾਈ ਗਈ।
* 1 ਸਤੰਬਰ ਨੂੰ ਅਮਰੀਕਾ ਦੇ ਨਿਊਜਰਸੀ ’ਚ ਇਕ ਭਾਰਤੀ-ਅਮਰੀਕੀ ‘ਮਨੋਜ ਯਾਦਵ’ ਨੂੰ ਟੈਕਨੀਕਲ ਸਪੋਰਟ ਕੰਪਨੀ ਦੇ ਘਪਲੇ ’ਚ ਸ਼ਾਮਲ ਹੋਣ ਅਤੇ 7000 ਤੋਂ ਵੱਧ ਲੋਕਾਂ ਨਾਲ ਲਗਭਗ 1.3 ਕਰੋੜ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 30 ਅਗਸਤ ਨੂੰ ਵਾਸ਼ਿੰਗਟਨ ’ਚ ਟੈਲੀਫੋਨ ਸੇਵਾ ਦੇਣ ਵਾਲੀ ਅਤੇ ਬੀਮਾ ਕੰਪਨੀਆਂ ਨਾਲ ਧੋਖਾਧੜੀ ਕਰਨ ਅਤੇ ਫਰਜ਼ੀ ਦਾਅਵੇ ਅਤੇ ਨਕਲੀ ਪਛਾਣ ਪੱਤਰ ਦੀ ਵਰਤੋਂ ਕਰ ਕੇ ਅਮਰੀਕਾ ਤੋਂ ਬਾਹਰ ਵੱਖ-ਵੱਖ ਯੰਤਰ ਭੇਜਣ ਦੇ ਦੋਸ਼ ’ਚ ਇਕ ਭਾਰਤੀ ‘ਪਰਾਗ ਭਾਵਸਾਰ’ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
* 22 ਅਗਸਤ ਨੂੰ 2 ਨੇਪਾਲੀ ਬੱਚਿਆਂ ਨੂੰ ਅਗਵਾ ਕਰਨ ਦੇ ਦੋਸ਼ ’ਚ ‘ਤਬਰੇਜ਼ ਆਲਮ’ ਨਾਂ ਦੇ ਇਕ ਵਿਅਕਤੀ ਨੂੰ ਉਸ ਸਮੇਂ ਭਾਰਤ-ਨੇਪਾਲ ਸਰਹੱਦ ’ਤੇ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ 9 ਮਹੀਨੇ ਦੀ ਇਕ ਬੱਚੀ ਅਤੇ 2 ਸਾਲ ਦੇ ਇਕ ਬੱਚੇ ਨੂੰ ਬੋਰੀ ’ਚ ਭਰ ਕੇ ਭਾਰਤ ਲਿਜਾ ਰਿਹਾ ਸੀ।
* 12 ਅਗਸਤ ਨੂੰ ਅਮਰੀਕਾ ’ਚ 33 ਸਾਲਾ ਇਕ ਭਾਰਤੀ ਡਾ. ਸੁਦੀਪਤ ਮੋਹੰਤੀ ਨੂੰ ਹੋਨੋਲੂਲੂ ਤੋਂ ਬੋਸਟਨ ਜਾ ਰਹੇ ਜਹਾਜ਼ ’ਚ ਆਪਣੇ ਨਾਲ ਬੈਠੀ 14 ਸਾਲਾ ਲੜਕੀ ਦੇ ਸਾਹਮਣੇ ਅਸ਼ਲੀਲ ਹਰਕਤ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 18 ਜੂਨ ਨੂੰ ਇੰਗਲੈਂਡ ’ਚ ਇਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 6 ਸਾਲ 9 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਵਿਦੇਸ਼ਾਂ ’ਚ ਰਹਿ ਕੇ ਉੱਥੋਂ ਦੇ ਕਾਨੂੰਨ ਦਾ ਪਾਲਣ ਕਰ ਕੇ ਖੁਦ ਨੂੰ ਇਕ ਚੰਗਾ ਭਾਰਤੀ ਸਿੱਧ ਕਰਨ ਦੀ ਥਾਂ ਇਸ ਤਰ੍ਹਾਂ ਦੀਆਂ ਕਾਨੂੰਨ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਨੂੰ ਕਦੀ ਵੀ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਲਈ ਅਜਿਹੇ ਲੋਕਾਂ ਨੂੰ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਜਿੰਨੀ ਵੀ ਸਖਤ ਸਜ਼ਾ ਦਿੱਤੀ ਜਾਵੇ ਘੱਟ ਹੀ ਹੋਵੇਗੀ।
- ਵਿਜੇ ਕੁਮਾਰ