ਚੋਣਾਂ ਨੇੜੇ ਆਉਂਦੇ ਹੀ ਉੱਭਰਨ ਲੱਗੀਆਂ ਸਿਆਸਤਦਾਨਾਂ ਦੀਆਂ ਧਾਰਮਿਕ ਭਾਵਨਾਵਾਂ

Wednesday, Sep 15, 2021 - 03:45 AM (IST)

ਚੋਣਾਂ ਨੇੜੇ ਆਉਂਦੇ ਹੀ ਉੱਭਰਨ ਲੱਗੀਆਂ ਸਿਆਸਤਦਾਨਾਂ ਦੀਆਂ ਧਾਰਮਿਕ ਭਾਵਨਾਵਾਂ

ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ, ਵੋਟਰਾਂ ਨੂੰ ਭਰਮਾਉਣ ਦੇ ਲਈ ਸਿਆਸਤਦਾਨ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਨ ਲੱਗਦੇ ਹਨ। ਇਨ੍ਹਾਂ ’ਚ ਲੰਬੇ-ਚੌੜੇ ਵਾਅਦੇ ਕਰਨਾ, ਸਿਆਸੀ ਯਾਤਰਾਵਾਂ ਕੱਢਣੀਆਂ, ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਾ ਆਦਿ ਸ਼ਾਮਲ ਹਨ।

ਪ੍ਰਭੂ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ’ਚ ਵੱਖ-ਵੱਖ ਨੇਤਾਵਾਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ। ਯੋਗੀ ਆਦਿੱਤਿਆਨਾਥ 18 ਮਾਰਚ, 2017 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਦੇ ਬਾਅਦ 30 ਵਾਰ ਇੱਥੇ ਆ ਚੁੱਕੇ ਹਨ।

* 23 ਜੁਲਾਈ ਨੂੰ ਬਸਪਾ ਦੇ ਸੀਨੀਅਰ ਨੇਤਾ ਸਤੀਸ਼ ਚੰਦਰ ਮਿਸ਼ਰਾ ਨੇ ਅਯੁੱਧਿਆ ’ਚ ਰਾਮਲੱਲਾ ਦੇ ਦਰਸ਼ਨ-ਪੂਜਨ ਦੇ ਬਾਅਦ ਪ੍ਰਾਚੀਨ ਜਗਨਨਾਥ ਮੰਦਰ ’ਚ ਪੀਠਾਧੀਕਸ਼ਵਰ ਰਾਘਵ ਦਾਸ ਕੋਲੋਂ ਆਸ਼ੀਰਵਾਦ ਲਿਆ। ਫਿਰ ਹਨੂਮਾਨਗੜ੍ਹੀ ਗਏ ਅਤੇ ਕਿਹਾ ‘‘ਅਸੀਂ ਭਗਵਾਨ ਰਾਮ ’ਤੇ, ਭਗਵਾਨ ਸ਼ਿਵ ’ਤੇ, ਕ੍ਰਿਸ਼ਨ ’ਤੇ, ਸਭ ’ਤੇ ਆਸਥਾ ਰੱਖਦੇ ਹਾਂ। ਜੇਕਰ ਭਾਜਪਾ ਕਹਿੰਦੀ ਹੈ ਕਿ ਰਾਮ ਉਨ੍ਹਾਂ ਦੇ ਹਨ ਤਾਂ ਇਹ ਉਨ੍ਹਾਂ ਦੀ ਸੌੜੀ ਸੋਚ ਹੈ।’’

* 25 ਅਗਸਤ ਨੂੰ ਮੱਧ ਪ੍ਰਦੇਸ਼ ’ਚ ਆਉਣ ਵਾਲੀਆਂ ਉਪ ਚੋਣਾਂ ’ਚ ਕਾਂਗਰਸ ਦੀ ਸਫਲਤਾ ਦੇ ਲਈ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਭੋਪਾਲ ’ਚ ‘ਮਿਰਚੀ ਬਾਬਾ’ ਕੋਲੋਂ ਵਿਸ਼ੇਸ਼ ਧਾਰਮਿਕ ਯੱਗ ਕਰਵਾਇਆ।

* 3 ਸਤੰਬਰ ਨੂੰ ਉੱਤਰ ਪ੍ਰਦੇਸ਼ ਸਪਾ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਅਯੁੱਧਿਆ ਪਹੁੰਚੇ ਅਤੇ ਕਿਹਾ, ‘‘ਅਸੀਂ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ’ਚ ਆਏ ਹਾਂ। ਅਸੀਂ ਭਗਵਾਨ ਰਾਮ ਤੋਂ ਆਸ਼ੀਰਵਾਦ ਮੰਗਿਆ ਹੈ ਕਿ ਉਹ ਸਾਨੂੰ ਤਾਕਤ ਦੇਣ ਤਾਂ ਕਿ ਅਸੀਂ ਨਾਬਰਾਬਰੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਆਰਥਿਕ ਭਿਆਨਕਤਾ ਦੇ ਵਿਰੁੱਧ ਲੜ ਕੇ ਸਮਾਜ ਸੇਵਾ ਕਰ ਸਕੀਏ।’’

* 10 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਦਿਨ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇਹਰਾਦੂਨ ’ਚ ਭਗਵਾਨ ਗਣੇਸ਼ ਦੇ ਦਰਸ਼ਨਾਂ ਲਈ ਮੰਦਰ ਗਏ ਅਤੇ ਪਾਰਟੀ ਦੀ ਸਫਲਤਾ ਦੇ ਲਈ ਪ੍ਰਾਰਥਨਾ ਕੀਤੀ। ਉਹ ਇਸ ਤੋਂ ਪਹਿਲਾਂ ਸ਼ਿਵਰਾਤਰੀ ’ਤੇ ਟਪਕੇਸ਼ਵਰ ਮੰਦਰ ’ਚ ਸਿਰ ’ਤੇ ਕਲਸ਼ ਰੱਖ ਕੇ ਮਹਾਦੇਵ ਦਾ ਜਲ ਚੜ੍ਹਾਉਣ ਵੀ ਗਏ ਸਨ।

* 12 ਸਤੰਬਰ ਨੂੰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਆਪਣੇ ਦੋ ਦਿਨਾ ਦੌਰੇ ’ਤੇ ਰਾਏਬਰੇਲੀ ਪਹੁੰਚਣ ਦੇ ਬਾਅਦ ਸਭ ਤੋਂ ਪਹਿਲਾਂ ‘ਚੁਰੂਵਾ’ ਸਥਿਤ ਹਨੂਮਾਨ ਮੰਦਰ ਜਾ ਕੇ ਮੱਥਾ ਟੇਕਿਆ।

* 13 ਸਤੰਬਰ ਨੂੰ ‘ਆਪ’ ਨੇਤਾਵਾਂ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਆਦਿ ਨੇ ਅਯੁੱਧਿਆ ’ਚ ਸ਼੍ਰੀ ਰਾਮਲੱਲਾ ਅਤੇ ਹਨੂਮਾਨ ਜੀ ਦੇ ਦਰਸ਼ਨ ਕਰ ਕੇ ਹਨੂਮਾਨ ਜੀ ਦੇ ਚਰਨਾਂ ’ਚ ਉੱਤਰ ਪ੍ਰਦੇਸ਼ ’ਚ ‘ਆਪ’ ਦੀ ਸਰਕਾਰ ਬਣਾਉਣ ਦੀ ਅਰਜ਼ੀ ਲਗਾਉਣ ਦੇ ਬਾਅਦ 14 ਸਤੰਬਰ ਨੂੰ ਤਿਰੰਗਾ ਯਾਤਰਾ ਕੱਢੀ ਅਤੇ ਸੰਤਾਂ ਨੂੰ ਵੀ ਮਿਲੇ।

ਕੁਲ ਮਿਲਾ ਕੇ ਚੋਣਾਂ ਨੂੰ ਸਾਹਮਣੇ ਦੇਖ ਪ੍ਰਭੂ ਦੀ ਸ਼ਰਨ ’ਚ ਜਾਣ ਵਾਲੇ ਸਿਆਸੀ ਆਗੂਆਂ ਦੀ ਗਿਣਤੀ ਦੇਖ ਕੇ ਮਨ ’ਚ ਇਹ ਇੱਛਾ ਜਾਗਦੀ ਹੈ ਕਿ ਕਾਸ਼ ਜੇਕਰ ਉਹ ਇਸ ਨੂੰ ਆਪਣੀ ਕਥਨੀ ਦੇ ਨਾਲ-ਨਾਲ ਕਰਨੀ ’ਚ ਵੀ ਉਤਾਰ ਦੇਣ ਦਾ ਦੇਸ਼ ਦਾ ਬੇੜਾ ਪਾਰ ਹੋਣ ’ਚ ਦੇਰ ਨਾ ਲੱਗੇ।

-ਵਿਜੇ ਕੁਮਾਰ


author

Bharat Thapa

Content Editor

Related News