ਸਲਾਹੂਦੀਨ ਦੀ ''ਇੰਟਰਵਿਊ ਨੇ ਖੋਲ੍ਹੀ'' ਪਾਕਿਸਤਾਨ ਦੇ ''ਝੂਠ ਦੀ ਪੋਲ''

07/05/2017 5:52:22 AM

1946 'ਚ ਕਸ਼ਮੀਰ ਦੇ ਬੜਗਾਮ ਜ਼ਿਲੇ ਦੇ 'ਸੋਈਬਗ' ਪਿੰਡ 'ਚ ਜਨਮਿਆ ਮੁਹੰਮਦ ਯੂਸੁਫ ਸ਼ਾਹ ਕਸ਼ਮੀਰ ਯੂਨੀਵਰਸਿਟੀ ਤੋਂ ਮਾਸਟਰਜ਼ ਡਿਗਰੀ ਕਰਨ ਤੋਂ ਬਾਅਦ ਅਧਿਆਪਨ ਦੇ ਨਾਲ ਹੀ ਸ਼੍ਰੀਨਗਰ 'ਚ ਐਗਜ਼ੀਬਿਸ਼ਨ ਗਰਾਊਂਡ 'ਚ ਸਥਿਤ ਜਾਮਾ ਮਸਜਿਦ 'ਚ ਇਮਾਮ ਵੀ ਬਣ ਗਿਆ। 1987 'ਚ 'ਅਮੀਰਾ ਕਦਲ' ਤੋਂ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਉਸ ਨੇ ਬੰਦੂਕ ਚੁੱਕ ਲਈ ਅਤੇ ਹਥਿਆਰਾਂ ਦੀ ਟ੍ਰੇਨਿੰਗ ਲੈਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚਲਾ ਗਿਆ। ਉਥੋਂ 1989 'ਚ ਪਰਤ ਕੇ ਅਹਿਸਾਨ ਡਾਰ, ਮੁਹੰਮਦ ਅਬਦੁੱਲਾ ਬਾਂਗਰੂ, ਸ਼ਮਸੁਲ-ਹੱਕ ਅਤੇ ਮੁਹੰਮਦ ਯੂਸੁਫ ਸ਼ਾਹ ਆਦਿ ਨੇ 'ਹਿਜ਼ਬੁਲ ਮੁਜਾਹਿਦੀਨ' ਦਾ ਗਠਨ ਕੀਤਾ, ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸਹਾਇਤਾ ਨਾਲ ਤੇਜ਼ੀ ਨਾਲ ਫੈਲਿਆ। 
ਛੇਤੀ ਹੀ ਯੂਸੁਫ ਸ਼ਾਹ ਇਸ ਦਾ ਪੈਟਰਨ ਬਣ ਗਿਆ ਅਤੇ ਫਿਰ 1991 'ਚ ਮੁਹੰਮਦ ਅਹਿਸਾਨ ਡਾਰ ਨੂੰ 'ਅਹੁਦੇ ਤੋਂ ਹਟਾ ਕੇ' ਖੁਦ ਨੂੰ ਇਸ ਦਾ ਸਰਗਣਾ ਐਲਾਨਣ ਤੋਂ ਬਾਅਦ 'ਸਲਾਹੂਦੀਨ' ਬਣ ਕੇ 1993 'ਚ ਪਾਕਿਸਤਾਨ ਚਲਾ ਗਿਆ।
ਹੁਣ 71 ਸਾਲਾਂ ਦਾ ਹੋ ਚੁੱਕਾ 'ਸਲਾਹੂਦੀਨ' 'ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ' ਵਿਚ ਹੀ ਰਹਿੰਦਾ ਹੈ। ਉਸ ਨੇ ਉਥੇ 'ਹਿਜ਼ਬੁਲ ਮੁਜਾਹਿਦੀਨ' ਸਮੇਤ 13 ਅੱਤਵਾਦੀ ਗਿਰੋਹਾਂ ਨੂੰ 'ਯੂਨਾਈਟਿਡ ਜੇਹਾਦ ਕੌਂਸਲ' ਦੇ ਬੈਨਰ ਹੇਠਾਂ ਇਕੱਠੇ ਕੀਤਾ ਹੋਇਆ ਹੈ। 'ਲਸ਼ਕਰ-ਏ-ਤੋਇਬਾ' ਵਰਗੇ ਗਿਰੋਹ ਵੀ ਇਸ ਦੇ ਮੈਂਬਰਾਂ ਵਜੋਂ ਕੰਮ ਕਰਦੇ ਹਨ। 
ਭਾਰਤ ਸਰਕਾਰ ਵਲੋਂ ਭਗੌੜਾ ਐਲਾਨਿਆ ਗਿਆ 'ਸਲਾਹੂਦੀਨ' ਕਈ ਦਹਾਕਿਆਂ ਤੋਂ ਜੰਮੂ-ਕਸ਼ਮੀਰ ਅਤੇ ਇਸ ਦੇ ਆਸ-ਪਾਸ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ, ਜਿਨ੍ਹਾਂ 'ਚ ਇਸ ਇਲਾਕੇ 'ਚ ਤਾਇਨਾਤ 5 ਲੱਖ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਿਲ ਹੈ।
ਉਹ ਜੰਮੂ-ਕਸ਼ਮੀਰ ਸਮੇਤ ਭਾਰਤ 'ਚ ਹਵਾਲਾ ਫੰਡਿੰਗ ਦੇ 50 ਤੋਂ ਵੱਧ ਮਾਮਲਿਆਂ 'ਚ ਲੋੜੀਂਦਾ ਹੈ ਅਤੇ ਇਨ੍ਹਾਂ 'ਚ ਪਠਾਨਕੋਟ ਏਅਰਬੇਸ 'ਤੇ ਹਮਲਾ ਵੀ ਸ਼ਾਮਿਲ ਹੈ। 
ਇਸ ਸਮੇਂ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੇ ਹੋਏ ਹਨ, ਪਿਛਲੇ ਮਹੀਨੇ ਅਮਰੀਕਾ ਵਲੋਂ ਕੌਮਾਂਤਰੀ ਅੱਤਵਾਦੀ ਐਲਾਨੇ ਗਏ 'ਸਲਾਹੂਦੀਨ' ਨੇ 2 ਜੁਲਾਈ ਨੂੰ ਪਾਕਿਸਤਾਨ ਦੇ 'ਜਿਓ ਟੀ. ਵੀ.' ਉੱਤੇ ਇਕ ਇੰਟਰਵਿਊ 'ਚ ਭਾਰਤ ਵਿਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਖੁੱਲ੍ਹ ਕੇ ਮੰਨੀ ਹੈ। (ਉਸ ਦੇ ਆਪਣੇ ਹੀ ਸ਼ਬਦਾਂ 'ਚ) ਉਸ ਦਾ ਕਹਿਣਾ ਹੈ ਕਿ :
''ਖੁਦ ਇੰਡੀਆ ਅੰਦਰ ਸਾਡੇ ਬਹੁਤ ਸਾਰੇ ਸੁਪੋਰਟਰ ਹਨ, ਜਿਨ੍ਹਾਂ ਨੂੰ ਸਾਡੇ ਨਾਲ ਹਮਦਰਦੀ ਹੈ ਅਤੇ ਅਸੀਂ ਚੰਦ ਕਾਰਵਾਈਆਂ ਕਰ ਕੇ ਦਿਖਾਈਆਂ ਹਨ।''
ਕਸ਼ਮੀਰ ਨੂੰ ਆਪਣਾ ਘਰ ਦੱਸਦਿਆਂ 'ਸਲਾਹੂਦੀਨ' ਨੇ ਮੰਨਿਆ ਕਿ :
''ਹੁਣ ਤਕ ਕਸ਼ਮੀਰੀ ਅੱਤਵਾਦੀਆਂ ਨੇ ਜਿੰਨੀਆਂ ਵੀ ਕਾਰਵਾਈਆਂ ਕੀਤੀਆਂ ਹਨ ਜਾਂ ਕਰਨ ਵਾਲੇ ਹਨ, ਉਨ੍ਹਾਂ 'ਚ ਸਾਡਾ ਫੋਕਸ ਭਾਰਤੀ ਸੁਰੱਖਿਆ ਬਲਾਂ 'ਤੇ ਹੀ ਰਿਹਾ ਹੈ ਤੇ ਅਸੀਂ ਭਾਰਤ 'ਚ ਕਿਸੇ ਵੀ ਜਗ੍ਹਾ, ਜਦੋਂ ਚਾਹੀਏ ਹਮਲਾ ਕਰ ਸਕਦੇ ਹਾਂ।''
''ਸਾਡੀ ਲੜਾਈ ਕਸ਼ਮੀਰ ਦੀ ਆਜ਼ਾਦੀ ਲਈ ਹੈ ਅਤੇ ਇਹ ਜਾਰੀ ਰਹੇਗੀ। ਇਸ ਦੇ ਲਈ ਕੰਮ ਕਰ ਰਹੇ ਕਸ਼ਮੀਰੀ ਅੱਤਵਾਦੀ ਗਿਰੋਹਾਂ ਨੂੰ ਅਲਕਾਇਦਾ ਜਾਂ ਤਾਲਿਬਾਨ ਨਹੀਂ ਕਿਹਾ ਜਾ ਸਕਦਾ। ਪਾਕਿਸਤਾਨ ਅਤੇ ਚੀਨ ਦੋਵੇਂ ਨੈਤਿਕ ਤੇ ਕੂਟਨੀਤਕ ਤੌਰ 'ਤੇ ਭਾਰਤ ਤੋਂ ਆਜ਼ਾਦੀ ਲਈ ਕਸ਼ਮੀਰੀਆਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਨ।''
''ਅਸੀਂ ਇੰਟਰਨੈਸ਼ਨਲ ਮਾਰਕੀਟ ਤੋਂ ਹਥਿਆਰ ਪ੍ਰਾਪਤ ਕਰਦੇ ਹਾਂ ਤੇ ਜੇ ਮੂੰਹ ਮੰਗੀ ਕੀਮਤ ਦਿੱਤੀ ਜਾਵੇ ਤਾਂ ਕੋਈ ਵੀ ਹਥਿਆਰ ਹਾਸਲ ਕਰਵਾ ਸਕਦੇ ਹਾਂ।''
ਜ਼ਿਕਰਯੋਗ ਹੈ ਕਿ 'ਸਲਾਹੂਦੀਨ' ਨੂੰ ਅਮਰੀਕਾ ਵਲੋਂ ਕੌਮਾਂਤਰੀ ਅੱਤਵਾਦੀ ਐਲਾਨਦਿਆਂ ਹੀ ਪਾਕਿਸਤਾਨ ਨੇ ਉਸ ਦੀ ਅਤੇ ਹਾਫਿਜ਼ ਸਈਦ ਦੀ ਸੁਰੱਖਿਆ ਕਈ ਗੁਣਾ ਵਧਾ ਦਿੱਤੀ ਹੈ ਤੇ ਇਹ ਦੋਵੇਂ ਹੀ ਅੱਤਵਾਦੀ ਭਾਰਤ 'ਚ ਹੋਰਨਾਂ ਅੱਤਵਾਦੀ ਵਾਰਦਾਤਾਂ ਤੋਂ ਇਲਾਵਾ 2008 ਦੇ ਮੁੰਬਈ ਹਮਲਿਆਂ ਦੇ ਸਿਲਸਿਲੇ 'ਚ ਵੀ ਲੋੜੀਂਦੇ ਹਨ।
'ਸਲਾਹੂਦੀਨ' ਨੂੰ ਅਮਰੀਕਾ ਵਲੋਂ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ 'ਤੇ ਪਾਕਿਸਤਾਨ ਦੀ ਭੜਕਾਹਟ, ਉਸ ਦੀ ਸੁਰੱਖਿਆ ਵਧਾਉਣ ਅਤੇ ਖੁਦ 'ਸਲਾਹੂਦੀਨ' ਵਲੋਂ ਭਾਰਤ ਵਿਰੋਧੀ ਵਾਰਦਾਤਾਂ 'ਚ ਸ਼ਾਮਿਲ ਹੋਣ ਦੀ ਗੱਲ ਕਬੂਲਣ ਤੋਂ ਬਾਅਦ ਕੋਈ ਸ਼ੱਕ ਹੀ ਨਹੀਂ ਰਹਿੰਦਾ ਕਿ ਭਾਰਤ 'ਚ ਅੱਤਵਾਦੀ ਵਾਰਦਾਤਾਂ ਪਾਕਿਸਤਾਨ ਦੀ ਸ਼ਹਿ 'ਤੇ ਹੀ ਹੋ ਰਹੀਆਂ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਸ਼ੋਕ ਪ੍ਰਸਾਦ ਅਨੁਸਾਰ, ''ਸਲਾਹੂਦੀਨ ਦੀ ਇੰਟਰਵਿਊ ਤੋਂ ਸਿੱਧ ਹੋ ਗਿਆ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ 'ਚ ਅੱਤਵਾਦੀ ਗਿਰੋਹਾਂ ਨੂੰ ਪੂਰੀ ਆਜ਼ਾਦੀ ਮਿਲੀ ਹੋਈ ਹੈ ਅਤੇ ਆਰਥਿਕ ਸਹਾਇਤਾ ਤੋਂ ਇਲਾਵਾ ਹਥਿਆਰਾਂ ਅਤੇ ਇਨ੍ਹਾਂ ਨੂੰ ਅੱਗੇ ਸਪਲਾਈ ਕਰਨ ਤਕ ਵੀ ਇਨ੍ਹਾਂ ਦੀ ਪੂਰੀ ਪਹੁੰਚ ਹੈ।''
ਇਸ ਸਭ ਤੋਂ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਭਾਰਤ ਵਿਰੋਧੀ ਸਰਗਰਮੀਆਂ ਲਈ ਪਾਕਿਸਤਾਨ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਦਾ ਪੂਰਾ-ਪੂਰਾ ਇਸਤੇਮਾਲ ਕਰ ਰਿਹਾ ਹੈ, ਜਿਸ 'ਚ ਉਥੋਂ ਦੀ ਫੌਜ ਤੇ ਖੁਫੀਆ ਏਜੰਸੀ ਆਈ. ਐੱਸ. ਆਈ. ਇਨ੍ਹਾਂ ਦਾ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਥ ਦੇ ਰਹੀਆਂ ਹਨ। ਇਨ੍ਹਾਂ ਸਥਿਤੀਆਂ 'ਚ ਪਾਕਿਸਤਾਨ ਨਾਲ ਗੱਲਬਾਤ ਦੀ ਨਹੀਂ ਸਗੋਂ ਹੋਰ ਜ਼ਿਆਦਾ ਚੌਕੰਨੇ ਹੋਣ ਅਤੇ ਇਸ ਮਸਲੇ ਨੂੰ ਫੌਲਾਦੀ ਹੱਥਾਂ ਨਾਲ ਨਿਪਟਾਉਣ ਦੀ ਲੋੜ ਹੈ।                                      
—ਵਿਜੇ ਕੁਮਾਰ


Vijay Kumar Chopra

Chief Editor

Related News