ਡਾਲਰ ਦੇ ਮੁਕਾਬਲੇ ਰੁਪਏ ’ਚ ਰਿਕਾਰਡ ਗਿਰਾਵਟ ‘ਲੋਕਾਂ ਦੀ ਜੇਬ ’ਤੇ ਵਧੇਗਾ ਬੋਝ’
Saturday, Jul 02, 2022 - 12:53 AM (IST)

ਮੁਦਰਾ ਬਾਜ਼ਾਰ ’ਚ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਅਤੇ 1 ਜੁਲਾਈ ਨੂੰ ਇਹ 78.94 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਅਸਲ ’ਚ ਰਿਜ਼ਰਵ ਬੈਂਕ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਪਿਛਲੇ ਕੁਝ ਦਿਨਾਂ ਦੇ ਦੌਰਾਨ ਕਦਮ ਤਾਂ ਚੁੱਕੇ ਪਰ ਇਸ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡਾਲਰ ਦੇ ਮੁਕਾਬਲੇ ਰੁਪਏ ’ਚ ਬੀਤੇ ਇਕ ਮਹੀਨੇ ’ਚ ਹੀ 1.87 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ ਜਦਕਿ ਸਾਲ 2022 ’ਚ ਹੁਣ ਤੱਕ ਭਾਰਤੀ ਮੁਦਰਾ 6.28 ਫੀਸਦੀ ਟੁੱਟ ਚੁੱਕੀ ਹੈ ਅਤੇ ਅਰਥਸ਼ਾਸਤਰੀਆਂ ਨੂੰ ਡਾਲਰ ਦੇ ਮੁਕਾਬਲੇ ਇਸ ਦੇ ਹੋਰ ਲੁੜਕਣ ਦਾ ਖਦਸ਼ਾ ਹੈ। ਵਰਨਣਯੋਗ ਹੈ ਕਿ ਰੁਪਇਆ ਇਸ ਸਾਲ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀਆਂ ਏਸ਼ੀਆਈ ਮੁਦਰਾਵਾਂ ’ਚੋਂ ਇਕ ਕਰਾਰ ਦਿੱਤਾ ਗਿਆ ਹੈ।
ਰੁਪਏ ’ਚ ਗਿਰਾਵਟ ਨਾਲ ਬਰਾਮਦਕਾਰਾਂ ਨੂੰ ਲਾਭ ਅਤੇ ਦਰਾਮਦਕਾਰਾਂ ਨੂੰ ਨੁਕਸਾਨ ਹੋਵੇਗਾ। ਕਿਸੇ ਵਸਤੂ ਦੀ ਬਰਾਮਦ ਕਰਨ ਨਾਲ ਕਾਰੋਬਾਰੀਆਂ ਨੂੰ ਡਾਲਰ ਦੇ ਹਿਸਾਬ ਨਾਲ ਅਦਾਇਗੀ ਹੋਣ ਨਾਲ ਵੱਧ ਰੁਪਇਆ ਮਿਲੇਗਾ ਜਦਕਿ ਦਰਾਮਦ ਕਰਨ ’ਤੇ ਡਾਲਰ ਦੇ ਰੂਪ ’ਚ ਅਦਾਇਗੀ ਕਰਨ ਨਾਲ ਵੱਧ ਰੁਪਏ ਦੇਣੇ ਹੋਣਗੇ। ਇਹ ਸਥਿਤੀ ਦੇਸ਼ ਦੀ ਅਰਥਵਿਵਸਥਾ ਦੇ ਲਈ ਔਖਿਆਈ ਪੈਦਾ ਕਰਨ ਵਾਲੀ ਹੈ। ਇਸ ਨਾਲ ਮਹਿੰਗਾਈ ਵਧੇਗੀ, ਜਿਸ ਦਾ ਨਿਸ਼ਚਿਤ ਤੌਰ ’ਤੇ ਆਮ ਆਦਮੀ ਦੀ ਜੇਬ ’ਤੇ ਬੋਝ ਪਵੇਗਾ। ਇਸ ਨਾਲ ਵਿਦੇਸ਼ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਖੁਰਾਕੀ ਤੇਲ, ਮੋਬਾਇਲ ਫੋਨ, ਲੈਪਟਾਪ ਆਦਿ ਮਹਿੰਗੀਆਂ ਹੋ ਜਾਣਗੀਆਂ। ਪੈਟਰੋਲ-ਡੀਜ਼ਲ ’ਤੇ ਤਾਂ ਇਸ ਦੀ ਦੋਹਰੀ ਮਾਰ ਪਵੇਗੀ। ਇਸ ਨਾਲ ਵਿਦੇਸ਼ ਯਾਤਰਾ ਅਤੇ ਵਿਦੇਸ਼ ਘੁੰਮਣਾ ਵੀ ਮਹਿੰਗਾ ਹੋ ਜਾਵੇਗਾ। ਜਿਹੜੇ ਲੋਕਾਂ ਦੇ ਬੱਚੇ ਵਿਦੇਸ਼ ’ਚ ਪੜ੍ਹਦੇ ਹਨ, ਉਨ੍ਹਾਂ ਨੂੰ ਖਰਚ ਦੇ ਲਈ ਵੱਧ ਰਕਮ ਭੇਜਣੀ ਪਵੇਗੀ।
ਅਰਥਸ਼ਾਸਤਰੀਆਂ ਅਨੁਸਾਰ ਜੇਕਰ ਰਿਜ਼ਰਵ ਬੈਂਕ ਵੱਡੀ ਮਾਤਰਾ ’ਚ ਡਾਲਰ ਵੇਚੇ ਤਾਂ ਰੁਪਏ ਦੀ ਗਿਰਾਵਟ ਰੁਕ ਸਕਦੀ ਹੈ ਪਰ ਇਹ ਰੁਕਾਵਟ ਅਸਥਾਈ ਹੀ ਹੋਵੇਗੀ ਅਤੇ ਇਸ ਨਾਲ ਨੁਕਸਾਨ ਇਹ ਹੋਵੇਗਾ ਕਿ ਸਾਡਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋ ਜਾਵੇਗਾ। ਇਸ ਗਿਰਾਵਟ ਨੂੰ ਰੋਕਣ ਦਾ ਦੂਜਾ ਢੰਗ ਇਹ ਹੈ ਕਿ ਡਾਲਰ ਕਮਾਉਣ ਲਈ ਦੇਸ਼ ਦੀ ਬਰਾਮਦ ਵਧਾਈ ਜਾਵੇ ਪਰ ਇਹ ਵੀ ਰਾਤੋ-ਰਾਤ ਸੰਭਵ ਨਹੀਂ ਹੈ, ਇਸ ਲਈ ਫਿਲਹਾਲ ਰੁਪਏ ਦੀ ਗਿਰਾਵਟ ਦਾ ਖਤਰਾ ਬਣਿਆ ਹੀ ਰਹੇਗਾ। ਆਮ ਲੋਕਾਂ ਦੇ ਲਈ ਇਸ ਦੇ ਪ੍ਰਭਾਵਾਂ ਤੋਂ ਬਚਾਅ ਦਾ ਇਕੋ-ਇਕ ਉਪਾਅ ਆਪਣੇ ਖਰਚਿਆਂ ’ਚ ਕਮੀ ਕਰਨਾ ਹੀ ਹੈ।
ਵਿਜੇ ਕੁਮਾਰ