ਨੌਕਰੀ ਦੇਣ ਦੀ ਆੜ ’ਚ ਵਧ ਰਿਹਾ ‘ਸੈਕਸ ਬਲੈਕਮੇਲਿੰਗ’ ਦਾ ਕਾਲਾ ਕਾਰੋਬਾਰ
Tuesday, Jun 20, 2023 - 01:27 AM (IST)

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੇ ਜ਼ਰੀਏ ਸੈਕਸ ਸਰਵਿਸ, ਅਸ਼ਲੀਲ ਵੀਡੀਓ ਕਾਲਿੰਗ ਅਤੇ ਚੰਗੀ ਨੌਕਰੀ ਵਰਗੇ ਤਰ੍ਹਾਂ-ਤਰ੍ਹਾਂ ਦੇ ਕੰਮਾਂ ਦੀ ਆੜ ’ਚ ਆਨਲਾਈਨ ਸੈਕਸੂਅਲ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਹਾਲ ਹੀ ’ਚ ਕਈ ਸ਼ਹਿਰਾਂ ’ਚ ਅਜਿਹੇ ਲੋਕ ਫੜੇ ਗਏ ਹਨ। ਪੰਚਕੂਲਾ ਪੁਲਸ ਨੇ 14 ਜੂਨ ਨੂੰ ‘ਸੈਕਸ ਐਸਕਾਰਟ ਸਰਵਿਸ’ ਦੇਣ ਦੇ ਨਾਂ ’ਤੇ ਘੱਟੋ-ਘੱਟ 100 ਲੋਕਾਂ ਨਾਲ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸੇ ਦਿਨ ਆਗਰਾ ’ਚ ਅਸ਼ਲੀਲ ਵੀਡੀਓ ਕਾਲ ਕਰ ਕੇ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲਿਆਂ ਨੇ ਇਕ ਅਧਿਆਪਕ ਤੋਂ 5 ਲੱਖ ਰੁਪਏ ਆਪਣੇ ਖਾਤਿਆਂ ’ਚ ਟਰਾਂਸਫਰ ਕਰਵਾ ਲਏ।
ਸਾਈਬਰ ਠੱਗ ਲੋਕਾਂ ਤੋਂ ਸੈਕਸੂਅਲ ਬਲੈਕਮੇਲਿੰਗ ਭਾਵ ਸੈਕਸਟਾਰਸ਼ਨ ਕਰ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ ਕੁਝ ਸਾਲਾਂ ਦੌਰਾਨ ਭਾਰਤ ’ਚ ਸੈਕਸਟਾਰਸ਼ਨ ਦੀਆਂ ਘਟਨਾਵਾਂ ’ਚ ਦੋਗੁਣਾ ਤੋਂ ਵੀ ਵੱਧ ਵਾਧਾ ਹੋਇਆ ਹੈ ਅਤੇ ਭਾਰਤ ਇਸ ’ਚ ਦੁਨੀਆ ਦੇ ਟਾਪ 10 ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ।
ਇਨ੍ਹਾਂ ਠੱਗਾਂ ਦਾ ਬਲੈਕਮੇਲ ਕਰਨ ਦਾ ਤਰੀਕਾ ਕੁਝ ਇਸ ਤਰ੍ਹਾਂ ਦਾ ਹੈ ਕਿ ਪਹਿਲਾਂ ਤਾਂ ਸ਼ਿਕਾਰ ਨੂੰ ਵੈੱਬਕੈਮ ਜਾਂ ਮੋਬਾਇਲ ਰਾਹੀਂ ਵੀਡੀਓ ਕਾਲ ਕੀਤੀ ਜਾਂਦੀ ਹੈ ਅਤੇ ਫਿਰ ਓਧਰੋਂ ਅਸ਼ਲੀਲ ਹਰਕਤਾਂ ਕਰ ਰਹੀ ਕੋਈ ਅਨਜਾਣ ਲੜਕੀ ਦਿਖਾਈ ਦਿੰਦੀ ਹੈ ਜਿਸਦਾ ਸਕ੍ਰੀਨਸ਼ਾਟ ਲੈ ਕੇ ਬਦਮਾਸ਼ ਸੇਵ ਕਰ ਲੈਂਦੇ ਹਨ।
ਫਿਰ ਆਪਣੇ ਸ਼ਿਕਾਰ ਨੂੰ ਇਹ ਵੀਡੀਓ ਭੇਜ ਕੇ ਜਲਦੀ ਨਾਲ ਉਸ ਨੂੰ ਦੱਸੇ ਗਏ ਬੈਂਕ ਅਕਾਊਂਟ ’ਚ ਇਕ ਨਿਸ਼ਚਿਤ ਰਕਮ ਪਾਉਣ ਲਈ ਕਿਹਾ ਜਾਂਦਾ ਹੈ ਅਤੇ ਅਜਿਹਾ ਨਾ ਕਰਨ ’ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ’ਚ ਦਿੱਲੀ ਦੇ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ’ਤੇ ‘ਪਲੇਅ ਬੁਆਏ’ ਅਤੇ ‘ਮਸਾਜ ਬੁਆਏ’ ਦੀ ਨੌਕਰੀ ਦਾ ਵਿਗਿਆਪਨ ਦੇ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਠੱਗਣ ਲਈ ਬਾਕਾਇਦਾ ਇਕ ਕਾਲ ਸੈਂਟਰ ਖੋਲ੍ਹਿਆ ਹੋਇਆ ਸੀ ਅਤੇ ਇਸ ’ਚ ਸਿਰਫ ਔਰਤਾਂ ਨੂੰ ਹੀ ਰੱਖਿਆ ਗਿਆ ਸੀ।
ਇਸ ਗਿਰੋਹ ਦੀ ਗ੍ਰਿਫਤਾਰੀ ਸ਼ਾਹਦਰਾ ਦੇ ਇਕ ਬੇਰੋਜ਼ਗਾਰ ਨੌਜਵਾਨ ਦੀ ਸ਼ਿਕਾਇਤ ’ਤੇ ਕੀਤੀ ਗਈ ਜਿਸ ਤੋਂ ‘ਪਲੇਅ ਬੁਆਏ’ ਦੀ ਨੌਕਰੀ ਦਿਵਾਉਣ ਲਈ ਬਤੌਰ ਰਜਿਸਟ੍ਰੇਸ਼ਨ ਫੀਸ 40,000 ਰੁਪਏ ਲੈਣ ਤੋਂ ਬਾਅਦ ਦੋਸ਼ੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਸੀ।
ਇਸੇ ਤਰ੍ਹਾਂ ਸੋਸ਼ਲ ਮੀਡੀਆ ’ਤੇ ਹਾਈਪ੍ਰੋਫਾਈਲ ਔਰਤਾਂ ਨਾਲ ਮੀਟਿੰਗ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਕਈ ਗਿਰੋਹ ਸਰਗਰਮ ਹਨ। ਇਸੇ ਸਾਲ ਮਾਰਚ ’ਚ ਪੁਲਸ ਨੇ ਦਿੱਲੀ ’ਚ ਇਕ ਅਜਿਹੇ ਸ਼ੈਤਾਨ ਨੂੰ ਗ੍ਰਿਫਤਾਰ ਕੀਤਾ ਸੀ, ਜੋ ਔਰਤਾਂ ਦੀ ਆਵਾਜ਼ ’ਚ ਨੌਜਵਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾਉਂਦਾ ਸੀ।
ਇਸੇ ਸਾਜ਼ਿਸ਼ ਦੇ ਅਧੀਨ ਅੱਜਕਲ ਮੋਬਾਇਲ ਫੋਨਾਂ ’ਤੇ ਇਸ ਤਰ੍ਹਾਂ ਦੇ ਵ੍ਹਟਸਐਪ ਮੈਸੇਜ ਭੇਜ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ 18 ਜੂਨ ਨੂੰ ਜਲੰਧਰ ’ਚ ਸਾਹਮਣੇ ਆਇਆ, ਜਦੋਂ ਇਕ ਨੌਜਵਾਨ ਨੇ ਵ੍ਹਟਸਐਪ ’ਤੇ ਅਜਿਹਾ ਹੀ ਸੰਦੇਸ਼ ਪ੍ਰਾਪਤ ਹੋਣ ’ਤੇ ਦਿੱਤੇ ਗਏ ਨੰਬਰ ’ਤੇ ਸੰਪਰਕ ਕੀਤਾ ਤਾਂ ਉਸ ਨੂੰ ਫਗਵਾੜਾ ਦੇ ਨੇੜੇ ਸਥਿਤ ਇਕ ਦਫਤਰ ’ਚ ਆਉਣ ਲਈ ਬੁਲਾਇਆ ਗਿਆ।
ਉਥੇ ਮੌਜੂਦ ਇਕ ਵਿਅਕਤੀ ਨੇ ਉਸ ਨੂੰ ਸੈਕਸ ਅਤ੍ਰਿਪਤ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਦੇ ਬਦਲੇ ’ਚ ਇਕ ਰਾਤ ਦੇ 10,000 ਤੋਂ 20,000 ਰੁਪਏ ਦੇਣ ਤੋਂ ਇਲਾਵਾ ਹੋਟਲ ਦਾ ਖਰਚ ਅਤੇ ਫ੍ਰੀ ਭੋਜਨ ਦਾ ਲਾਲਚ ਵੀ ਦਿੱਤਾ।
ਉਕਤ ਵਿਅਕਤੀ ਦੇ ਝਾਂਸੇ ’ਚ ਆ ਕੇ ਇਹ ਨੌਜਵਾਨ ਦੱਸੇ ਹੋਟਲ ’ਚ ਗਿਆ ਅਤੇ ਉਥੇ ਕੱਪੜੇ ਉਤਾਰ ਕੇ ਉਕਤ ਔਰਤ ਦੇ ਕੋਲ ਪਹੁੰਚਦਿਆਂ ਹੀ ਅਚਾਨਕ ਕਿਸੇ ਨੇ ਬਾਹਰੋਂ ਦਰਵਾਜ਼ਾ ਖੜਕਾ ਕੇ ਖੁੱਲ੍ਹਵਾ ਲਿਆ। ਇਕ ਵਿਅਕਤੀ ਆਪਣੇ 2-3 ਸਾਥੀਆਂ ਦੇ ਨਾਲ ਅੰਦਰ ਆ ਕੇ ਧੱਕਾ-ਮੁੱਕੀ ਕਰ ਕੇ ਉਸ ਦੀ ਵੀਡੀਓ ਬਣਾਉਣ ਲੱਗਾ ਅਤੇ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦੇ ਦਿੱਤੀ।
ਉਨ੍ਹਾਂ ਤੋਂ ਪਿੱਛਾ ਛੁਡਵਾਉਣ ਲਈ ਕਿਸੇ ਤਰ੍ਹਾਂ ਉਸ ਨੂੰ 50,000 ਰੁਪਏ ਜੁਗਾੜ ਕਰ ਕੇ ਦੇਣੇ ਪਏ। ਇਸ ਘਟਨਾ ਦਾ ਉਸ ਨੂੰ ਇੰਨਾ ਡੂੰਘਾ ਸਦਮਾ ਲੱਗਾ ਕਿ ਉਸਨੇ ਜ਼ਹਿਰੀਲ ਵਸਤੂ ਖਾ ਲਈ ਜਿਸ ਨਾਲ ਉਹ ਬੀਮਾਰ ਹੋ ਗਿਆ।
ਸਪੱਸ਼ਟ ਹੈ ਕਿ ਸਾਈਬਰ ਅਪਰਾਧੀ ਤਰ੍ਹਾਂ-ਤਰ੍ਹਾਂ ਦੇ ਹਥਕੰਡਿਆਂ ਨਾਲ ਨਾ ਸਿਰਫ ਬੇਰੋਜ਼ਗਾਰੀ ਦੇ ਸਤਾਏ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਸਗੋਂ ਹੋਰ ਲੋਕਾਂ ਨੂੰ ਵੀ ਅਸ਼ਲੀਲਤਾ ਅਤੇ ਵਿਭਚਾਰ ਦੇ ਟੋਏ ’ਚ ਧੱਕ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਵੀ ਪਾ ਰਹੇ ਹਨ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ