ਲੋਕ ਪ੍ਰਤੀਨਿਧੀਆਂ ’ਤੇ ਲੱਗ ਰਹੇ ਔਰਤਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼
Sunday, Dec 24, 2023 - 06:38 AM (IST)
ਹਾਲਾਂਕਿ ਲੋਕ ਪ੍ਰਤੀਨਿਧੀਆਂ ਤੋਂ ‘ਸਾਦਾ ਜੀਵਨ ਅਤੇ ਉੱਚ ਵਿਚਾਰ’ ਦੀ ਨੀਤੀ ਅਪਣਾਉਣ ਤੇ ਲੋਕ ਸੇਵਾ ਦੀ ਆਸ ਕੀਤੀ ਜਾਂਦੀ ਹੈ ਪਰ ਕਈ ਆਗੂ ਲੋਕਾਂ ਦੇ ਸਾਹਮਣੇ ਆਦਰਸ਼ ਉਦਾਹਰਣ ਪੇਸ਼ ਕਰਨ ਦੀ ਬਜਾਏ ਅਨੈਤਿਕ ਆਚਰਣ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ’ਚ ਔਰਤਾਂ ਵਿਰੁੱਧ ਸੈਕਸ ਸ਼ੋਸ਼ਣ ਅਤੇ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧ ਵੀ ਸ਼ਾਮਲ ਹਨ।
* 21 ਜੁਲਾਈ ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ’ਚ ਆਪਣੇ ਨੌਕਰ ਆਕਾਸ਼ ਕੇਸਰੀ ਨਾਲ ਮਿਲ ਕੇ ਇਕ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦਾ ਗਰਭਪਾਤ ਕਰਵਾਉਣ ਦੇ ਦੋਸ਼ ’ਚ ਭਾਜਪਾ ਦੇ ਪਿਛੜਾ ਮੋਰਚਾ ਮੰਡਲ ਪ੍ਰਧਾਨ ਵਿਜੇ ਗੁਪਤਾ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
* 29 ਜੁਲਾਈ ਨੂੰ ਅੰਬਿਕਾਪੁਰ (ਛੱਤੀਸਗੜ੍ਹ) ’ਚ ਕਾਂਗਰਸ ਦੇ ਯੂਥ ਵਿੰਗ ਐੱਨ.ਐੱਸ.ਯੂ.ਆਈ. ਦੇ ਜ਼ਿਲਾ ਉਪ-ਪ੍ਰਧਾਨ ਅਫ਼ਸਰ ਅਲੀ ਅਤੇ ਉਸ ਦੇ ਸਾਥੀ ਵਿਰੁੱਧ 11ਵੀਂ ਜਮਾਤ ’ਚ ਪੜ੍ਹਨ ਵਾਲੀ ਇਕ ਨਾਬਾਲਿਗਾ ਨੂੰ ਆਪਣੀ ਵਾਸਨਾ ਦਾ ਸ਼ਿਕਾਰ ਬਣਾਉਣ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ।
* 31 ਅਗਸਤ ਨੂੰ ਬਸਤੀ (ਉੱਤਰ ਪ੍ਰਦੇਸ਼) ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਕਈ ਵਾਰ ਜਬਰ-ਜ਼ਨਾਹ ਅਤੇ ਉਸ ਦਾ ਸ਼ੋਸ਼ਣ ਕਰਨ, ਜਿਸ ਦੇ ਨਤੀਜੇ ਵਜੋਂ ਗਰਭਵਤੀ ਹੋਣ ’ਤੇ ਉਸ ਨੂੰ ਗਰਭਪਾਤ ਕਰਵਾਉਣਾ ਪਿਆ, ਦੇ ਦੋਸ਼ ’ਚ ਸਮਾਜਵਾਦੀ ਪਾਰਟੀ ਦੇ ਆਗੂ ਅਤੇ ਨਗਰ ਪੰਚਾਇਤ, ਰੂਧੌਲੀ ਦੇ ਪ੍ਰਧਾਨ ਧੀਰ ਸੇਨ ਨਿਸ਼ਾਦ ਨੂੰ ਗ੍ਰਿਫਤਾਰ ਕੀਤਾ ਗਿਆ।
* 17 ਸਤੰਬਰ ਨੂੰ ਇਕ ਨਾਬਾਲਿਗਾ ਨਾਲ ਰੇਪ ਅਤੇ ਉਸ ਦੇ ਪਿਤਾ ਦੀ ਹੱਤਿਆ ਦੇ ਮਾਮਲੇ ’ਚ ਕੇਸ ਦਰਜ ਹੋਣ ਪਿੱਛੋਂ ਫਰਾਰ ਚੱਲ ਰਹੇ ਮਹਾਰਾਜਗੰਜ (ਉੱਤਰ ਪ੍ਰਦੇਸ਼) ਦੇ ਭਾਜਪਾ ਆਗੂ ਮਾਸੂਮ ਰਜ਼ਾ ਨੂੰ ਪੁਲਸ ਨੇ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ।
ਦੋਸ਼ ਹੈ ਕਿ ਮਾਸੂਮ ਰਜ਼ਾ ਨੇ ਪੀੜਤਾ ਨੂੰ ਬਿਆਨ ਬਦਲਣ ਲਈ 9 ਲੱਖ ਰੁਪਏ ਦੀ ਪੇਸ਼ਕਸ਼ ਕਰਨ ਦੇ ਇਲਾਵਾ ਬਿਆਨ ਨਾ ਬਦਲਣ ’ਤੇ ਉਸ ਦੇ ਭਰਾ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਸੀ।
* 8 ਦਸੰਬਰ ਨੂੰ ਬਾਰਾਸਾਤ (ਪੱਛਮੀ ਬੰਗਾਲ) ’ਚ ਭਾਜਪਾ ਦੀ ਸੂਬਾ ਕਮੇਟੀ ਦੇ ਮੈਂਬਰ ਪ੍ਰੀਤਮ ਰਾਏ ਨੂੰ 25 ਸਾਲਾ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 14 ਦਸੰਬਰ ਨੂੰ ਸੋਨਭਦਰ (ਉੱਤਰ ਪਦੇਸ਼) ਦੀ ਇਕ ਐੱਮ.ਪੀ./ਐੱਮ.ਐੱਲ.ਏ. ਅਦਾਲਤ ਨੇ ‘ਦੁੱਧੀ’ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਰਾਮ ਦੁਲਾਰ ਗੋਂਡ ਨੂੰ 9 ਸਾਲ ਪਹਿਲਾਂ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰ ਦੇਣ ਦੇ ਦੋਸ਼ ’ਚ 25 ਸਾਲ ਸਖਤ ਕੈਦ ਦੀ ਸਜ਼ਾ ਦੇਣ ਦੇ ਇਲਾਵਾ 10 ਲੱਖ ਰੁਪਏ ਜੁਰਮਾਨਾ ਲਾਇਆ, ਜੋ ਪੀੜਤਾ ਦੇ ਮੁੜ-ਵਸੇਬੇ ਲਈ ਵਰਤਿਆ ਜਾਵੇਗਾ।
ਇਸ ਕੇਸ ’ਚ ਨਿਆਂ ਪਾਉਣ ਲਈ 2013 ਤੋਂ ਸੰਘਰਸ਼ ਕਰ ਰਹੇ ਪੀੜਤਾ ਦੇ ਪਿਤਾ ਨੂੰ ਭਾਰੀ ਕਸ਼ਟ ਝੱਲਣੇ ਪਏ। ਇਸ ਦੌਰਾਨ ਉਸ ਦੀ 4 ਬਿੱਘੇ ਜ਼ਮੀਨ ਵਿਕ ਗਈ ਅਤੇ ਉਸ ’ਤੇ 20 ਲੱਖ ਰੁਪਏ ਦਾ ਕਰਜ਼ਾ ਵੀ ਚੜ੍ਹ ਗਿਆ।
* 22 ਦਸੰਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ’ਚ ‘ਜਨ ਸੱਤਾ ਦਲ’ ਦੇ ਇਕ ਆਗੂ ਤੇ ਪਾਰਟੀ ਦੇ ਬਰੇਲੀ ਤਹਿਸੀਲ ਇੰਚਾਰਜ ਵਿਪਿਨ ਪ੍ਰਤਾਪ ਸਿੰਘ ਨੂੰ ਇਕ 16 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਪੀੜਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਚ ਕਿਹਾ ਿਗਆ ਹੈ ਕਿ ਜਦ ਉਸ ਨੇ ਵਿਪਿਨ ਪ੍ਰਤਾਪ ਸਿੰਘ ’ਤੇ ਉਸ ਨਾਲ ਵਿਆਹ ਕਰਨ ਦਾ ਦਬਾਅ ਪਾਇਆ ਤਾਂ ਵਿਪਿਨ ਨੇ ਨਾ ਸਿਰਫ ਇਨਕਾਰ ਕਰ ਦਿੱਤਾ ਸਗੋਂ ਉਸ ਨਾਲ ਕੁੱਟ-ਮਾਰ ਵੀ ਕੀਤੀ।
* 22 ਦਸੰਬਰ ਨੂੰ ਹੀ ਇਕ ਔਰਤ ਨੇ ਬਾੜਮੇਰ (ਰਾਜਸਥਾਨ) ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਮੇਵਾਰਾਮ ਜੈਨ ਅਤੇ ਰਾਜਸਥਾਨ ਪੁਲਸ ਸੇਵਾ ਦੇ ਅਧਿਕਾਰੀ ਆਨੰਦ ਸਿੰਘ ਰਾਜਪੁਰੋਹਿਤ, ਬਾੜਮੇਰ ਦੇ ਥਾਣਾ ਇੰਚਾਰਜ ਗੰਗਾਰਾਮ ਖਾਵਾ ਅਤੇ ਡੀ.ਐੱਸ.ਪੀ. ਦਾਊਦ ਖਾਨ ਸਮੇਤ 9 ਲੋਕਾਂ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਨਾਬਾਲਿਗ ਧੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ।
ਔਰਤ ਨੇ ਐੱਫ.ਆਈ.ਆਰ. ’ਚ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੀ ਧੀ ਦੀ ਇਕ ਨਾਬਾਲਿਗ ਸਹੇਲੀ ਨਾਲ ਵੀ ਜਬਰ-ਜ਼ਨਾਹ ਕੀਤਾ ਅਤੇ ਉਸ ’ਤੇ ਦੂਜੀਆਂ ਕੁੜੀਆਂ ਲਿਆਉਣ ਦਾ ਵੀ ਦਬਾਅ ਬਣਾਇਆ। ਥਾਣਾ ਇੰਚਾਰਜ ਸ਼ਕੀਲ ਅਹਿਮਦ ਨੇ ਐੱਫ.ਆਈ.ਆਰ. ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੈਨ ਅਤੇ 8 ਹੋਰਨਾਂ ਵਿਰੁੱਧ ਸਮੂਹਿਕ ਜਬਰ-ਜ਼ਨਾਹ, ਡਰਾਉਣ-ਧਮਕਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੇ ਹੋਰ ਅਜਿਹੇ ਮਾਮਲੇ ਹੋ ਰਹੇ ਹੋਣਗੇ ਜੋ ਧਿਆਨ ’ਚ ਨਹੀਂ ਆਏ ਹੋਣਗੇ। ਇਸ ਲਈ ਇਸ ਤਰ੍ਹਾਂ ਦਾ ਆਚਰਣ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਅਤੇ ਦੂਜਿਆਂ ਨੂੰ ਸਬਕ ਮਿਲੇ।
- ਵਿਜੇ ਕੁਮਾਰ