‘ਸੰਤ ਸਮਾਜ ਦੀ ਬਦਨਾਮੀ’ ਦਾ ਕਾਰਨ ਬਣ ਰਹੇ ਲੋਕਾਂ ਨੂੰ ਠੱਗਣ ਵਾਲੇ ‘ਕੁਝ ਢੋਂਗੀ ਬਾਬਾ’

Friday, Oct 06, 2023 - 04:36 AM (IST)

‘ਸੰਤ ਸਮਾਜ ਦੀ ਬਦਨਾਮੀ’ ਦਾ ਕਾਰਨ ਬਣ ਰਹੇ ਲੋਕਾਂ ਨੂੰ ਠੱਗਣ ਵਾਲੇ ‘ਕੁਝ ਢੋਂਗੀ ਬਾਬਾ’

ਸੰਤ-ਮਹਾਤਮਾ ਦੇਸ਼ ਅਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਖੁਦ ਬਣੇ ਬਾਬਾ ਅਤੇ ਤਾਂਤਰਿਕ ਇਸ ਦੇ ਉਲਟ ਆਚਰਣ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।

ਜਿੱਥੇ ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ ‘ਸ਼ਿਵਮੂਰਤੀ ਮੁਰੂਘਾ ਸ਼ਰਣਾਰੂ’ ਆਦਿ ਨੂੰ ਸੈਕਸ ਸ਼ੋਸ਼ਣ ਆਦਿ ਹੋਰ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਉੱਥੇ ਹੀ ਕੁਝ ਬਾਬਿਆਂ ਨੂੰ ਭੋਲੇ-ਭਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ, ਔਰਤਾਂ ਨੂੰ ਸੰਤਾਨ ਦੇਣ, ਇਲਾਜ ਦੇ ਨਾਂ ’ਤੇ ਉਨ੍ਹਾਂ ਕੋਲੋਂ ਰਕਮਾਂ ਠੱਗਣ, ਜਬਰ-ਜ਼ਨਾਹ ਕਰਨ ਤੇ ਨਰਬਲੀ ਦੇਣ ਦੇ ਦੋਸ਼ਾਂ ਹੇਠ ਫੜਿਆ ਗਿਆ ਹੈ।

ਅਜਿਹੀਆਂ ਘਟਨਾਵਾਂ ਦੀਆਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 3 ਅਕਤੂਬਰ ਨੂੰ ਖੰਨਾ (ਪੰਜਾਬ) ’ਚ ਅਰਵਿੰਦ ਨਾਂ ਦੇ ਇਕ ਨੌਜਵਾਨ ਨੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਇਕ 4 ਸਾਲਾ ਬੱਚੇ ਨੂੰ ਅਗਵਾ ਕਰ ਕੇ ਹੱਤਿਆ ਤੋਂ ਬਾਅਦ ਲਾਸ਼ ਖੇਤਾਂ ’ਚ ਸੁੱਟ ਦਿੱਤੀ।

* 30 ਸਤੰਬਰ ਨੂੰ ਵਰਿੰਦਾਵਨ (ਉੱਤਰ ਪ੍ਰਦੇਸ਼) ’ਚ ਇਕ ਮਹਿਲਾ ਨਾਲ ਵਿਆਹ ਕਰਨ ਅਤੇ ਉਸ ਨੂੰ ਕਥਾਵਾਚਕ ਬਣਾ ਦੇਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਢੋਂਗੀ ਬਾਬਾ ਨੂੰ ਗ੍ਰਿਫਤਾਰ ਕੀਤਾ ਗਿਆ।

* 7 ਅਗਸਤ ਨੂੰ ਜਬਲਪੁਰ (ਮੱਧ ਪ੍ਰਦੇਸ਼) ’ਚ ਪੁਲਸ ਨੇ ‘ਪ੍ਰਦੀਪ ਲੀਓ’ ਨਾਂ ਦੇ ਨੌਜਵਾਨ ਨੂੰ ਜਾਦੂ-ਟੂਣਾ ਕਰ ਕੇ ਰੇਲਵੇ ’ਚ ਨਿਯੁਕਤੀ ਦਾ ਫਰਜ਼ੀ ਜੁਆਇਨਿੰਗ ਲੈਟਰ ਫੜਾਉਣ, ਘਰ ’ਚ ਨੱਪੇ ਖਜ਼ਾਨੇ ਦਾ ਸਬਜ਼ਬਾਗ ਦਿਖਾਉਣ ਅਤੇ ਉਸ ’ਤੇ ਮੌਤ ਦੇ ਪਰਛਾਵੇਂ ਦਾ ਡਰ ਦਿਖਾ ਕੇ ਤੰਤਰ-ਮੰਤਰ ਤੇ ਉਤਾਰਾ ਕਰਨ ਦੇ ਬਹਾਨੇ ਉਸ ਕੋਲੋਂ 30 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਜਾਵੇਦ ਅਲੀ ਨਾਂ ਦੇ ਇਕ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ।

* 16 ਜੁਲਾਈ, 2023 ਨੂੰ ਨਾਸਿਕ (ਮਹਾਰਾਸ਼ਟਰ) ’ਚ ਲੁਕੇ ਖਜ਼ਾਨੇ ਦੀ ਭਾਲ ’ਚ ਇਕ ਰਸਮ ਅਧੀਨ ਇਕ 9 ਸਾਲਾ ਬੱਚੇ ਦੀ ਬਲੀ ਦੇਣ ਤੋਂ ਬਾਅਦ ਲਾਸ਼ ਜ਼ਮੀਨ ’ਚ ਅੱਧੀ ਦਫਨਾ ਦੇਣ ਦੇ ਦੋਸ਼ ਹੇਠ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

* 11 ਜੂਨ ਨੂੰ ਕੋਟਾ (ਰਾਜਸਥਾਨ) ’ਚ ਇਕ ਢੋਂਗੀ ਬਾਬਾ ‘ਨਵਾਬ ਨਾਥ’ ਚਾਹ ਪੀਣ ਦੇ ਬਹਾਨੇ ਸਾਧੂ ਭੇਸ ’ਚ ਇਕ ਮਕਾਨ ’ਚ ਜਾ ਵੜਿਆ ਤੇ ਕੋਮਾ ’ਚ ਚੱਲ ਰਹੇ ਇਕ ਨੌਜਵਾਨ ਨੂੰ ਤੰਤਰ ਵਿੱਦਿਆ ਨਾਲ ਠੀਕ ਕਰਨ ਦੇ ਬਹਾਨੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰ ਕੇ 17 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।

* 22 ਮਾਰਚ ਨੂੰ ਪੀਲੀਭੀਤ (ਉੱਤਰ ਪ੍ਰਦੇਸ਼) ਦੇ ‘ਸਿਰਸਾ’ ਪਿੰਡ ’ਚ ਤੰਤਰ-ਮੰਤਰ ਦੇ ਚੱਕਰ ’ਚ ਪੂਰੇ ਪਿੰਡ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਇਕ ਢੋਂਗੀ ਬਾਬਾ ਕਰਨ ਸਿੰਘ ਕੁਸ਼ਵਾਹਾ ਨੂੰ ਗ੍ਰਿਫਤਾਰ ਕੀਤਾ ਗਿਆ।

ਸੁੰਦਰ ਮਹਿਲਾ ਦਾ ਭੇਸ ਬਣਾ ਕੇ ਪੂਜਾ-ਪਾਠ ਕਰਨ ਵਾਲੇ ਇਸ ਢੋਂਗੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੀਆਂ ਔਰਤਾਂ ਉਸ ਨੂੰ ਆਪਣਾ ਦੁੱਖ ਦੱਸਣ ਅਤੇ ਅਰਜ਼ੀ ਲਾਉਣ ਲਈ ਉਸ ਕੋਲ ਆਉਣ ਲੱਗੀਆਂ।

ਇਸ ਦੌਰਾਨ ‘ਬਾਬਾ’ ਤੰਤਰ-ਮੰਤਰ ਅਤੇ ਝਾੜ-ਫੂਕ ਰਾਹੀਂ ਇਲਾਜ ਦੇ ਨਾਂ ’ਤੇ ਉਨ੍ਹਾਂ ਨੂੰ ਠੱਗਣ ਲੱਗਾ। ਕਈ ਔਰਤਾਂ ਨੇ ਤਾਂ ਆਪਣੇ ਘਰਵਾਲਿਆਂ ਤੋਂ ਲੁਕਾ ਕੇ ਆਪਣੇ ਗਹਿਣੇ ਅਤੇ ਸਾਰੀ ਜਮ੍ਹਾਂ ਪੂੰਜੀ ਉਸ ਦੇ ‘ਦਰਬਾਰ’ ’ਚ ਅਰਪਿਤ ਕਰ ਦਿੱਤੀ।

ਇਥੋਂ ਤੱਕ ਕਿ ਇਸ ‘ਬਾਬਾ’ ਨੇ ਇਕ ਪੇਂਡੂ ਦੀ ਜ਼ਮੀਨ ਵੀ ਆਪਣੇ ਨਾਂ ਕਰਵਾ ਲਈ ਅਤੇ ਉਸ ’ਤੇ ਇਕ ਆਸ਼ਰਮ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਪਰ ਇਸੇ ਦਰਮਿਆਨ ਭੇਤ ਖੁੱਲ੍ਹ ਗਿਆ ਅਤੇ ਪੁਲਸ ਨੇ ਉਸ ਨੂੰ ਫੜ ਲਿਆ।

* 10 ਜਨਵਰੀ ਨੂੰ ਫਤੇਹਾਬਾਦ (ਹਰਿਆਣਾ) ਦੀ ਇਕ ਅਦਾਲਤ ਨੇ ਝਾੜ-ਫੂਕ ਦੀ ਆੜ ਹੇਠ ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ‘ਜਲੇਬੀ ਬਾਬਾ’ ਉਰਫ ‘ਅਮਰਪੁਰੀ’ ਉਰਫ ‘ਬਿੱਲੂ’ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।

ਉਸ ਦੇ ਡੇਰੇ ਦੀ ਤਲਾਸ਼ੀ ਦੌਰਾਨ ਤੰਤਰ ਵਿੱਦਿਆ ਦਾ ਸਾਮਾਨ, ਨਸ਼ੀਲੀਆਂ ਗੋਲੀਆਂ ਅਤੇ ਵੱਖ-ਵੱਖ ਔਰਤਾਂ ਨਾਲ 120 ਇਤਰਾਜ਼ਯੋਗ ਵੀਡੀਓ ਬਰਾਮਦ ਹੋਈਆਂ।

ਉਹ ਤੰਤਰ-ਮੰਤਰ ਨਾਲ ਭੂਤਾਂ ਦੇ ਪਰਛਾਵੇਂ ਤੋਂ ਮੁਕਤ ਕਰਨ ਦੇ ਨਾਂ ’ਤੇ ਔਰਤਾਂ ਨੂੰ ਕਿਸੇ ਪੀਣ ਵਾਲੀ ਵਸਤੂ ਵਿਚ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕਰਨ ਤੋਂ ਬਾਅਦ ਉਨ੍ਹਾਂ ਦਾ ਜਬਰ-ਜ਼ਨਾਹ ਕਰ ਕੇ ਵੀਡੀਓ ਬਣਾ ਲੈਂਦਾ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ।

ਯਕੀਨਨ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਦੇ ਲਈ ਕਿਸੇ ਹੱਦ ਤੱਕ ਔਰਤਾਂ ਅਤੇ ਹੋਰ ਲੋਕ ਵੀ ਦੋਸ਼ੀ ਹਨ, ਜੋ ਇਨ੍ਹਾਂ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ ਅਤੇ ਸੰਤਾਨ ਪ੍ਰਾਪਤੀ, ਘਰੇਲੂ ਸਮੱਸਿਆ ਦਾ ਨਿਪਟਾਰਾ ਆਦਿ ਦੇ ਲੋਭ ਵਿਚ ਆਪਣਾ ਸਭ ਕੁਝ ਲੁਟਾ ਬੈਠਦੇ ਹਨ।

ਲਿਹਾਜ਼ਾ ਇਸ ਮਾਮਲੇ ਵਿਚ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਵਿਸ਼ੇਸ਼ ਤੌਰ ’ਤੇ ਘਰ ਦੇ ਵੱਡੇ-ਬਜ਼ੁਰਗਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਦੇ ਢੋਂਗੀ ਬਾਬਿਆਂ ਦੇ ਜਾਲ ਵਿਚ ਫਸਣ ਤੋਂ ਬਚਣ ਲਈ ਚੌਕਸ ਅਤੇ ਜਾਗਰੂਕ ਕਰਨਾ ਚਾਹੀਦਾ ਹੈ। –ਵਿਜੇ ਕੁਮਾਰ


author

Anmol Tagra

Content Editor

Related News