ਟਮਾਟਰ, ਪਿਆਜ਼, ਦਾਲਾਂ ਆਦਿ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਕੀਤੀ ਮੁਹਾਲ
Sunday, Jul 02, 2023 - 03:44 AM (IST)

ਇਕ ਪਾਸੇ ਜਿੱਥੇ ਦੇਸ਼ ’ਚ ਬੇਰੋਜ਼ਗਾਰੀ ਨੇ ਲੋਕਾਂ ਲਈ ਕਠਿਨਾਈ ਪੈਦਾ ਕੀਤੀ ਹੋਈ ਹੈ ਤਾਂ ਦੂਜੇ ਪਾਸੇ ਟਮਾਟਰ, ਪਿਆਜ਼, ਦਾਲਾਂ ਆਦਿ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀ ਜ਼ਿੰਦਗੀ ਮੁਹਾਲ ਕਰ ਦਿੱਤੀ ਹੈ ਅਤੇ ਕਈ ਸੂਬਿਆਂ ਸਮੇਤ ਰਾਜਧਾਨੀ ਦਿੱਲੀ ’ਚ ਮੌਸਮੀ ਸਬਜ਼ੀਆਂ ਦੇ ਭਾਅ ਢਾਈ ਗੁਣਾ ਤੱਕ ਵਧ ਗਏ ਹਨ।
20-25 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਟਮਾਟਰ ਦਾ ਭਾਅ ਹੁਣ 80 ਰੁਪਏ ਤੋਂ ਪਾਰ ਹੋ ਗਿਆ ਹੈ ਅਤੇ ਦਿੱਲੀ ’ਚ 100 ਰੁਪਏ ਪ੍ਰਤੀ ਕਿਲੋ ਤੋਂ ਉਪਰ ਜਾ ਪੁੱਜਾ ਹੈ। ਪਿਛਲੇ 2 ਸਾਲਾਂ ਤੋਂ ਟਮਾਟਰ ਉਗਾ ਕੇ ਨੁਕਸਾਨ ਝੱਲਦੇ ਕਿਸਾਨਾਂ ਵੱਲੋਂ ਇਸ ਸਾਲ ਘੱਟ ਮਾਤਰਾ ’ਚ ਟਮਾਟਰ ਬੀਜਣ ਨਾਲ ਵੀ ਭਾਅ ਵਧੇ ਹਨ।
ਟਮਾਟਰ ਦੇ ਨਾਲ-ਨਾਲ ਪਿਆਜ਼ ਨੇ ਲੋਕਾਂ ਦੇ ਹੰਝੂ ਕਢਵਾਉਣੇ ਸ਼ੁਰੂ ਕਰ ਦਿੱਤੇ ਹਨ। ਕੁਆਲਿਟੀ ਦੇ ਹਿਸਾਬ ਨਾਲ 15 ਤੋਂ 20-25 ਰੁਪਏ ਤੱਕ ਰਿਟੇਲ ’ਚ ਵਿਕਣ ਵਾਲੇ ਪਿਆਜ਼ ਦੇ ਭਾਅ ਪਿਛਲੇ ਇਕ ਹਫਤੇ ਦੌਰਾਨ 10-12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਧੇ ਹਨ।
ਖੀਰਾ ਰਿਟੇਲ ’ਚ 30 ਰੁਪਏ ਤੋਂ ਵਧ ਕੇ 60-70 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਸਬਜ਼ੀਆਂ ’ਚ ਲੌਕੀ ਦੇ ਭਾਅ 15 ਰੁਪਏ ਤੋਂ ਵਧ ਕੇ 40 ਰੁਪਏ, ਜਦਕਿ ਟੀਂਡੇ ਅਤੇ ਰਾਮਾਤੋਰੀ ਦੇ ਭਾਅ 25-30 ਰੁਪਏ ਤੋਂ ਵਧ ਕੇ 60 ਰੁਪਏ ਕਿਲੋ ਤੱਕ ਜਾ ਪਹੁੰਚੇ ਹਨ। ਸ਼ਿਮਲਾ ਮਿਰਚ 40 ਰੁਪਏ ਤੋਂ ਵਧ ਕੇ 60 ਰੁਪਏ ਕਿਲੋ ਤੱਕ ਵਿਕ ਰਹੀ ਹੈ, ਉੱਥੇ ਹੀ ਨਿੰਬੂ ਦਾ ਭਾਅ 80 ਰੁਪਏ ਤੋਂ ਵਧ ਕੇ 120-125 ਰੁਪਏ ਕਿਲੋ ਤਕ ਪਹੁੰਚ ਗਿਆ ਹੈ।
ਅਦਰਕ 120 ਰੁਪਏ ਤੋਂ ਵਧ ਕੇ 160-170 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਉੱਥੇ ਹੀ ਵਧੀਆ ਕੁਆਲਿਟੀ ਦਾ ‘ਤੋਹਫਾ ਲਸਣ’ 120-130 ਤੋਂ ਵਧ ਕੇ 160 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਧਨੀਆ ਅਤੇ ਹਰੀ ਮਿਰਚ ਦੇ ਭਾਅ ’ਚ 20-30 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਹੋਇਆ ਹੈ।
ਜੀਰਾ ਵੀ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਸਿਰਫ 20-25 ਦਿਨਾਂ ’ਚ ਇਸ ਦਾ ਭਾਅ 300 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 600-650 ਰੁਪਏ ਪ੍ਰਤੀ ਕਿਲੋ ਤੱਕ ਜਾ ਪੁੱਜਾ ਹੈ।
2 ਮਹੀਨੇ ਪਹਿਲਾਂ 150-180 ਰੁਪਏ ਕਿਲੋ ਵਿਕਣ ਵਾਲੀ ਸੌਂਫ ਹੁਣ 400 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮੇਥੀ 100-110 ਤੋਂ ਵਧ ਕੇ 140 ਰੁਪਏ, ਅਜਵਾਇਣ 220 ਤੋਂ ਵਧ ਕੇ 250 ਰੁਪਏ, ਹਲਦੀ ਪਾਊਡਰ 150 ਤੋਂ ਵਧ ਕੇ 200 ਰੁਪਏ, ਲਾਲ ਮਿਰਚ 300 ਤੋਂ ਵਧ ਕੇ 360 ਰੁਪਏ ਤੱਕ ਜਾ ਪਹੁੰਚੀ ਹੈ।
ਕੁਝ ਮੰਡੀਆਂ ’ਚ ਸਫੈਦ ਚਨਾ 100 ਰੁਪਏ ਤੋਂ ਵਧ ਕੇ ਅਤੇ ਮਾਹ ਸਾਬਤ 90 ਰੁਪਏ ਤੋਂ ਵਧ ਕੇ 110 ਰੁਪਏ ’ਤੇ ਪਹੁੰਚ ਗਏ ਹਨ। ਸਰ੍ਹੋਂ ਦੇ ਤੇਲ ’ਚ ਉਤਾਰ-ਚੜ੍ਹਾਅ ਜਾਰੀ ਹੈ। ਖੁੱਲ੍ਹੇ ’ਚ ਵਿਕਣ ਵਾਲੇ ਸਰ੍ਹੋਂ ਦੇ ਤੇਲ ਦਾ ਭਾਅ 120 ਰੁਪਏ ਲੀਟਰ, ਜਦਕਿ ਬੋਤਲ ਵਾਲਾ 150 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਅਮੀਰ ਵਰਗ ਦੇ ਲੋਕ ਤਾਂ ਪੈਸੇ ਦੇ ਦਮ ’ਤੇ ਕੋਈ ਵੀ ਵਸਤੂ ਖਰੀਦ ਸਕਦੇ ਹਨ ਪਰ ਅਸਲ ਸਮੱਸਿਆ ਤਾਂ ਮੱਧਮ ਅਤੇ ਨਿਮਨ ਮੱਧਮ ਵਰਗ ਦੇ ਖਪਤਕਾਰਾਂ ਦੀ ਹੈ, ਜਿਨ੍ਹਾਂ ਲਈ ਮਹਿੰਗਾਈ ਨਾਲ ਨਜਿੱਠਣਾ ਹਮੇਸ਼ਾ ਹੀ ਮੁਸ਼ਕਲ ਹੁੰਦਾ ਹੈ।
ਇਸ ਲਈ ਸਰਕਾਰ ਨੂੰ ਅਜਿਹੀ ਵਿਵਸਥਾ ਕਰਨ ਦੀ ਲੋੜ ਹੈ, ਜਿਸ ਨਾਲ ਮੱਧਮ ਅਤੇ ਨਿਮਨ ਮੱਧਮ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਕੁਝ ਘੱਟ ਹੋ ਸਕਣ। ਇਸ ਲਈ ਸਰਕਾਰ ਨੂੰ ਸਬਜ਼ੀਆਂ ਅਤੇ ਹੋਰ ਖਾਧ ਪਦਾਰਥਾਂ ਦੀ ਸੰਭਾਲ ਵੱਲ ਜ਼ਿਆਦਾ ਧਿਆਨ ਦੇ ਕੇ ਸਪਲਾਈ ਨੂੰ ਬਿਹਤਰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ