‘ਚਾਕਲੇਟ ਦਾ ਲਾਲਚ’ ਦੇ ਕੇ ਕਰ ਰਹੇ ਮਾਸੂਮ ਬੱਚੀਆਂ ਦੀ ‘ਜ਼ਿੰਦਗੀ ਬਰਬਾਦ’
Wednesday, Feb 07, 2024 - 06:11 AM (IST)
ਦੇਸ਼ ’ਚ ਵੱਡੀ ਗਿਣਤੀ ’ਚ ਬੱਚੀਆਂ ਵਾਸਨਾ ਦੇ ਭੁੱਖੇ ਲੋਕਾਂ ਦੇ ਨਿਸ਼ਾਨੇ ’ਤੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਹੈ। ਚਾਕਲੇਟ ਦੇ ਬਹਾਨੇ ਬੱਚੀਆਂ ਨਾਲ ਦਰਿੰਦਗੀ ਕਰਨ ਦੀਆਂ ਕੁਝ ਘਟਨਾਵਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 7 ਜੁਲਾਈ, 2023 ਨੂੰ ਕਲਬੁਰਗੀ (ਕਰਨਾਟਕ) ’ਚ 12 ਤੋਂ 14 ਸਾਲ ਉਮਰ ਵਰਗ ਦੇ 5 ਲੜਕਿਆਂ ਨੇ ਚਾਕਲੇਟ ਦਿਵਾਉਣ ਦੇ ਬਹਾਨੇ ਇਕ 9 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
* 19 ਅਗਸਤ, 2023 ਨੂੰ ਬਕਸਰ (ਬਿਹਾਰ) ਦੇ ‘ਸੀਮਰੀ’ ਥਾਣਾ ਖੇਤਰ ਦੇ ਇਕ ਪਿੰਡ ’ਚ ਇਕ ਵਿਅਕਤੀ ਨੇ ਚਾਕਲੇਟ ਦਾ ਲਾਲਚ ਦੇ ਕੇ 5 ਸਾਲਾ ਇਕ ਬੱਚੀ ਦੀ ਇੱਜ਼ਤ ਲੁੱਟ ਲਈ, ਜਿਸ ਨਾਲ ਉਹ ਬੇਹੋਸ਼ ਹੋ ਗਈ। ਹੋਸ਼ ’ਚ ਆਉਣ ’ਤੇ ਫਟੇ ਕੱਪੜਿਆਂ ਨਾਲ ਘਰ ਪੁੱਜੀ ਤਾਂ ਉਸ ਦੀ ਹਾਲਤ ਦੇਖ ਕੇ ਪਰਿਵਾਰ ਦੇ ਮੈਂਬਰ ਡਰ ਗਏ।
* 19 ਸਤੰਬਰ, 2023 ਨੂੰ ਕਾਨਪੁਰ (ਉੱਤਰ ਪ੍ਰਦੇਸ਼) ’ਚ ਆਪਣੇ ਭਰਾ ਦੇ ਨਾਲ ਘਰ ਦੇ ਬਾਹਰ ਖੇਡ ਰਹੀ 8 ਸਾਲਾ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ‘ਲਾਖਨ’ ਨਾਂ ਦੇ ਇਕ ਅੱਧਖੜ ਨੇ ਉਸ ਦੇ ਨਾਲ ਜਬਰ-ਜ਼ਨਾਹ ਕਰ ਦਿੱਤਾ।
* 24 ਸਤੰਬਰ, 2023 ਨੂੰ ਗੋਪਾਲਗੰਜ (ਬਿਹਾਰ) ’ਚ ਇਕ 4 ਸਾਲਾ ਬੱਚੀ ਦਾ ਕਲਯੁਗੀ ਚਾਚਾ ਸ਼ੇਰ ਸਿੰਘ ਚਾਕਲੇਟ ਖਵਾਉਣ ਦੇ ਬਹਾਨੇ ਉਸ ਨੂੰ ਗੋਦ ’ਚ ਉਠਾ ਕੇ ਲੈ ਗਿਆ ਅਤੇ ਵੀਰਾਨ ਥਾਂ ’ਤੇ ਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਬੱਚੀ ਦੇ ਮਾਪਿਆਂ ਨੂੰ ਉਹ ਗੰਭੀਰ ਹਾਲਤ ’ਚ ਫਰਸ਼ ’ਤੇ ਲਹੂ-ਲੁਹਾਨ ਪਈ ਮਿਲੀ।
* 25 ਨਵੰਬਰ, 2023 ਨੂੰ ਬੁਲਢਾਣਾ (ਮਹਾਰਾਸ਼ਟਰ) ਦੇ ਇਕ ਪਿੰਡ ’ਚ ਇਕ 17 ਸਾਲਾ ਨੌਜਵਾਨ ਇਕ ਬੱਚੀ ਨੂੰ ਫੁਸਲਾ ਕੇ ਆਪਣੇ ਨਾਲ ਲੈ ਗਿਆ ਕਿ ਉਹ ਉਸ ਨੂੰ ਚਿਪਸ ਤੇ ਚਾਕਲੇਟ ਦਿਵਾਏਗਾ ਪਰ ਬੱਚੀ ਨੂੰ ਕਿਤੇ ਲਿਜਾ ਕੇ ਉਸ ਨਾਲ ਦਰਿੰਦਗੀ ਕਰ ਦਿੱਤੀ ਅਤੇ ਉਹ ਪਰਿਵਾਰ ਵਾਲਿਆਂ ਨੂੰ ਕਿਸੇ ਥਾਂ ਬੇਹੋਸ਼ ਪਈ ਮਿਲੀ।
* 14 ਦਸੰਬਰ, 2023 ਨੂੰ ਜਾਂਜਗੀਰ ਚਾਂਪਾ (ਛੱਤੀਸਗੜ੍ਹ) ’ਚ ਚਾਕਲੇਟ ਦਾ ਲਾਲਚ ਦੇ ਕੇ ਘਰ ’ਚ ਇਕੱਲੀ ਇਕ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਧਰਮਪਾਲ ਸੂਰਯਵੰਸ਼ੀ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 5 ਜਨਵਰੀ, 2024 ਨੂੰ ਪਾਲੀ (ਰਾਜਸਥਾਨ) ’ਚ ਆਪਣੇ ਘਰ ਦੇ ਬਾਹਰ ਖੇਡ ਰਹੀ 6 ਸਾਲ ਦੀ ਮਾਸੂਮ ਨੂੰ ਚਾਕਲੇਟ ਦਿਵਾਉਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
* 11 ਜਨਵਰੀ, 2024 ਨੂੰ ਪਟਨਾ (ਬਿਹਾਰ) ’ਚ ਆਪਣੇ ਘਰ ਦੇ ਵਿਹੜੇ ’ਚ ਖੇਡ ਰਹੀ 6 ਸਾਲਾ ਬੱਚੀ ਨੂੰ ਰੋਹਿਤ ਨਾਂ ਦੇ ਗੁਆਂਢੀ ਨੌਜਵਾਨ ਨੇ ਚਾਕਲੇਟ ਦਾ ਲਾਲਚ ਦੇ ਕੇ ਸੱਦਿਆ ਅਤੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।
* 21 ਜਨਵਰੀ, 2024 ਨੂੰ ਸੁਪੌਲ (ਬਿਹਾਰ) ਜ਼ਿਲੇ ਦੇ ਬਿਸ਼ਨਪੁਰ ਦੌਲਤਪੁਰ ਪਿੰਡ ’ਚ ਖੇਤਾਂ ’ਚ ਘਾਹ ਕੱਟ ਰਹੀ ਇਕ 10 ਸਾਲਾ ਲੜਕੀ ਨੂੰ ਚਾਕਲੇਟ ਦੇਣ ਦੇ ਬਹਾਨੇ ਆਪਣੇ ਨਾਲ ਲਿਜਾ ਕੇ ਇਕ ਅੱਧਖੜ ਨੇ ਉਸ ਨਾਲ ਮੂੰਹ ਕਾਲਾ ਕਰ ਦਿੱਤਾ।
* 31 ਜਨਵਰੀ, 2024 ਨੂੰ ਲੁਧਿਆਣਾ (ਪੰਜਾਬ) ’ਚ 2 ਛੋਟੀਆਂ ਬੱਚੀਆਂ ਨੂੰ ਚਾਕਲੇਟ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਨੌਜਵਾਨ ਨੂੰ ਬੱਚੀਆਂ ਦੀ ਮਾਂ ਅਤੇ ਹੋਰ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕੀਤਾ।
* 2 ਫਰਵਰੀ, 2024 ਨੂੰ ਮੁੰਬਈ ’ਚ ਕਾਂਦੀਵਲੀ ਦੇ ਇਕ ਸਕੂਲ ਮੁਲਾਜ਼ਮ ਨੇ 4 ਸਾਲਾ ਬੱਚੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਬਾਥਰੂਮ ਦੇ ਅੰਦਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਜਦੋਂ ਉਸ ਦੇ ਪ੍ਰਾਈਵੇਟ ਪਾਰਟ ’ਚ ਦਰਦ ਹੋਣ ਲੱਗੀ ਤਾਂ ਮਾਂ ਦੇ ਪੁੱਛਣ ’ਤੇ ਉਸ ਨੇ ਦੱਸਿਆ, ‘‘ਅੰਕਲ ਨੇ ਮੇਰੇ ਨਾਲ ਗੰਦਾ ਕੰਮ ਕੀਤਾ।’’
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਬੱਚੀਆਂ ਦੇ ਮਾਤਾ-ਪਿਤਾ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਨੂੰ ਦੇਖਣਾ ਚਾਹੀਦੈ ਕਿ ਉਨ੍ਹਾਂ ਦੀਆਂ ਬੱਚੀਆਂ ਦੇ ਆਲੇ-ਦੁਆਲੇ ਕੋਈ ਸ਼ੱਕੀ ਵਿਅਕਤੀ ਤਾਂ ਨਹੀਂ ਘੁੰਮ ਰਿਹਾ। ਬੱਚੀਆਂ ਨੂੰ ਉਦੋਂ ਤੱਕ ਕਿਸੇ ਵਿਅਕਤੀ ਨਾਲ ਨਹੀਂ ਜਾਣ ਦੇਣਾ ਚਾਹੀਦਾ, ਜਦੋਂ ਤੱਕ ਉਨ੍ਹਾਂ ਨੂੰ ਪੂਰਾ ਯਕੀਨ ਨਾ ਹੋਵੇ ਕਿ ਉਨ੍ਹਾਂ ਦੀਆਂ ਬੱਚੀਆਂ ਉਨ੍ਹਾਂ ਦੇ ਨਾਲ ਸੁਰੱਖਿਅਤ ਰਹਿਣਗੀਆਂ।
- ਵਿਜੇ ਕੁਮਾਰ