ਇਕ ਹੋਰ ਅਖੌਤੀ ‘ਬਾਬਾ’ ਫਸਿਆ ਜਬਰ-ਜ਼ਿਨਾਹ ਦੇ ਦੋਸ਼ ’ਚ

08/11/2022 1:19:09 AM

ਸੰਤ-ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਮੁਹੱਈਆ ਕਰਦੇ ਹਨ ਪਰ ਕੁਝ ਖੁਦ ਦਾ ਨਾਮ ਜਪਾਉਣ ਵਾਲੇ ਸੰਤ-ਮਹਾਤਮਾ ਅਤੇ ਬਾਬਾ ਲੋਕ ਇਸ ਦੇ ਉਲਟ ਆਚਰਣ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ ਆਦਿ ਨੂੰ ਸੈਕਸ ਸ਼ੋਸ਼ਣ ਤੇ ਹੋਰਨਾਂ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਬਾਲਿਗ ਨਾਲ ਜਬਰ-ਜ਼ਿਨਾਹ ਦਾ ਦੋਸ਼ੀ ਆਸਾਰਾਮ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਉਸ ਦੇ ਵਿਰੁੱਧ ਇਕ ਹੋਰ ਕੇਸ ’ਤੇ ਕਾਰਵਾਈ ਵੀ ਚੱਲ ਰਹੀ ਹੈ। ਉਸ ਦੇ ਬੇਟੇ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਹੈ।

ਆਪਣੇ ਆਸ਼ਰਮ ’ਚ ਇਕ 21 ਸਾਲਾ ਮੁਟਿਆਰ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਫਲਾਹਾਰੀ ਬਾਬਾ ਨੂੰ ਅਲਵਰ ਦੀ ਏ. ਡੀ. ਜੇ. ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਮੁਅੱਤਲ ਕਰਾਉਣ ਦੇ ਲਈ ਉਸ ਦੇ ਵੱਲੋਂ ਦਾਇਰ ਅਪੀਲ ਨੂੰ ਰਾਜਸਥਾਨ ਹਾਈ ਕੋਰਟ ਨੇ 2020 ’ਚ ਰੱਦ ਕਰ ਦਿੱਤਾ ਸੀ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਸੈਕਸ ਸ਼ੋਸ਼ਣ ਦੇ ਮਾਮਲੇ ’ਚ 20 ਸਾਲ ਬਾ-ਮੁਸ਼ੱਕਤ ਕੈਦ ਅਤੇ ਇਕ ਪੱਤਰਕਾਰ ਦੇ ਹੱਤਿਆਕਾਂਡ ’ਚ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਜੇ ਵੀ ਇਹ ਸਿਲਸਿਲਾ ਰੁਕਿਆ ਨਹੀਂ ਹੈ ਅਤੇ ਅਜਿਹੀ ਹੀ ਨਵੀਂ ਘਟਨਾ ’ਚ ਹੁਣ ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਗਵਾਲੀਅਰ ਪੁਲਸ ਦੀ ਸਾਂਝੀ ਟੀਮ ਨੇ ‘ਮਹਾਮੰਡਲੇਸ਼ਵਰ ਬਾਬਾ ਵੈਰਾਗਿਆ ਨੰਦ ਗਿਰੀ’ ਉਰਫ ‘ਮਿਰਚੀ ਬਾਬਾ’ ਨੂੰ ਗਵਾਲੀਅਰ ’ਚ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਹ ਇਕ ਧਾਰਮਿਕ ਸਮਾਗਮ ਦੇ ਸਿਲਸਿਲੇ ’ਚ ਠਹਿਰਿਆ ਹੋਇਆ ਸੀ। ਪੁਲਸ ਦੇ ਅਨੁਸਾਰ 8 ਅਗਸਤ ਨੂੰ ਭੋਪਾਲ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਸ ’ਚ ਲਿਖਵਾਈ ਸ਼ਿਕਾਇਤ ’ਚ ਕਿਹਾ ਕਿ ਵਿਆਹ ਦੇ 7 ਸਾਲ ਬਾਅਦ ਵੀ ਉਸ ਦੇ ਇੱਥੇ ਕੋਈ ਔਲਾਦ ਨਾ ਹੋਣ ’ਤੇ ਉਸ ਨੇ ਕਈ ਥਾਵਾਂ ਤੋਂ ਇਲਾਜ ਕਰਵਾਇਆ ਪਰ ਕੋਈ ਲਾਭ ਨਾ ਹੋਣ ’ਤੇ ਕੁਝ ਸਮਾਂ ਪਹਿਲਾਂ ਉਸ ਨੂੰ ਕੁਝ ਔਰਤਾਂ ਤੋਂ ਪਤਾ ਲੱਗਾ ਕਿ ਭੋਪਾਲ ’ਚ ਇਕ ਪਹੁੰਚਿਆ ਹੋਇਆ ਯੋਗੀ ਹੈ, ਜਿਸ ਦੇ ਦਵਾਈ ਦੇਣ ’ਤੇ ਬੱਚਾ ਹੋ ਜਾਂਦਾ ਹੈ।

ਇਸ ਤੋਂ ਬਾਅਦ ਪੀੜਤਾ ਨੇ ‘ਮਿਰਚੀ ਬਾਬਾ’ ਨੂੰ ਫੋਨ ’ਤੇ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਧਾਰਮਿਕ ਯੱਗ ਦੇ ਬਹਾਨੇ ਉਸ ਨੂੰ ਸੱਦ ਲਿਆ। ਬੀਤੀ 17 ਜੁਲਾਈ ਨੂੰ ਉਹ ਭੋਪਾਲ ’ਚ ‘ਮਿਰਚੀ ਬਾਬਾ’ ਦੇ ਮਿਨਾਲ ਰੈਜ਼ੀਡੈਂਸੀ ਸਥਿਤ ‘ਆਸ਼ਰਮ’ ’ਤੇ ਗਈ, ਜਿੱਥੇ ਉਸ ਨੇ ਉਸ ਨੂੰ ਕੋਈ ਭਬੂਤੀ ਅਤੇ ਸਾਬੂਦਾਣਾ ਦਿੱਤਾ ਤੇ ਕਿਹਾ ਕਿ ਉਹ ਇਸ ਦੀ ਵਰਤੋਂ ਕਰਨ ਤੋਂ ਬਾਅਦ ਉਪਰ ਜਾ ਕੇ ਉਸ ਦੀ ਉਡੀਕ ਕਰੇ। ਪੀੜਤਾ ਅਨੁਸਾਰ ਇਸ ਤੋਂ ਬਾਅਦ ਜਲਦੀ ਹੀ ਉਹ ਬੇਹੋਸ਼ ਹੋ ਗਈ ਅਤੇ ਹੋਸ਼ ’ਚ ਆਉਣ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਬਾਬਾ ਨੇ ਜਬਰ-ਜ਼ਿਨਾਹ ਕਰ ਦਿੱਤਾ ਹੈ ਅਤੇ ਜਬਰ-ਜ਼ਿਨਾਹ ਕਰਨ ਤੋਂ ਬਾਅਦ ‘ਮਿਰਚੀ ਬਾਬਾ’ ਨੇ ਉਸ ਨੂੰ ਕਿਹਾ ‘‘ਹੁਣ ਤੇਰੇ ਇੱਥੇ ਗੋਲ-ਮਟੋਲ ਬੇਟਾ ਪੈਦਾ ਹੋਵੇਗਾ।’’

ਪੀੜਤਾ ਨੇ ਆਪਣੀ ਸ਼ਿਕਾਇਤ ’ਚ ਇਹ ਵੀ ਕਿਹਾ ਹੈ ਕਿ ਕਿਸੇ ਨੂੰ ਦੱਸਣ ’ਤੇ ‘ਮਿਰਚੀ ਬਾਬਾ’ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਉਸ ਨੂੰ ਇਹ ਵੀ ਕਿਹਾ,‘‘ਤੈਨੂੰ ਬੱਚਾ ਚਾਹੀਦਾ ਸੀ, ਇਹ ਇਵੇਂ ਹੀ ਪੈਦਾ ਹੁੰਦੇ ਹਨ।’’ ਪੀੜਤਾ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹ ਆਪਣੇ ਕਿਸੇ ਭਰੋਸੇਮੰਦ ਸਾਥੀ ਨੂੰ ਆਪਣੀ ਹੱਡਬੀਤੀ ਦੱਸ ਰਹੀ ਸੀ ਤਾਂ ਉਸ ਦੇ ਪਤੀ ਨੇ ਸਾਰੀ ਗੱਲ ਸੁਣ ਲਈ ਅਤੇ ਪੀੜਤਾ ਨੂੰ ਘਰੋਂ ਕੱਢ ਦਿੱਤਾ। ਇਸ ਦੌਰਾਨ ਗ੍ਰਿਫ਼ਤਾਰੀ ਤੋਂ ਬਾਅਦ ਮਿਰਚੀ ਬਾਬਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ, ਜਿਸ ਵਿਚ ਉਹ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੂੰ ਇਸ ਮਾਮਲੇ ’ਚ ਫਸਾਇਆ ਗਿਆ ਹੈ ਅਤੇ ਉਹ ਇਸ ਦੇ ਵਿਰੁੱਧ ਲੜੇਗਾ।

ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ‘ਮਿਰਚੀ ਬਾਬਾ’ ਨੂੰ ਨਾਗਾ ਬਾਬਾ ਦਾ ਦਰਜਾ ਮਿਲਿਆ ਹੋਇਆ ਹੈ ਅਤੇ ਉਹ ਖੁਦ ਨੂੰ ਹਰਿਦੁਆਰ ਦੇ ਪੰਚਾਇਤੀ ਨਿਰੰਜਨੀ ਅਖਾੜਾ ਦਾ ਮਹਾਮੰਡਲੇਸ਼ਵਰ ਕਹਿੰਦਾ ਹੈ। ਇਸ ਨੂੰ ਮੱਧ ਪ੍ਰਦੇਸ਼ ’ਚ ਕਾਂਗਰਸ ਦੀ ਤਤਕਾਲੀਨ ਕਮਲ ਨਾਥ ਸਰਕਾਰ ਨੇ ਰਾਜ ਮੰਤਰੀ ਦਾ ਦਰਜਾ ਦਿੱਤਾ ਹੋਇਆ ਸੀ। ‘ਮਿਰਚੀ ਬਾਬਾ’ ਨੇ ਸੂਬੇ ’ਚ ਨਵੰਬਰ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇਤਾਵਾਂ ਦਾ ਸਮਰਥਨ ਕੀਤਾ ਸੀ ਪਰ ਉਹ ਚਰਚਾ ’ਚ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਆਇਆ, ਜਦੋਂ ਉਸ ਨੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੀ ਜਿੱਤ ਲਈ 1 ਕੁਇੰਟਲ ਲਾਲ ਮਿਰਚ ਦਾ ਹਵਨ ਕੀਤਾ ਸੀ। ਉਦੋਂ ਉਸ ਨੇ ਐਲਾਨ ਕੀਤਾ ਸੀ ਕਿ ਜੇਕਰ ਦਿਗਵਿਜੇ ਸਿੰਘ ਚੋਣ ਨਹੀਂ ਜਿੱਤੇ ਤਾਂ ਉਹ ਜਲ ਸਮਾਧੀ ਲੈ ਲਵੇਗਾ ਪਰ ਨਾ ਤਾਂ ਦਿਗਵਿਜੇ ਸਿੰਘ ਜਿੱਤ ਸਕੇ ਅਤੇ ਨਾ ਹੀ ‘ਮਿਰਚੀ ਬਾਬਾ’ ਨੇ ਜਲ ਸਮਾਧੀ ਲਈ। ਇਸ ਦੌਰਾਨ ਅਦਾਲਤ ਨੇ ‘ਮਿਰਚੀ ਬਾਬਾ’ ਨੂੰ 22 ਅਗਸਤ ਤੱਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।

ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਦੇ ਲਈ ਕਿਸੇ ਹੱਦ ਤੱਕ ਔਰਤਾਂ ਵੀ ਦੋਸ਼ੀ ਹਨ, ਜੋ ਇਨ੍ਹਾਂ ਅਖੌਤੀ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਝਾਂਸੇ ’ਚ ਆ ਜਾਂਦੀਆਂ ਹਨ ਅਤੇ ਔਲਾਦ ਪ੍ਰਾਪਤੀ, ਘਰੇਲੂ ਸਮੱਸਿਆ ਨਿਵਾਰਨ ਆਦਿ ਦੇ ਲੋਭ ’ਚ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ। ਲਿਹਾਜ਼ਾ ਇਸ ਮਾਮਲੇ ’ਚ ਔਰਤਾਂ ਨੂੰ ਵੀ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ।
-ਵਿਜੇ ਕੁਮਾਰ


Mukesh

Content Editor

Related News