ਬਲਾਤਕਾਰ ''ਚ ਫਸਿਆ ਇਕ ਹੋਰ ਬਾਬਾ ਹੁਣ ''ਫਲਾਹਾਰੀ ਬਾਬਾ'' ਜੇਲ ਵਿਚ

09/24/2017 7:25:52 AM

ਹਰੇਕ ਬੀਤਣ ਵਾਲੇ ਦਿਨ ਨਾਲ ਕਲਯੁੱਗ ਦੇ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ ਤੇ ਲੋਕ ਦੰਦਾਂ ਹੇਠ ਉਂਗਲ ਦਬਾਉਣ ਲਈ ਮਜਬੂਰ ਹੋ ਰਹੇ ਹਨ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਅਤੇ ਖੁੱਲ੍ਹ ਰਹੇ ਰਹੱਸਾਂ ਦਾ ਸਿਲਸਿਲਾ ਅਜੇ ਖਤਮ ਵੀ ਨਹੀਂ ਹੋਇਆ ਕਿ ਰਾਜਸਥਾਨ ਦੇ ਕਥਿਤ ਸੰਤ ਕੌਸ਼ਲੇਂਦਰ ਫਲਾਹਾਰੀ ਮਹਾਰਾਜ (70) ਉੱਤੇ 21 ਵਰ੍ਹਿਆਂ ਦੀ ਇਕ ਕਾਨੂੰਨ ਦੀ ਵਿਦਿਆਰਥਣ ਨੇ ਬਲਾਤਕਾਰ ਦਾ ਦੋਸ਼ ਲਾ ਕੇ ਸਨਸਨੀ ਫੈਲਾ ਦਿੱਤੀ ਹੈ। 
ਮੁਟਿਆਰ ਅਨੁਸਾਰ 7 ਅਗਸਤ ਨੂੰ ਬਾਬੇ ਨੇ ਉਸ ਨੂੰ ਵਿੱਦਿਆ ਤੇ ਉੱਜਵਲ ਭਵਿੱਖ ਦਾ ਵਰਦਾਨ ਦੇਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ, ਜਿਸ 'ਤੇ ਬਿਲਾਸਪੁਰ ਪੁਲਸ ਨੇ 11 ਸਤੰਬਰ ਨੂੰ ਐੱਫ. ਆਈ. ਆਰ. ਦਰਜ ਕਰ ਕੇ ਮਾਮਲਾ ਹੱਥ 'ਚ ਲੈ ਲਿਆ।
ਬਿਲਾਸਪੁਰ ਪੁਲਸ ਨੇ ਪੀੜਤਾ ਵਲੋਂ ਫਲਾਹਾਰੀ ਮਹਾਰਾਜ ਵਿਰੁੱਧ ਯੌਨ ਸ਼ੋਸ਼ਣ ਦੀ ਜ਼ੀਰੋ ਰਿਪੋਰਟ ਨੂੰ ਅਲਵਰ ਦੇ ਅਰਾਵਲੀ ਥਾਣੇ 'ਚ ਭੇਜਿਆ ਤੇ ਪੁਲਸ ਨੇ ਫਲਾਹਾਰੀ ਮਹਾਰਾਜ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਰਿਪੋਰਟ ਦਰਜ ਹੋਣ ਤੋਂ ਬਾਅਦ ਫਲਾਹਾਰੀ ਬਾਬਾ ਅਲਵਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋ ਗਿਆ ਸੀ ਪਰ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਬਾਬੇ ਦੀ ਸਿਹਤ ਠੀਕ-ਠਾਕ ਹੈ ਅਤੇ ਉਹ ਉਥੋਂ ਜਾਣ ਲਈ ਆਜ਼ਾਦ ਹੈ। 
21 ਸਤੰਬਰ ਨੂੰ ਅਲਵਰ ਪਹੁੰਚੀ ਪੀੜਤਾ ਤੇ ਉਸ ਦੇ ਪਰਿਵਾਰ ਵਾਲਿਆਂ ਦੇ 2 ਦਿਨਾਂ ਤਕ ਬਿਆਨ ਲਏ ਗਏ ਤੇ ਪੀੜਤਾ ਤੋਂ ਮੌਕਾ ਮੁਆਇਨਾ ਦੀ ਤਸਦੀਕ ਕਰਵਾਈ ਗਈ। 
ਪੁਲਸ ਅਨੁਸਾਰ ਬਾਬੇ ਨੂੰ 23 ਸਤੰਬਰ ਨੂੰ ਅਲਵਰ ਦੇ ਇਕ ਪ੍ਰਾਈਵੇਟ ਹਸਪਤਾਲ 'ਚੋਂ ਗ੍ਰਿਫਤਾਰ ਕਰ ਕੇ 6 ਅਕਤੂਬਰ ਤਕ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਬਾਬੇ ਦੀ ਗ੍ਰਿਫਤਾਰੀ ਸਮੇਂ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਸ ਨੇ ਆਸ਼ਰਮ ਵਿਚ ਸਥਿਤ ਦੋਸ਼ੀ ਦੇ ਕਮਰੇ ਨੂੰ ਵੀ ਸੀਲ ਕਰ ਦਿੱਤਾ ਹੈ। 
ਪੁਲਸ ਅਨੁਸਾਰ ਦੋਸ਼ ਸਿੱਧ ਹੋਣ 'ਤੇ ਹੀ ਫਲਾਹਾਰੀ ਬਾਬੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ 'ਦੋਸ਼ੀ' ਤੋਂ ਹੁਣ ਕੋਈ ਪੁੱਛਗਿੱਛ ਨਹੀਂ ਕਰਨੀ ਹੈ, ਇਸ ਲਈ ਰਿਮਾਂਡ ਵੀ ਨਹੀਂ ਮੰਗਿਆ ਗਿਆ ਹੈ। ਪੁਲਸ ਛੇਤੀ ਹੀ ਅਦਾਲਤ 'ਚ ਉਸ ਵਿਰੁੱਧ ਚਲਾਨ ਪੇਸ਼ ਕਰੇਗੀ। 
ਐੱਸ. ਪੀ. ਰਾਹੁਲ ਪ੍ਰਕਾਸ਼ ਮੁਤਾਬਿਕ ਛੱਤੀਸਗੜ੍ਹ 'ਚ ਪੀੜਤਾ ਦਾ ਬਿਆਨ ਦਰਜ ਕਰ ਕੇ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਛੱਤੀਸਗੜ੍ਹ ਪੁਲਸ ਦੀ ਕੇਸ ਡਾਇਰੀ ਦੇ ਆਧਾਰ 'ਤੇ ਅਰਾਵਲੀ ਥਾਣੇ 'ਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਗਈ।
15 ਸਾਲਾਂ ਤੋਂ ਅਧਿਆਤਮ ਜਗਤ 'ਚ ਸਰਗਰਮ ਦੱਸੇ ਜਾਂਦੇ ਫਲਾਹਾਰੀ ਬਾਬੇ ਦਾ ਪੂਰਾ ਨਾਂ ਜਗਤਗੁਰੂ ਰਾਮਾਨੁਜ ਆਚਾਰੀਆ ਸ਼੍ਰੀ ਸੁਆਮੀ ਕੌਸ਼ਲੇਂਦਰ ਪ੍ਰਪੰਨਾਚਾਰੀ ਫਲਾਹਾਰੀ ਮਹਾਰਾਜ ਹੈ। ਉਹ ਰਾਮਾਨੁਜ ਸੰਪਰਦਾਇ ਦਾ ਸਾਧੂ ਮੰਨਿਆ ਜਾਂਦਾ ਹੈ। 
ਅਲਵਰ ਵਿਚ ਬਾਬੇ ਦਾ ਵੈਂਕਟੇਸ਼ ਦਿਵਿਆ ਬਾਲਾਜੀ ਧਾਮ ਆਸ਼ਰਮ ਹੈ, ਜਿਥੇ ਹਰ ਰੋਜ਼ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ ਤੇ ਉਥੇ ਉਹ ਭਜਨ-ਕੀਰਤਨ ਤੇ ਵੈਦਿਕ ਯੱਗ ਕਰਵਾਉਂਦਾ ਹੈ। ਉਹ ਅਲਵਰ 'ਚ ਗਊਸ਼ਾਲਾ ਵੀ ਚਲਾਉਂਦਾ ਹੈ, ਕੁੰਭ 'ਚ ਕੈਂਪ ਲਾਉਂਦਾ ਹੈ ਤੇ ਸੰਸਕ੍ਰਿਤ ਦਾ ਜਾਣਕਾਰ ਵੀ ਮੰਨਿਆ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਬਾਬੇ ਨੇ ਆਸ਼ਰਮ ਵਿਚ ਸ਼੍ਰੀ ਵੈਂਕਟੇਸ਼ ਦੀ ਮੂਰਤੀ ਸਥਾਪਿਤ ਕੀਤੀ ਸੀ, ਜਿਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ 'ਵਿਸ਼ੇਸ਼ ਲੋਕ' ਆਏ ਸਨ। 
ਫਲਾਹਾਰੀ ਬਾਬੇ ਦੇ ਰਿਸ਼ਤੇ ਕਈ ਸਿਆਸੀ ਪਾਰਟੀਆਂ ਨਾਲ ਵੀ ਦੱਸੇ ਜਾਂਦੇ ਹਨ ਤੇ ਉਸ ਨੂੰ ਭਾਜਪਾ ਦਾ ਨੇੜਲਾ ਮੰਨਿਆ ਜਾਂਦਾ ਹੈ। ਜੁਲਾਈ 'ਚ ਉਹ ਜੈਪੁਰ ਵਿਖੇ ਆਯੋਜਿਤ ਭਾਜਪਾ ਦੇ ਸੰਤ ਸਮਾਗਮ 'ਚ ਹਿੱਸਾ ਲੈਣ ਵੀ ਗਿਆ ਸੀ। ਬਾਬੇ ਨੇ 7 ਨਵੰਬਰ 2016 ਨੂੰ ਇਕ ਰੱਥ ਯਾਤਰਾ ਵੀ ਸ਼ੁਰੂ ਕੀਤੀ ਸੀ, ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਅਜੇ ਵੀ ਚੱਲ ਰਹੀ ਹੈ ਤੇ ਇਹ 2018 'ਚ ਖਤਮ ਹੋਵੇਗੀ। ਸਮਾਪਤੀ ਸਮਾਰੋਹ 'ਤੇ ਹੈਦਰਾਬਾਦ ਵਿਚ ਸ਼੍ਰੀ ਰਾਮ ਜੀਵਾ ਕੰਪਲੈਕਸ ਵਿਚ ਰਾਮਾਨੁਜ ਆਚਾਰੀਆ ਦੀ ਮੂਰਤੀ ਲਾਈ ਜਾਣੀ ਸੀ। 
ਬਾਬੇ ਨੂੰ ਅਦਾਲਤ 'ਚ ਪੇਸ਼ ਕਰਦੇ ਸਮੇਂ ਅਦਾਲਤੀ ਕੰਪਲੈਕਸ 'ਚ ਲੋਕਾਂ ਦੀ ਕਾਫੀ ਭੀੜ ਸੀ ਤੇ ਅਹਿਤਿਆਤ ਵਜੋਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਗ੍ਰਿਫਤਾਰ ਹੋਏ ਬਾਬਾ ਫਲਾਹਾਰੀ ਨੇ ਅਦਾਲਤ ਜਾਂਦੇ ਸਮੇਂ ਮੀਡੀਆ ਨੂੰ ਕਿਹਾ, ''ਮੈਂ ਬੇਕਸੂਰ ਹਾਂ, ਮੈਨੂੰ ਅਦਾਲਤ 'ਤੇ ਭਰੋਸਾ ਹੈ।''  ਅਲਵਰ ਭਾਜਪਾ ਦੇ ਜ਼ਿਲਾ ਪ੍ਰਧਾਨ ਧਰਮਵੀਰ ਸ਼ਰਮਾ ਅਨੁਸਾਰ ਇਹ ਮਹਾਰਾਜ ਨੂੰ ਫਸਾਉਣ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਸੱਚ ਜੋ ਵੀ ਹੋਵੇਗਾ, ਉਹ ਜਾਂਚ ਵਿਚ ਸਾਹਮਣੇ ਆ ਹੀ ਜਾਵੇਗਾ ਪਰ ਇਕ ਗੱਲ ਜ਼ਰੂਰ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਦੇਸ਼ ਵਿਚ ਸੰਤਾਂ ਤੇ ਬਾਬਿਆਂ ਦੀ ਭਰੋਸੇਯੋਗਤਾ ਅਤੇ ਵੱਕਾਰ ਨੂੰ ਲਗਾਤਾਰ ਧੱਕਾ ਲੱਗ ਰਿਹਾ ਹੈ, ਇਸ ਲਈ ਇਸ ਸਥਿਤੀ ਨੂੰ ਰੋਕਣ ਵਾਸਤੇ ਸੰਤਾਂ-ਮਹਾਤਮਾਵਾਂ ਨੂੰ ਆਪਸ ਵਿਚ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ। 
—ਵਿਜੇ ਕੁਮਾਰ


Vijay Kumar Chopra

Chief Editor

Related News