ਪ੍ਰੀਖਿਆ ਨਤੀਜਿਆਂ ''ਚ ''ਕੁੜੀਆਂ ਅੱਗੇ ਹੀ ਅੱਗੇ''

05/26/2016 5:47:05 AM

ਸਾਡੇ ਦੇਸ਼ ''ਚ ਨਾਰੀ ਜਾਤੀ ਨੂੰ ਦੇਵੀ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਵੀ ਘਰ ਤੇ ਬਾਹਰ ਸ਼ੋਸ਼ਣ ਦਾ ਸ਼ਿਕਾਰ ਹੋਣ ਦੇ ਬਾਵਜੂਦ ਲਗਨ ਅਤੇ ਮਿਹਨਤ ਨਾਲ ਦੁਨੀਆ ਭਰ ''ਚ ਆਪਣੀ ਪ੍ਰਤਿਭਾ ਦਾ ਡੰਕਾ ਵਜਾਇਆ ਹੈ।
ਇਸੇ ਲਈ ਅੱਜ ਸਿੱਖਿਆ, ਸੰਸਕ੍ਰਿਤੀ, ਵਿਗਿਆਨ, ਟੈਕਨਾਲੋਜੀ, ਸਿਆਸਤ, ਮੀਡੀਆ ਭਾਵ ਜੀਵਨ ਦਾ ਕੋਈ ਵੀ ਖੇਤਰ ਅਜਿਹਾ ਨਹੀਂ, ਜਿਥੇ ਔਰਤਾਂ ਮਰਦਾਂ ਦੇ ਬਰਾਬਰ ਖੜ੍ਹੀਆਂ ਨਜ਼ਰ ਨਾ ਆਉਂਦੀਆਂ ਹੋਣ। ਜਿਥੋਂ ਤਕ ਸਿੱਖਿਆ ਦਾ ਸੰਬੰਧ ਹੈ, ਕੁੜੀਆਂ ਮੁੰਡਿਆਂ ਨਾਲੋਂ ਅੱਗੇ ਨਿਕਲ ਚੁੱਕੀਆਂ ਹਨ, ਜਿਸ ਦਾ ਸਬੂਤ ਹਨ ਹੁਣੇ-ਹੁਣੇ ਐਲਾਨੇ ਗਏ ਕੁਝ ਪ੍ਰੀਖਿਆ ਨਤੀਜੇ :
18 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼ ''ਚ ਐਲਾਨੇ ਗਏ ਇੰਟਰਮੀਡੀਅਟ ਦੇ ਪਹਿਲੇ ਸਾਲ ਦੇ ਪ੍ਰੀਖਿਆ ਨਤੀਜਿਆਂ ''ਚ 71.12 ਫੀਸਦੀ ਮੁੰਡਿਆਂ ਦੇ ਮੁਕਾਬਲੇ 76.43 ਫੀਸਦੀ ਕੁੜੀਆਂ ਨੇ ਸਫਲਤਾ ਹਾਸਲ ਕੀਤੀ, ਜਦਕਿ ਦੂਜੇ ਸਾਲ ਦੀ ਪ੍ਰੀਖਿਆ ''ਚ ਵੀ ਸਿਰਫ 64.2 ਫੀਸਦੀ ਮੁੰਡਿਆਂ ਦੇ ਮੁਕਾਬਲੇ 72.9 ਫੀਸਦੀ ਕੁੜੀਆਂ ਸਫਲ ਰਹੀਆਂ।
3 ਮਈ ਨੂੰ ਜੰਮੂ-ਕਸ਼ਮੀਰ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ''ਚ ਸਾਇੰਸ ਵਿਚ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਬਰਨਾਈ ਦੀ ਮੁਸਕਾਨ ਭਾਨ ਅਤੇ ਬ੍ਰਹਮ ਰਿਸ਼ੀ ਬਾਵਰਾ ਵਿੱਦਿਆ ਪੀਠ, ਊਧਮਪੁਰ ਦੀ ਵਿਜੇ ਲਕਸ਼ਮੀ ਪਹਿਲੇ ਨੰਬਰ ''ਤੇ ਰਹੀਆਂ। ਆਰਟਸ ਵਰਗ ''ਚ ਸਿੱਖਿਆ ਨਿਕੇਤਨ ਹਾ. ਸੈ. ਸਕੂਲ ਜੰਮੂ ਦੀ ਚੇਤਨਾ, ਕਾਮਰਸ ''ਚ ਇਸੇ ਸਕੂਲ ਦੀ ਪਲਕ ਗੁਪਤਾ ਅਤੇ ਹੋਮ ਸਾਇੰਸ ''ਚ ਸਰਕਾਰੀ ਹਾ. ਸੈ. ਸਕੂਲ ਮੁਬਾਰਕ ਮੰਡੀ ਦੀ ਇਕਰਾ ਬਾਨੋ ਪਹਿਲੇ ਨੰਬਰ ''ਤੇ ਰਹੀਆਂ।
10 ਮਈ ਨੂੰ ਤੇਲੰਗਾਨਾ  ਦੀ ਸੈਕੰਡਰੀ ਸਕੂਲ ਪ੍ਰੀਖਿਆ ਦੇ ਐਲਾਨੇ ਨਤੀਜਿਆਂ ''ਚ 84.70 ਫੀਸਦੀ ਮੁੰਡਿਆਂ ਦੇ ਮੁਕਾਬਲੇ 86.57 ਫੀਸਦੀ  ਕੁੜੀਆਂ ਸਫਲ ਰਹੀਆਂ।
10 ਮਈ ਨੂੰ ਹੀ ਐਲਾਨੇ ਗਏ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ''ਚ ਦਿੱਲੀ ਦੀ 22 ਸਾਲਾ ਟੀਨਾ ਡਾਬੀ ਨੇ ਪਹਿਲੇ ਹੀ ਯਤਨ ''ਚ ਪਹਿਲਾ ਸਥਾਨ ਹਾਸਿਲ ਕੀਤਾ।
11 ਮਈ ਨੂੰ ਜੰਮੂ-ਕਸ਼ਮੀਰ ਸਕੂਲ ਸਿੱਖਿਆ ਬੋਰਡ ਦੀ ਜੰਮੂ ਡਵੀਜ਼ਨ ਦੇ ਸਮਰ ਜ਼ੋਨ ਦੀ 10ਵੀਂ ਦੀ ਪ੍ਰੀਖਿਆ ''ਚ ਕਾਰਮੇਲ ਕਾਨਵੈਂਟ ਸਕੂਲ ਜੰਮੂ ਦੀ ਸ਼ਵੇਤਾ ਰਾਣਾ ਪਹਿਲੇ ਨੰਬਰ ''ਤੇ ਰਹੀ।
12 ਮਈ ਨੂੰ ਐਲਾਨੇ ਹਿਮਾਚਲ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ''ਚ ਟੌਪ-10 ''ਚ ਆਏ 40 ਵਿਦਿਆਰਥੀਆਂ ''ਚੋਂ 30 ''ਤੇ ਕੁੜੀਆਂ ਨੇ ਬਾਜ਼ੀ ਮਾਰੀ। ਇਸੇ ਪ੍ਰੀਖਿਆ ''ਚ ਵਿੱਦਿਆ ਮੰਦਿਰ ਸੀ. ਸੈ. ਸਕੂਲ, ਘੁਮਾਰਵੀਂ ਦੀ ਅਕਸ਼ਿਮਾ ਠਾਕੁਰ ਪਹਿਲੇ, ਅਰਾਧਨਾ ਪਬਲਿਕ ਸਕੂਲ, ਰੋਹੜੂ ਦੀ ਲਕਿਤਾ ਖਿੱਟਾ ਤੇ ਹੋਲੀ ਹਿਮਾਲਿਅਨ ਸੀ. ਸੈ. ਸਕੂਲ, ਚੰਬਾ ਦੀ ਇਰਾ ਸ਼ਰਮਾ ਸਾਂਝੇ ਤੌਰ ''ਤੇ ਦੂਜੇ ਅਤੇ ਲਿਟਲ ਫਲਾਵਰ ਸਕੂਲ ਦੁਰਾਨਾ ਦੀ ਵੈਸ਼ਾਲੀ ਅਤੇ ਤ੍ਰਿਸੰਗਮ ਪਬਲਿਕ ਸੀ. ਸੈ. ਸਕੂਲ, ਰਿਵਾਲਸਰ ਦੀ ਰਕਸ਼ਿਤਾ ਤੀਜੇ ਨੰਬਰ ''ਤੇ ਰਹੀਆਂ।
13 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਪ੍ਰੀਖਿਆ ਨਤੀਜਿਆਂ ''ਚ ਕਾਮਰਸ ਵਿਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀ. ਸੈ. ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਨੀਰਜ ਠਾਕੁਰ, ਹਿਊਮੈਨਿਟੀਜ਼ ''ਚ ਜੀ. ਟੀ. ਬੀ. ਸਕੂਲ, ਮਲੋਟ ਦੀ ਗਗਨਪ੍ਰੀਤ ਅਤੇ ਆਰ. ਐੱਸ. ਮਾਡਲ ਸਕੂਲ, ਲੁਧਿਆਣਾ ਦੀ ਮੋਨਿਕਾ, ਸਾਇੰਸ ਗਰੁੱਪ ''ਚ ਆਰ. ਐੱਸ. ਮਾਡਲ ਸਕੂਲ, ਲੁਧਿਆਣਾ ਦੀ ਮਹਿਮਾ ਨਾਗਪਾਲ, ਵੋਕੇਸ਼ਨਲ ''ਚ ਸਰਕਾਰੀ ਸੀ. ਸੈ. ਸਕੂਲ, ਕਮਾਹੀ ਦੇਵੀ ਦੀ ਸੁਹਾਨੀ ਅਤੇ ਸਰਕਾਰੀ ਕੰਨਿਆ ਐੱਮ. ਪੀ. ਸੀਨੀਅਰ ਸੈਕੰਡਰੀ ਸਕੂਲ ਦੀ ਪੂਜਾ ਟਾਪਰ ਰਹੀਆਂ।
15 ਮਈ ਨੂੰ ਐਲਾਨੇ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੇ ਹਾਈ ਸਕੂਲ ਦੇ ਪ੍ਰੀਖਿਆ ਨਤੀਜਿਆਂ ''ਚ ਰਾਏਬਰੇਲੀ  ਦੇ ਵਿਬਗਿਓਰ ਪਬਲਿਕ ਸਟੱਡੀ ਇੰਟਰ ਕਾਲਜ ਦੀ ਸੌਮਯਾ ਪਟੇਲ ਅਤੇ ਇੰਟਰਮੀਡੀਅਟ ਪ੍ਰੀਖਿਆ ''ਚ ਬਾਰਾਬੰਕੀ ਦੇ ਮਹਾਰਾਣੀ ਲਕਸ਼ਮੀਬਾਈ ਮੈਮੋਰੀਅਲ ਇੰਟਰਮੀਡੀਅਟ ਕਾਲਜ ਦੀ ਸਾਕਸ਼ੀ ਵਰਮਾ ਨੇ ਟਾਪ ਕੀਤਾ।
17 ਮਈ ਨੂੰ ਐਲਾਨੇ ਗਏ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ''ਚ 55.7 ਫੀਸਦੀ ਮੁੰਡਿਆਂ ਦੇ ਮੁਕਾਬਲੇ 70.77 ਫੀਸਦੀ ਕੁੜੀਆਂ ਸਫਲ ਰਹੀਆਂ।
21 ਮਈ ਨੂੰ ਐਲਾਨੇ ਗਏ ਸੀ. ਬੀ. ਐੱਸ. ਈ. ਦੀ ਬਾਰ੍ਹਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ''ਚ ਦਿੱਲੀ ਦੀ ਸੁਕ੍ਰਿਤੀ ਗੁਪਤਾ ਪਹਿਲੇ, ਕੁਰੂਕਸ਼ੇਤਰ ਦੀ ਪਲਕ ਗੋਇਲ ਦੂਜੇ ਤੇ ਕਰਨਾਲ ਦੀ ਸੌਮਯਾ ਉੱਪਲ ਤੀਜੇ ਨੰਬਰ ''ਤੇ ਰਹੀ। ਇਸੇ ਪ੍ਰੀਖਿਆ ਦੇ ਅਪਾਹਜ ਵਿਦਿਆਰਥੀ ਵਰਗ ''ਚ ਫਰੀਦਾਬਾਦ ਦੀ ਮੁਦਿਤਾ ਜਗੋਤਾ ਫਸਟ ਰਹੀ।
22 ਮਈ ਨੂੰ ਐਲਾਨੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ''ਚ 45.71 ਫੀਸਦੀ ਮੁੰਡਿਆਂ ਦੇ ਮੁਕਾਬਲੇ 52.62 ਫੀਸਦੀ ਕੁੜੀਆਂ ਸਫਲ ਰਹੀਆਂ।
ਅਤੇ ਹੁਣ 24 ਮਈ ਨੂੰ ਐਲਾਨੇ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ''ਚ ਵੀ 67.43 ਫੀਸਦੀ ਮੁੰਡਿਆਂ ਦੇ ਮੁਕਾਬਲੇ 78.30 ਫੀਸਦੀ ਕੁੜੀਆਂ ਨੇ ਸਫਲਤਾ ਹਾਸਿਲ ਕੀਤੀ ਹੈ।  ਖਡੂਰ ਸਾਹਿਬ ਦੇ ਬੀ. ਜੀ. ਐੱਸ. ਯੂ. ਐੱਸ. ਸੀਨੀਅਰ ਸੈਕੰਡਰੀ ਸਕੂਲ ਦੀ ਸਿਮਰਨਦੀਪ ਕੌਰ ਨੇ ਸੂਬੇ ''ਚ ਪਹਿਲਾ ਅਤੇ ਛੇਹਰਟਾ ਦੇ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਦੀ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ।
ਅਮਰੀਕਾ ਦੀਆਂ ਜਾਰਜੀਆ ਤੇ ਕੋਲੰਬੀਆ ਯੂਨੀਵਰਸਿਟੀਆਂ ''ਚ ਕੀਤੀ ਗਈ ਖੋਜ ਅਨੁਸਾਰ ਇਹ ਤੱਥ ਸਾਹਮਣੇ ਆਇਆ ਹੈ ਕਿ ਕੁੜੀਆਂ ''ਚ ਸਿੱਖਣ ਦੀ ਤੀਬਰ ਇੱਛਾ ਹੁੰਦੀ ਹੈ ਤੇ ਕਲਾਸਰੂਮ ''ਚ ਉਹ ਮੁੰਡਿਆਂ ਦੇ ਮੁਕਾਬਲੇ ਜ਼ਿਆਦਾ ਧਿਆਨ ਲਾਉਂਦੀਆਂ ਹਨ।
ਇਸ ਲਈ ਸਿੱਖਿਆ ਦੇ ਖੇਤਰ ''ਚ ਕੁੜੀਆਂ ਦੇ ਵਧਦੇ ਕਦਮ ਨੂੰ ਦੇਖਦਿਆਂ ਲੋੜ ਇਸ ਗੱਲ ਦੀ ਹੈ ਕਿ ਕੰਨਿਆ ਔਲਾਦ ਨੂੰ ਅਣਲੋੜੀਂਦੀ ਨਾ ਸਮਝਦਿਆਂ ਇਸ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾਵੇ ਤਾਂ ਕਿ ਕੁੜੀਆਂ ਹੋਰ ਉਚਾਈਆਂ ਨੂੰ ਛੂਹ ਕੇ ਦੇਸ਼ ਤੇ ਸਮਾਜ ਲਈ ਹੋਰ ਜ਼ਿਆਦਾ ਉਪਯੋਗੀ ਸਿੱਧ ਹੋ ਸਕਣ।                            
—ਵਿਜੇ ਕੁਮਾਰ


Vijay Kumar Chopra

Chief Editor

Related News