'ਵਿਸ਼ਵ ਦੇ ਕਈ ਦੇਸ਼ਾਂ 'ਚ 'ਬਗਾਵਤ ਅਤੇ ਅਸ਼ਾਂਤੀ'

Thursday, May 27, 2021 - 03:30 AM (IST)

'ਵਿਸ਼ਵ ਦੇ ਕਈ ਦੇਸ਼ਾਂ 'ਚ 'ਬਗਾਵਤ ਅਤੇ ਅਸ਼ਾਂਤੀ'

ਜੇਕਰ ਫਿਲਸਤੀਨ ਅਤੇ ਇਜ਼ਰਾਈਲ ਦੇ ਝਗੜੇ ਨੂੰ ਇਕ ਪਾਸੇ ਰੱਖ ਵੀ ਦੇਈਏ ਤਾਂ ਵੀ ਵਿਸ਼ਵ ਦੇ ਘੱਟ ਤੋਂ ਘੱਟ ਚਾਰ ਦੇਸ਼ ਇਸ ਸਮੇਂ ਅਸ਼ਾਂਤੀ ਅਤੇ ਅੰਦਰੂਨੀ ਬਗਾਵਤ ਦੀ ਲਪੇਟ 'ਚ ਆਏ ਹੋਏ ਹਨ। ਇਨ੍ਹਾਂ 'ਚ ਭਾਰਤ ਦੇ 3 ਗੁਆਂਢੀ ਦੇਸ਼ ਪਾਕਿਸਤਾਨ, ਮਿਆਂਮਾਰ ਅਤੇ ਨੇਪਾਲ ਦੇ ਇਲਾਵਾ ਇਕ ਪੱਛਮੀ ਅਫਰੀਕਾ ਦਾ ਦੇਸ਼ 'ਮਾਲੀ' ਹੋਰ ਜੁੜ ਗਿਆ ਹੈ। 
ਗੁਆਂਢੀ ਮਿਆਂਮਾਰ 'ਚ ਫੌਜ ਦੀ ਤਾਨਾਸ਼ਾਹੀ ਤੋਂ ਆਜ਼ਾਦੀ ਦੇ ਲਈ ਅੰਦੋਲਨ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹੈ। ਉੱਥੇ ਫੌਜ ਵਲੋਂ 1 ਫਰਵਰੀ ਦੇ ਤਖਤਾਪਲਟ ਦੇ ਬਾਅਦ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਆਗੂ 'ਆਂਗ-ਸਾਨ-ਸੂ-ਕੀ' ਸਮੇਤ ਹੋਰਨਾਂ ਨੇਤਾਵਾਂ ਨੂੰ ਜੇਲ 'ਚ ਸੁੱਟਣ ਦੇ ਵਿਰੁੱਧ ਚੱਲ ਰਹੇ ਅੰਦੋਲਨ 'ਚ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 
ਸੜਕਾਂ ਜੰਗ ਦਾ ਮੈਦਾਨ ਬਣ ਗਈਆਂ ਹਨ। ਹਰ ਦੂਸਰੇ-ਤੀਸਰੇ ਦਿਨ ਰੋਸ ਵਿਖਾਵੇ ਹੋ ਰਹੇ ਹਨ, ਹੰਝੂ ਗੈਸ ਛੱਡੀ ਜਾ ਰਹੀ ਹੈ ਅਤੇ ਹਿੰਸਾ ਦੇ ਰੁਕਣ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ। ਵੱਡੀ ਗਿਣਤੀ ਲੋਕ ਹਿਜਰਤ ਕਰ ਕੇ ਗੁਆਂਢੀ ਦੇਸ਼ਾਂ ਵੱਲ ਭੱਜ ਰਹੇ ਹਨ। 
ਫੌਜ ਨੇ ਦੇਸ਼ ਦੀ ਹਰਮਨਪਿਆਰੀ ਆਗੂ 'ਆਂਗ-ਸਾਨ-ਸੂ-ਕੀ' ਦਾ ਸਿਆਸੀ ਕਰੀਅਰ ਖਤਮ ਕਰਨ ਦੇ ਲਈ ਉਨ੍ਹਾਂ ਦੀ ਪਾਰਟੀ ਨੂੰ ਭੰਗ ਕਰਨ ਦਾ ਇਰਾਦਾ ਪਾਲ ਲਿਆ ਹੈ। ਫੌਜੀ ਘਾਣ ਦੇ ਵਿਰੁੱਧ ਮਿਆਂਮਾਰ ਦੇ ਨਾਲ ਲੱਗਦੇ ਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਨੇ ਵੀ ਰੋਸ ਵਿਖਾਵੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਦੇਸ਼ 'ਚ ਖਾਨਾਜੰਗੀ ਦਾ ਖਤਰਾ ਪੈਦਾ ਹੋ ਗਿਆ ਹੈ। 
ਓਧਰ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੀ ਪਾਰਟੀ 'ਤਹਿਰੀਕ-ਏ-ਇਨਸਾਫ' ਦੋਫਾੜਾ ਹੋ ਗਈ ਹੈ ਅਤੇ ਸੰਸਦ ਮੈਂਬਰ ਜਹਾਂਗੀਰ ਨੇ ਵੀ ਸੰਸਦ ਅਤੇ ਪੰਜਾਬ ਅਸੈਂਬਲੀ ਦੇ 40 ਮੈਂਬਰਾਂ ਦੇ ਨਾਲ ਪਾਰਟੀ ਦੇ ਅੰਦਰ ਆਪਣਾ ਇਕ ਵੱਖਰਾ ਧੜਾ ਬਣਾ ਲਿਆ ਹੈ। ਇਸ ਨਾਲ ਸੰਸਦ 'ਚ ਇਮਰਾਨ ਦੀ ਪਾਰਟੀ ਦੇ ਕੋਲ ਗੁਜ਼ਾਰੇ ਲਈ ਬਹੁਮਤ ਹੀ ਬਚਿਆ ਹੈ ਅਤੇ ਇਮਰਾਨ ਸਰਕਾਰ ਕਦੇ ਵੀ ਸਦਨ 'ਚ ਢਹਿ-ਢੇਰੀ ਹੋ ਸਕਦੀ ਹੈ। ਇਸ ਦਰਮਿਆਨ ਪਾਕਿਸਤਾਨ 'ਚ ਚੱਲ ਰਹੀ ਸਿਆਸੀ ਚੁੱਕ-ਥੱਕ ਦੇ ਦਰਮਿਆਨ ਅਮਰੀਕਾ ਵਲੋਂ ਅਫਗਾਨਿਸਤਾਨ 'ਚੋਂ ਆਪਣੇ ਫੌਜੀ ਵਾਪਸ ਸੱਦਣ ਦੇ ਫੈਸਲੇ ਨਾਲ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਅਸ਼ਾਂਤੀ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।
ਭਾਰਤ ਦੇ ਹੋਰ ਗੁਆਂਢੀ ਦੇਸ਼ ਨੇਪਾਲ 'ਚ ਵੀ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਸਿਫਾਰਿਸ਼ 'ਤੇ ਇਕਦਮ 20 ਦਸੰਬਰ, 2020 ਨੂੰ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਵਲੋਂ ਸੰਸਦ ਭੰਗ ਕਰ ਕੇ 30 ਅਪ੍ਰੈਲ ਅਤੇ 10 ਮਈ ਨੂੰ ਦੇਸ਼ 'ਚ ਚੋਣਾਂ ਕਰਵਾਉਣ ਦੇ ਐਲਾਨ ਦੇ ਵਿਰੁੱਧ ਨੇਪਾਲ 'ਚ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। 
ਬਾਅਦ 'ਚ ਸੁਪਰੀਮ ਕੋਰਟ ਵਲੋਂ ਉਕਤ ਹੁਕਮ ਰੱਦ ਕਰਨ ਅਤੇ ਓਲੀ ਵਲੋਂ 10 ਮਈ ਨੂੰ ਸੰਸਦ 'ਚ ਭਰੋਸੇ ਦੀ ਵੋਟ ਹਾਸਲ ਕਰਨ 'ਚ ਅਸਫਲ ਰਹਿਣ 'ਤੇ ਨਵੀਆਂ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕਰਨ ਦੇ ਬਾਅਦ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਵਲੋਂ 22 ਮਈ ਨੂੰ ਸੰਸਦ ਭੰਗ ਕਰਨ ਅਤੇ ਇਸੇ ਸਾਲ 12 ਅਤੇ 19 ਨਵੰਬਰ ਨੂੰ ਮੱਧਕਾਲੀ ਚੋਣਾਂ ਕਰਵਾਉਣ ਦੇ ਹੁਕਮ ਉਪਰੰਤ ਦੇਸ਼ ਦਾ ਸਿਆਸੀ ਮਾਹੌਲ ਹੋਰ ਵੀ ਗਰਮ ਹੋ ਗਿਆ ਹੈ। 
ਨੇਪਾਲ ਦੀ ਪ੍ਰਮੁੱਖ ਵਿਰੋਧੀ ਪਾਰਟੀ 'ਨੇਪਾਲੀ ਕਾਂਗਰਸ' ਨੇ ਇਸ ਫੈਸਲੇ ਨੂੰ ਗੈਰ-ਸੰਵਿਧਾਨਿਕ ਦੱਸਦੇ ਹੋਏ ਉਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ ਜਿਸ 'ਤੇ ਕੋਰਟ 27 ਅਤੇ 28 ਮਈ ਨੂੰ ਸੁਣਵਾਈ ਕਰੇਗੀ। ਦੂਸਰੇ ਪਾਸੇ 'ਨੇਪਾਲੀ ਕਾਂਗਰਸ' ਦੇ ਨੇਤਾ ਸ਼ੇਰ ਬਹਾਦੁਰ ਦਿਓਬਾ ਵੀ ਸਰਕਾਰ ਬਣਾਉਣ ਲਈ ਸਰਗਰਮ ਹੋ ਗਏ ਹਨ। 
ਇਸ ਦਰਮਿਆਨ ਜਿਥੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਆਪਣੀ ਸੱਤਾ ਬਣਾਈ ਰੱਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾ ਚੱਲ ਰਹੇ ਹਨ ਉੱਥੇ ਉਨ੍ਹਾਂ ਦੇ ਵਲੋਂ ਪਾਰਟੀ 'ਚੋਂ ਕੱਢੇ ਗਏ ਨੇਤਾ ਮਾਧਵ ਕੁਮਾਰ ਨੇਪਾਲ ਨੇ ਕੇ.ਪੀ.ਸ਼ਰਮਾ ਓਲੀ 'ਤੇ ਗੁੰਡਿਆਂ,ਮਾਫੀਆਂ ਅਤੇ ਦਲਾਲਂ ਨੂੰ ਲਰਪ੍ਰਸਤੀ ਦੇਣ ਦਾ ਦੋਸ਼ ਲਗਾਇਆ ਹੈ। 
ਜਿੱਥੇ ਮਿਆਂਮਾਰ, ਪਾਕਿਸਤਾਨ ਅਤੇ ਨੇਪਾਲ ਅਸ਼ਾਂਤੀ ਦੇ ਸ਼ਿਕਾਰ ਹਨ ਅਤੇ ਉੱਥੇ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ, ਉੱਥੇ ਪੱਛਮੀ ਅਫਰੀਕਾ ਦੇ ਦੇਸ਼ 'ਮਾਲੀ' 'ਚ ਵੀ ਬਗਾਵਤ ਹੋ ਗਈ ਹੈ ਅਤੇ ਫੌਜ ਨੇ ਅੰਤਰਿਮ ਸਰਕਾਰ ਦੇ ਰਾਸ਼ਟਰਪਤੀ 'ਬਾਹ ਦਾਵ', ਪ੍ਰਧਾਨ ਮੰਤਰੀ 'ਮੋਕਟਰ ਯਾਨ' ਅਤੇ ਰੱਖਿਆ ਮੰਤਰੀ 'ਸੋਲੇਮਨ ਡੋਕੋਵੇ' ਨੂੰ ਹਿਰਾਸਤ 'ਚ ਲੈ ਲਿਆ ਹੈ। ਇਨ੍ਹਾਂ ਤਿੰਨਾਂ ਨੂੰ ਰਾਜਧਾਨੀ 'ਬਮਾਕੋ' ਦੇ ਬਾਹਰ 'ਕਾਟੀ' ਸਥਿਤ ਫੌਜੀ ਹੈੱਡਕੁਆਰਟਰ 'ਚ ਰੱਖਿਆ ਗਿਆ ਹੈ।
ਦਸ ਮਹੀਨੇ ਪਹਿਲਾਂ ਬਣੀ ਦੇਸ਼ ਦੀ ਅੰਤਰਿਮ ਸਰਕਾਰ ਦੇ ਉੱਪ-ਰਾਸ਼ਟਰਪਤੀ ਕਰਨਲ 'ਅਸੀਮੀ ਗੋਇਤਾ' ਨੇ ਬਗਾਵਤ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਫੌਜ ਨਾਲ ਸਲਾਹ ਕੀਤੇ ਬਗੈਰ ਸਰਕਾਰ 'ਚ ਫੇਰਬਦਲ ਕੀਤਾ, ਇਸ ਲਈ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਬਾਰੇ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ 'ਮਾਲੀ' ਦੇ ਵੱਡੇ ਇਲਾਕੇ 'ਤੇ 'ਇਸਲਾਮਿਕ ਸਟੇਟ' ਅਤੇ 'ਅਲ ਕਾਇਦਾ' ਵਰਗੇ ਅੱਤਵਾਦੀ ਗਿਰੋਹਾਂ ਦਾ ਕੰਟਰੋਲ ਹੋਣ ਦੇ ਕਾਰਨ ਇਸ ਦੇਸ਼ ਦੇ ਹਾਲਾਤ ਹੋਰ ਵਿਗੜ ਸਕਦੇ ਹਨ। 
ਕੁੱਲ ਮਿਲਾ ਕੇ ਉਕਤ ਚਾਰੇ ਦੇਸ਼ ਅੱਜ ਸਿਆਸੀ ਚੁੱਕ-ਥੱਲ ਦੀ ਲਪੇਟ 'ਚ ਆਏ ਹੋਏ ਹਨ। ਇਸ ਖਿੱਚੋਤਾਣ 'ਚ ਭਾਵੇਂ ਕੋਈ ਵੀ ਜਿੱਤੇ, ਇਸ ਤਰ੍ਹਾਂ ਦੀ ਘਟਨਾਵਾਂ ਨਾਲ ਜਿੱਥੇ ਦੇਸ਼ ਦਾ ਵਿਕਾਸ ਹੁੰਦਾ ਰੁਕਦਾ ਉੱਥੇ ਅਖੀਰ 'ਚ ਸਭ ਤੋਂ ਵੱਧ ਨੁਕਸਾਨ ਤਾਂ ਆਮ ਜਨਤਾ ਦਾ ਹੀ ਹੁੰਦਾ ਹੈ ਅਤੇ ਉਸ ਨੂੰ ਹੀ ਸਭ ਤੋਂ ਜ਼ਿਆਦਾ ਦੁੱਖ ਝੱਲਣੇ ਪੈਂਦੇ ਹਨ। 
ਇਸ ਲਈ ਜਿਸ ਤਰ੍ਹਾਂ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ 11 ਦਿਨ ਤੱਕ ਚੱਲੀ ਖੂਨੀ ਜੰਗ ਜਿਸ 'ਚ 243 ਵਿਅਕਤੀ ਮਾਰੇ ਗਏ, ਸੈਂਕੜੇ ਜ਼ਖਮੀ ਹੋਏ ਅਤੇ ਅਰਬਾਂ ਰੁਪਏ ਦੀ ਜਾਇਦਾਦ ਤਬਾਹ ਹੋ ਗਈ, ਅਮਰੀਕਾ,ਮਿਸਰ ਆਦਿ ਵਿਚੋਲਿਆਂ ਵਲੋਂ ਪਾਏ ਗਏ ਦਬਾਅ ਕਾਰਣ ਹੁਣ ਰੁਕ ਗਈ ਹੈ, ਉਸੇ ਤਰ੍ਹਾਂ ਵਿਸ਼ਵ ਦੇ ਲੋਕਤੰਤਰਿਕ ਦੇਸ਼ਾਂ ਨੂੰ ਸਾਂਝੇ ਯਤਨ ਰਾਹੀਂ ਉਕਤ ਦੇਸ਼ਾਂ ਨੂੰ ਵੀ ਸਹੀ ਰਸਤੇ 'ਤੇ ਆਉਣ ਦੇ ਲਈ ਰਾਜੀ ਕਰਨਾ ਚਾਹੀਦਾ ਹੈ ਤਾਂ ਕਿ ਉਥੇ ਸ਼ਾਂਤੀ ਬਹਾਲ ਹੋਵੇ। 
-ਵਿਜੇ ਕੁਮਾਰ   


author

Bharat Thapa

Content Editor

Related News