ਲੱਗ ਗਈ ਲਾਟਰੀ! ਘਰ ਦੀ ਸਫ਼ਾਈ ਦੌਰਾਨ ਬੰਦੇ ਨੂੰ ਮਿਲੇ 36 ਸਾਲਾ ਪੁਰਾਣੇ ਰਿਲਾਇੰਸ ਦੇ ਸ਼ੇਅਰ
Wednesday, Mar 12, 2025 - 09:44 PM (IST)

ਚੰਡੀਗੜ੍ਹ - ਸਟਾਕ ਮਾਰਕੀਟ ਇਨ੍ਹੀਂ ਦਿਨੀਂ ਅਜਿਹੀ ਬਣ ਗਈ ਹੈ ਕਿ ਆਮ ਆਦਮੀ ਵੀ ਇਸ ਵਿਚ ਦਿਲਚਸਪੀ ਦਿਖਾਉਣ ਲੱਗ ਪਿਆ ਹੈ। ਬਹੁਤ ਸਾਰੇ ਸ਼ੇਅਰ ਖਰੀਦਦੇ ਅਤੇ ਵੇਚਦੇ ਹਨ ਅਤੇ ਮਾਰਕੀਟ ਦੀ ਸਥਿਤੀ 'ਤੇ ਨਜ਼ਰ ਰੱਖਦੇ ਹਨ। ਹਾਲਾਂਕਿ ਕੁਝ ਸਾਲ ਪਹਿਲਾਂ ਤੱਕ ਅਜਿਹਾ ਨਹੀਂ ਸੀ। ਫਿਰ ਵੀ, ਜਿਨ੍ਹਾਂ ਲੋਕਾਂ ਕੋਲ ਜਾਣਕਾਰੀ ਸੀ, ਉਨ੍ਹਾਂ ਨੇ ਸ਼ੇਅਰ ਵੀ ਖਰੀਦੇ ਹਨ ਅਤੇ ਅਚਾਨਕ ਪਤਾ ਲੱਗਾ ਕਿ ਉਹ ਅਮੀਰ ਹੋ ਗਏ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ।
ਸ਼ੇਅਰਾਂ ਦੀ ਕਿੰਨੀ ਹੈ ਕੀਮਤ ?
ਚੰਡੀਗੜ੍ਹ ਵਾਸੀ ਰਤਨ ਢਿੱਲੋਂ ਦੀ ਕਿਸਮਤ ਉਦੋਂ ਬਦਲ ਗਈ ਜਦੋਂ ਆਪਣੇ ਘਰ ਦੀ ਸਫ਼ਾਈ ਕਰਦਿਆਂ ਉਸ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਭੌਤਿਕ ਸ਼ੇਅਰ ਮਿਲੇ, ਜਿਨ੍ਹਾਂ ਦੀ ਕੀਮਤ ਅੱਜ ਲਗਭਗ 11 ਲੱਖ ਰੁਪਏ ਹੈ। ਦਸਤਾਵੇਜ਼ਾਂ ਅਨੁਸਾਰ ਇਹ 30 ਇਕੁਇਟੀ ਸ਼ੇਅਰ 1988 ਵਿੱਚ 10 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦੇ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਖਰੀਦਣ ਵਾਲਾ ਵਿਅਕਤੀ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ
ਸ਼ੇਅਰ ਬਾਜ਼ਾਰ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਢਿੱਲੋਂ ਨੇ ਇਨ੍ਹਾਂ ਸ਼ੇਅਰ ਦਸਤਾਵੇਜ਼ਾਂ ਦੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ ਅਤੇ ਲੋਕਾਂ ਤੋਂ ਸਲਾਹ ਮੰਗੀ ਕਿ ਉਨ੍ਹਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ 11 ਮਾਰਚ ਨੂੰ ਸਵੇਰੇ 9 ਵਜੇ ਇਹ ਪੋਸਟ ਕੀਤਾ ਸੀ ਅਤੇ ਇਹ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ ਸੀ। ਹੁਣ ਤੱਕ 10 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੁਝ ਯੂਜ਼ਰਸ ਨੇ ਸ਼ੇਅਰਾਂ ਦੀ ਮੌਜੂਦਾ ਕੀਮਤ 'ਤੇ ਨਜ਼ਰ ਮਾਰਦਿਆਂ ਕਿਹਾ ਕਿ ਤਿੰਨ ਸਟਾਕ ਸਪਲਿਟ ਅਤੇ ਦੋ ਬੋਨਸ ਤੋਂ ਬਾਅਦ ਹੁਣ ਉਨ੍ਹਾਂ ਦੇ 30 ਸ਼ੇਅਰ ਵਧ ਕੇ 960 ਹੋ ਗਏ ਹਨ, ਜਿਨ੍ਹਾਂ ਦੀ ਕੀਮਤ 11 ਤੋਂ 12 ਲੱਖ ਰੁਪਏ ਦੇ ਵਿਚਕਾਰ ਹੈ।
ਲੋਕਾਂ ਨੇ ਕੀ ਦਿੱਤੀ ਸਲਾਹ ?
ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਕਿਹਾ ਕਿ ਰਤਨ ਭਾਈ, ਘਰ ਨੂੰ ਹੋਰ ਚੰਗੀ ਤਰ੍ਹਾਂ ਸਾਫ ਕਰੋ, ਕੌਣ ਜਾਣਦਾ ਹੈ ਕਿ ਤੁਹਾਨੂੰ MRF ਦੇ ਕੁਝ ਪੁਰਾਣੇ ਸ਼ੇਅਰ ਵੀ ਮਿਲ ਜਾਣ। ਕੁਝ ਲੋਕਾਂ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਸਬੰਧਤ ਕੰਪਨੀ ਨੂੰ ਈਮੇਲ ਕਰਕੇ ਇਹਨਾਂ ਸ਼ੇਅਰਾਂ ਨੂੰ ਡੀਮੈਟ ਕਰਨ ਅਤੇ ਉਨ੍ਹਾਂ ਵੱਲੋਂ ਦੱਸੀ ਪ੍ਰਕਿਰਿਆ ਅਨੁਸਾਰ ਡਿਜੀਟਲ ਰੂਪ ਵਿੱਚ ਆਪਣੇ ਡੀਮੈਟ ਖਾਤੇ ਵਿੱਚ ਟਰਾਂਸਫਰ ਕਰਵਾਉਣ। ਇਕ ਯੂਜ਼ਰ ਨੇ ਇਹ ਵੀ ਦੱਸਿਆ ਕਿ ਇਸ ਦੇ ਲਈ ਦਸਤਾਵੇਜ਼ਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਹੋਵੇਗੀ, ਜਿਸ ਤੋਂ ਬਾਅਦ ਇਨ੍ਹਾਂ ਸ਼ੇਅਰਾਂ ਨੂੰ ਆਨਲਾਈਨ ਟਰਾਂਸਫਰ ਕੀਤਾ ਜਾ ਸਕਦਾ ਹੈ।