‘ਰਾਜਸਥਾਨ’ ਦੀ ਕਾਂਗਰਸ ‘ਸਰਕਾਰ’ ਦਾ ‘ਸੰਕਟ ਫਿਲਹਾਲ ਟਲਿਆ’

07/14/2020 3:40:13 AM

ਜਦੋਂ 17 ਦਸੰਬਰ, 2018 ਨੂੰ ਕਾਂਗਰਸ ਹਾਈਕਮਾਨ ਨੇ ਵਧ ਤਜਰਬੇਕਾਰ ਹੋਣ ਦੇ ਨਾਤੇ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾ ਦਿੱਤਾ ਤਾਂ 2014 ਤੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਚਲੇ ਆ ਰਹੇ ਸਚਿਨ ਪਾਇਲਟ ਨੇ, ਜਿਨ੍ਹਾਂ ਦੀ ਅਗਵਾਈ ’ਚ ਹੀ ਕਾਂਗਰਸ ਨੇ 2018 ਦੀ ਚੋਣ ਲੜੀ ਸੀ, ਇਸ ਸ਼ਰਤ ’ਤੇ ਉਪ-ਮੁੱਖ ਮੰਤਰੀ ਦਾ ਅਹੁਦਾ ਪ੍ਰਵਾਨ ਕਰ ਲਿਆ ਕਿ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਕਾਇਮ ਰੱਖਿਆ ਜਾਵੇਗਾ।

ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ’ਚ ਸੰਕਟ ਉਸੇ ਦਿਨ ਸ਼ੁਰੂ ਹੋ ਗਿਆ ਸੀ ਅਤੇ ਉਦੋਂ ਤੋਂ ਗਹਿਲੋਤ ਅਤੇ ਪਾਇਲਟ ’ਚ ਕਸ਼ਮਕਸ਼ ਚਲੀ ਆ ਰਹੀ ਹੈ। ਇਹ ਵੀ ਚਰਚਾ ਹੈ ਕਿ ਦੋਵਾਂ ’ਚ ਅਸਲੀ ਝਗੜਾ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਹੈ ਕਿਉਂਕਿ ਅਸ਼ੋਕ ਗਹਿਲੋਤ ਹਰ ਹਾਲਤ ’ਚ ਸਚਿਨ ਪਾਇਲਟ ਨੂੰ ਹਟਾ ਕੇ ਆਪਣੇ ਕਿਸੇ ਖਾਸਮਖਾਸ ਨੂੰ ਇਹ ਅਹੁਦਾ ਦੇਣਾ ਚਾਹੁੰਦੇ ਹਨ, ਜਿਸਦੇ ਲਈ ਸਚਿਨ ਪਾਇਲਟ ਤਿਆਰ ਨਹੀਂ ਹਨ।

ਇਨ੍ਹਾਂ ਦੋਵਾਂ ’ਚ ਪੈਦਾ ਤਣਾਅ ਉਸ ਸਮੇਂ ਖੁਲ੍ਹ ਕੇ ਸਾਹਮਣੇ ਆ ਗਿਆ ਜਦੋਂ ਹਾਲ ਹੀ ’ਚ ਰਾਜ ਸਭਾ ਚੋਣ ਦੌਰਾਨ ਭਾਜਪਾ ਵਲੋਂ ਕਾਂਗਰਸ ਵਿਧਾਇਕਾਂ ਦੀ ਖਰੀਦੋ-ਫਰੋਖਤ ਦੀ ਕੋਸ਼ਿਸ਼ ਬਾਰੇ ਅਸ਼ੋਕ ਗਹਿਲੋਤ ਦੇ ਹੁਕਮ ’ਤੇ ਪੁਲਸ ਥਾਣੇ ’ਚ ਦਰਜ ਰਿਪੋਰਟ ਦੇ ਆਧਾਰ ’ਤੇ ਰਾਜਸਥਾਨ ਪੁਲਸ ਦੇ ਐੱਸ.ਓ.ਜੀ. (ਸਪੈਸ਼ਲ ਆਪ੍ਰੇਸ਼ਨ ਗਰੁੱਪ) ਨੇ 10 ਜੁਲਾਈ ਨੂੰ ਪੁੱਛ-ਗਿੱਛ ਲਈ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੇ ਇਲਾਵਾ 13 ਆਜ਼ਾਦ ਵਿਧਾਇਕਾਂ ਨੂੰ ਨੋਟਿਸ ਦੇ ਦਿੱਤਾ।

ਐੱਸ.ਓ.ਜੀ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ’ਚ ਸ਼ਾਮਲ 2 ਭਾਜਪਾ ਨੇਤਾਵਾਂ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਅਸ਼ੋਕ ਗਹਿਲੋਤ ਨੇ ਭਾਜਪਾ ਨੇਤਾਵਾਂ ਸਤੀਸ਼ ਪੁਨੀਆ ਅਤੇ ਰਾਜਵਰਧਨ ਰਾਠੌਰ ’ਤੇ ਕਾਂਗਰਸ ਦੇ ਵਿਧਾਇਕਾਂ ਨੂੰ 25 ਕਰੋੜ ਰੁਪਏ ’ਚ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।

ਫਿਲਹਾਲ, ਐੱਸ.ਓ.ਜੀ.ਦੇ ਨੋਟਿਸ ’ਤੇ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕਾਂ ’ਚ ਨਾਰਾਜ਼ਗੀ ਦੇ ਕਾਰਨ ਪਾਇਲਟ ਸਮੇਤ 22 ਵਿਧਾਇਕ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲ ਕੇ ਆਪਣੀ ਗੱਲ ਰੱਖਣ ਲਈ ਦਿੱਲੀ ਪਹੁੰਚ ਗਏ ਅਤੇ ਮੱਧ ਪ੍ਰਦੇਸ਼ ਦਾ ਬਾਅਦ ਰਾਜਸਥਾਨ ਦੀ ਗਹਿਲੋਤ ਸਰਕਾਰ ’ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ।

ਇਸੇ ਦਰਮਿਆਨ 12 ਜੁਲਾਈ ਨੂੰ ਸਚਿਨ ਪਾਇਲਟ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਜਿਓਤਿਰਾਦਿਤਿਆ ਸਿੰਧੀਆ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ , ਜਿਸਦੇ ਬਾਅਦ ਕਿਆਸ ਲਗਾਏ ਜਾਣ ਲੱਗੇ ਕਿ ਸਚਿਨ ਪਾਇਲਟ ਵੀ 13 ਜੁਲਾਈ ਨੂੰ ਭਾਜਪਾ ਜੁਆਇਨ ਕਰ ਸਕਦੇ ਹਨ ਪਰ ਸਚਿਨ ਪਾਇਲਟ ਨੇ ਅਜਿਹੀਅਾਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ।

12 ਜੁਲਾਈ ਰਾਤ ਨੂੰ ਹੀ ਜੈਪੁਰ ’ਚ ਅਸ਼ੋਕ ਗਹਿਲੋਤ ਨੇ ਕਾਂਗਰਸ ਦੇ ਵਿਧਾਇਕਾਂ ਦੀ ਬੈਠਕ ਸੱਦੀ, ਜਿਸ ’ਚ 107 ’ਚੋਂ 75 ਕਾਂਗਰਸ ਵਿਧਾਇਕ/ਮੰਤਰੀ ਪੁੱਜੇ। ਇਸ ਬੈਠਕ ਦੇ ਬਾਅਦ ਕਾਂਗਰਸ ਵਿਧਾਇਕ ਰਾਜੇਂਦਰ ਗੁੱਡਾ ਨੇ ਕਿਹਾ, ‘‘ਗਹਿਲੋਤ ਜੀ ਕੋਲ ਬਹੁਮਤ ਹੈ । ਅਸੀਂ ਭਾਜਪਾ ਵਿਧਾਇਕਾਂ ਦੇ ਸੰਪਰਕ ’ਚ ਹਾਂ। ਜਿੰਨੇ ਵਿਧਾਇਕ ਜਾਣਗੇ, ਅਸੀਂ ਉਨ੍ਹਾਂ ਨਾਲੋਂ ਵੱਧ ਭਾਜਪਾ ਵਿਧਾਇਕ ਲੈ ਆਵਾਂਗੇ।’’

13 ਜੁਲਾਈ ਨੂੰ ਦਿੱਲੀ ਅਤੇ ਰਾਜਸਥਾਨ ’ਚ ਜਾਰੀ ਸਿਆਸੀ ਹਲਚਲ ਦੇ ਦਰਮਿਆਨ ਗਹਿਲੋਤ ਨੇ ਮੁੜ ਕਾਂਗਰਸ ਕਾਂਗਰਸ ਵਿਧਾਇਕਾਂ ਦੀ ਬੈਠਕ ਸੱਦ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ’ਚ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕ ਨਹੀਂ ਪਹੁੰਚੇ ਪਰ ਇਸ ’ਚ ਗਹਿਲੋਤ ਨੇ ਵਿਕਟਰੀ ਚਿੰਨ੍ਹ ਦਿਖਾ ਕੇ ਸੰਕੇਤ ਦਿੱਤਾ ਿਕ ਸਰਕਾਰ ਨਹੀਂ ਡਿੱਗੇਗੀ।

ਇਸੇ ਦਰਮਿਆਨ ਦੱਸਿਆ ਜਾਂਦਾ ਹੈ ਕਿ ਡੈਮੇਜ ਕੰਟ੍ਰੋਲ ’ਚ ਉਤਰੇ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਪੀ.ਚਿਦਾਂਬਰਮ, ਅਹਿਮਦ ਪਟੇਲ ਅਤੇ ਕੇ. ਸੀ. ਵੇਣੁਗੋਪਾਲ ਨੇ ਪਾਇਲਟ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸਮਝਾਉਣ ਅਤੇ ਦੋਵਾਂ ’ਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਜੈਪੁਰ ਜਾਣ ਲਈ ਕਿਹਾ। ਇਹੀ ਨਹੀਂ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਗਹਿਲੋਤ ਨਾਲ ਵੀ ਗੱਲ ਕੀਤੀ ਅਤੇ ਸਚਿਨ ਪਾਇਲਟ ਨੂੰ ਕਾਂਗਰਸ ਨਾ ਛੱਡਣ ਲਈ ਰਾਜ਼ੀ ਕਰ ਲਿਆ।

ਗਹਿਲੋਤ ਸਰਕਾਰ ਦਾ ਸੰਕਟ ਹੱਲ ਕਰਨ ਜੈਪੁਰ ਪਹੁੰਚੇ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ 13 ਜੁਲਾਈ ਸਵੇਰੇ ਪ੍ਰੈੱਸ ਨੂੰ ਕਿਹਾ ਕਿ ਸਚਿਨ ਪਾਇਲਟ ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ ਹਨ। ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਸਨੂੰ ਪਾਰਟੀ ਬੈਠਕ ’ਚ ਰੱਖਣ। ਸੂਰਜੇਵਾਲਾ ਨੇ ਕਿਹਾ ਕਿ ਪਿਛਲੇ 48 ਘੰਟਿਆਂ ’ਚ ਉਨ੍ਹਾਂ ਨੇ ਕਈ ਵਾਰ ਸਚਿਨ ਪਾਇਲਟ ਨਾਲ ਗੱਲ ਕੀਤੀ ਹੈ।

ਚਰਚਾ ਹੈ ਕਿ ਪਾਇਲਟ ਹੁਣ ਸੌਦੇਬਾਜ਼ੀ ਦੇ ਮੂਡ ’ਚ ਆ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਸਮਰਥਕ ਮੰਤਰੀਆਂ ਨੂੰ ਗ੍ਰਹਿ ਅਤੇ ਵਿਤ ਵਰਗੇ ਮਹੱਤਵਪੂਰਨ ਵਿਭਾਗ ਦੇਣ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਆਪਣੇ ਕੋਲ ਹੀ ਰੱਖਣ ਦੀ ਸ਼ਰਤ ਰੱਖੀ ਹੈ।

ਇਸੇ ਦਰਮਿਆਨ ਪ੍ਰਦੇਸ਼ ਕਾਂਗਰਸ ਇੰਚਾਰਜ ਅਵਿਨਾਸ਼ ਪਾਂਡੇ ਨੇ ਪ੍ਰਦੇਸ਼ ਕਾਂਗਰਸ ਦੇ ਕੁਝ ਵਿਧਾਇਕਾਂ ’ਚ ਮਤਭੇਦਾਂ ਨੂੰ ਪ੍ਰਵਾਨ ਕੀਤਾ ਹੈ। ਹਾਲਾਂਕਿ ਰਾਜਸਥਾਨ ਕਾਂਗਰਸ ’ਚ ਪੈਦਾ ਇਹ ਸੰਕਟ ਫਿਲਹਾਲ ਟਲ ਗਿਆ ਦਿਖਾਈ ਦਿੰਦਾ ਹੈ ਪਰ ਖਤਮ ਨਹੀਂ ਹੋਇਆ ਅਤੇ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਟੱੱੁਟਣ ਤੋਂ ਬਚਾਉਣ ਲਈ ਜੈਪੁਰ ਤੋਂ 25 ਕਿਲੋਮੀਟਰ ਦੂਰ ਇਕ ਹੋਟਲ ’ਚ ਸ਼ਿਫਟ ਕਰਵਾ ਦਿੱਤਾ ਹੈ।

ਕਹਿਣਾ ਮੁਸ਼ਕਲ ਹੈ ਕਿ ਭਵਿੱਖ ’ਚ ਹਾਲਾਤ ਕੀ ਕਰਵਟ ਲੈਣਗੇ ਅਤੇ ਸਚਿਨ ਪਾਇਲਟ ਦੀ ਭਾਵੀ ਰਣਨੀਤੀ ਕੀ ਹੋਵੇਗੀ। ਇਸ ਲਈ ਕਾਂਗਰਸ ਹਾਈ ਕਮਾਨ ਨੰੂ ਇਸ ’ਤੇ ਡੂੰਘਾ ਚਿੰਤਨ ਕਰ ਕੇ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ, ਜਿਸ ਨਾਲ ਗਹਿਲੋਤ ਅਤੇ ਪਾਇਲਟ ਦੋਵੇਂ ਸੰਤੁਸ਼ਟ ਹੋਣ। ਅਜਿਹਾ ਨਾ ਹੋਵੇ ਕਿ ਪਾਇਲਟ ਦੀ ਨਾਰਾਜ਼ਗੀ ਕਾਂਗਰਸ ’ਤੇ ਭਾਰੀ ਪਵੇ ਅਤੇ ਇਸਦੇ ਹੱਥੋਂ ਇਕ ਹੋਰ ਸੂਬਾ ਨਿਕਲ ਜਾਵੇ।

-ਵਿਜੇ ਕੁਮਾਰ


Bharat Thapa

Content Editor

Related News