ਭਾਰਤ ਦੀ ਵੈਕਸੀਨ ਤਿਆਰ ਕਰਨ ਦੀ ਸਮਰੱਥਾ ਵਧਾਉਣਗੇ ਕਵਾਡ ਦੇਸ਼
Monday, Mar 15, 2021 - 03:39 AM (IST)

ਭਾਰਤ ਸਮੇਤ ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਦਾ ‘ਹਿੰਦ-ਪ੍ਰਸ਼ਾਂਤ ਮਹਾਸਾਗਰ’ ‘ਕਵਾਡ’ ਗਠਜੋੜ ਦਾ ਪਹਿਲਾ ਸਿਖਰ ਸੰਮੇਲਨ 12 ਮਾਰਚ ਤੋਂ ਸ਼ੁਰੂ ਹੋਇਆ। ਉਂਝ ਤਾਂ ਇਹ ਸੰਗਠਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਵਧਾਉਣ ਲਈ ਤਿਆਰ ਹੋਇਆ ਪਰ ਚੀਨ ਇਸ ਤੋਂ ਬਹੁਤ ਪ੍ਰੇਸ਼ਾਨ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸੰਗਠਨ ਦੂਸਰੇ ਮੁੱਦਿਆਂ ਦੇ ਨਾਲ-ਨਾਲ ਸਮੁੰਦਰ ’ਚ ਚੀਨ ਦੀ ਵਧਦੀ ਦਾਦਾਗਿਰੀ ’ਤੇ ਵੀ ਲਗਾਮ ਕੱਸਣ ਦੀ ਤਿਆਰੀ ’ਚ ਹੈ। ਇਹੀ ਕਾਰਨ ਹੈ ਕਿ ਚੀਨ ਇਸ ਨੂੰ ‘ਏਸ਼ੀਆਈ ਨਾਟੋ’ ਕਹਿੰਦਾ ਹੈ।
ਕਵਾਡ ਦਾ ਅਰਥ ‘ਕਵਾਡ੍ਰਿਲੇਟਰਲ ਸਕਿਓਰਿਟੀ ਡਾਇਲਾਗ’ ਹੈ। ਇਹ ਜਾਪਾਨ, ਆਸਟ੍ਰੇਲੀਆ, ਭਾਰਤ ਅਤੇ ਅਮਰੀਕਾ ਦਰਮਿਆਨ ਇਕ ਬਹੁਪੱਖੀ ਸਮਝੌਤਾ ਹੈ ਪਰ ਹੁਣ ਇਹ ਵਪਾਰ ਦੇ ਨਾਲ-ਨਾਲ ਫੌਜੀ ਸਾਂਝੇਦਾਰੀ ਨੂੰ ਮਜ਼ਬੂਤੀ ਦੇਣ ’ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਤਾਂ ਕਿ ਇਲਾਕੇ ’ਚ ਸ਼ਕਤੀ ਸੰਤੁਲਨ ਬਰਕਰਾਰ ਰੱਖਿਆ ਜਾ ਸਕੇ।
ਇਸ ਸਭ ਤੋਂ ਵੱਖ ਹਾਲੀਆ ਸਿਖਰ ਸੰਮੇਲਨ ’ਚ ਜੋ ਇਕ ਖਾਸ ਪਹਿਲ ਹੋਈ ਹੈ ਉਹ ਹੈ ‘ਕਵਾਡ ਸਮੂਹ ਗਠਜੋੜ’ ਦੇ ਨੇਤਾਵਾਂ ਦਾ ਫੈਸਲਾ ਕਿ ‘ਵਿਸ਼ਾਲ ਟੀਕਾ ਪਹਿਲ’ ਦੇ ਅਧੀਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਕੋਰੋਨਾ ਵਾਇਰਸ ਰੋਕੂ ਟੀਕੇ ਦੀ ਸਪਲਾਈ ਦੇ ਲਈ ਉਤਪਾਦਨ ਸਮਰੱਥਾ ਵਧਾਉਣ ਨੂੰ ਲੈ ਕੇ ਭਾਰਤ ’ਚ ਭਾਰੀ ਨਿਵੇਸ਼ ਕੀਤਾ ਜਾਵੇਗਾ। ਇਸ ਕਦਮ ਨੂੰ ਟੀਕਾ ਸਪਲਾਈ ਦੇ ਖੇਤਰ ’ਚ ਚੀਨ ਦੇ ਵਧਦੇ ਪ੍ਰਭਾਵ ਨਾਲ ਮੁਕਾਬਲੇ ਦੇ ਯਤਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ 4 ਦੇਸ਼ਾਂ ਦੇ ਸਮੂਹ ਦੇ ਨੇਤਾਵਾਂ ਦੇ ਪਹਿਲੇ ਆਨਲਾਈਨ ਸਿਖਰ ਸੰਮੇਲਨ ’ਚ ਹਿੱਸਾ ਲਿਆ। ਇਨ੍ਹਾਂ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਖੇਤਰ ’ਚ ਉੱਭਰਦੀ ਸਥਿਤੀ ’ਤੇ ਵੀ ਚਰਚਾ ਕੀਤੀ ਅਤੇ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦੇ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਪ੍ਰਗਟ ਕੀਤਾ।
‘ਕਵਾਡ’ ਰਾਸ਼ਟਰਾਂ ਨੇ ਇਸ ਦੌਰਾਨ ਆਪਣੇ ਵਿੱਤੀ ਸੋਮਿਆਂ, ਵਿਨਿਰਮਾਣ ਸਮਰੱਥਾਵਾਂ ਅਤੇ ਸਾਜ਼ੋ-ਸਾਮਾਨ (ਲਾਜਿਸਟਿਕਲ) ਸਮਰੱਥਾ ਨੂੰ ਸਾਂਝਾ ਕਰਨ ਦੀ ਯੋਜਨਾ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਵੈਕਸੀਨ ਤਿਆਰ ਕਰਨ ਦੀ ਵਾਧੂ ਸਮਰੱਥਾ ਦੇ ਨਿਰਮਾਣ ਦੇ ਲਈ ‘ਫੰਡਿੰਗ’ ਭਾਵ ਵਿੱਤ ਪੋਸ਼ਣ ਅਮਰੀਕਾ ਅਤੇ ਜਾਪਾਨ ਤੋਂ ਹੋਵੇਗਾ ਜਦਕਿ ਆਸਟ੍ਰੇਲੀਆ ‘ਲਾਜਿਸਟਿਕਸ’ ਭਾਵ ਸਾਜ਼ੋ-ਸਾਮਾਨ ਅਤੇ ਸਪਲਾਈ ਨੂੰ ਲੈ ਕੇ ਯੋਗਦਾਨ ਦੇਵੇਗਾ। ਆਸਟ੍ਰੇਲੀਆ ਉਨ੍ਹਾਂ ਦੇਸ਼ਾਂ ਨੂੰ ਵਿੱਤੀ ਮਦਦ ਵੀ ਕਰੇਗਾ ਜਿਨ੍ਹਾਂ ਨੂੰ ਟੀਕੇ ਪ੍ਰਾਪਤ ਹੋਣਗੇ।
ਜ਼ਿਕਰਯੋਗ ਹੈ ਕਿ ਦੁਨੀਆ ਭਰ ’ਚ ਐਸਟਰਾਜੇਨੇਕਾ, ਕੋਵਿਸ਼ੀਲਡ ਅਤੇ ਕੋਵੈਕਸੀਨ ਦੀਆਂ ਵੱਖ-ਵੱਖ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਏਸ਼ੀਆਈ ਦੇਸ਼ਾਂ ਦੀ ਗੱਲ ਕਰੀਏ ਤਾਂ ਇਥੇ ਤੇਜ਼ੀ ਨਾਲ ਵੈਕਸੀਨੇਸ਼ਨ ਨਹੀਂ ਹੋ ਰਿਹਾ। ਭਾਰਤ ’ਚ 11 ਮਾਰਚ ਤਕ 2,82,18,475 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ। ਹਾਲਾਂਕਿ ਹੋਰ ਕਈ ਦੇਸ਼ਾਂ ’ਚ ਵੈਕਸੀਨੇਸ਼ਨ ਪ੍ਰੋਗਰਾਮ ਅਜੇ ਸ਼ੁਰੂ ਤਕ ਨਹੀਂ ਹੋਇਆ ਹੈ ਜਾਂ ਸ਼ੁਰੂਆਤੀ ਪੜਾਅ ’ਚ ਹੀ ਹੈ।
ਵੈਕਸੀਨੇਸ਼ਨ ਦੇ ਘੱਟ ਹੋਣ ਦੇ ਵੀ ਕਈ ਕਾਰਨ ਹਨ ਜਿਨ੍ਹਾਂ ’ਚ ਟੀਕਿਆਂ ਨੂੰ ਲੈ ਕੇ ਡਰ ਵੀ ਸ਼ਾਮਲ ਹੈ। ਜਿਵੇਂ ਕਿ ਫਿਲੀਪੀਨਸ ’ਚ ਅਜੇ ਵੀ 2016 ’ਚ ਡੇਂਗੂ ਬੁਖਾਰ ਦੇ ਲਈ ਬਣਾਈ ਗਈ ‘ਡੇਂਗਵੈਕਸੀਆ’ ਨਾਂ ਦੀ ਵੈਕਸੀਨ ਦਾ ਡਰ ਲੋਕਾਂ ਦੇ ਦਿਲਾਂ ਤੋਂ ਮਿਟਿਆ ਨਹੀਂ ਹੈ। ਪਾਕਿਸਤਾਨ ’ਚ ਵੀ ਲੋਕਾਂ ’ਚ ਟੀਕੇ ਨੂੰ ਲੈ ਕੇ ਕਾਫੀ ਡਰ ਹੈ। ਹਾਲਾਂਕਿ ਇਸ ਦਾ ਕਾਰਨ ਗਲਤ ਜਾਣਕਾਰੀ ਅਤੇ ਵਾਇਰਲ ਹੋ ਰਹੇ ਕੁਝ ਡਰਾਉਣ ਵਾਲੇ ਵੀਡੀਓ ਹਨ।
ਅਜਿਹੇ ਹੀ ਇਕ ਵੀਡੀਓ ’ਚ ਇਕ ਵਿਅਕਤੀ ਪੋਲੀਓ ਵੈਕਸੀਨ ਦੀ ਵਜ੍ਹਾ ਨਾਲ ਬੱਚਿਆਂ ਦੇ ਬੇਹੋਸ਼ ਹੋਣ ’ਤੇ ਹੱਲਾ ਮਚਾਉਂਦਾ ਨਜ਼ਰ ਆਉਂਦਾ ਹੈ। ਇਥੋਂ ਤਕ ਕਿ ਉਥੇ ਹੈਲਥਕੇਅਰ ਵਰਕਰਜ਼ ਵੀ ਵੈਕਸੀਨ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਨਜ਼ਰ ਨਹੀਂ ਆ ਰਹੇ ਹਨ।
ਉਧਰ ਕੁਝ ਦੇਸ਼ ਆਪਣੇ ਵਲੋਂ ਅਜੇ ਵੈਕਸੀਨ ਨੂੰ ਲੈ ਕੇ ਸਾਵਧਾਨੀ ਵਰਤਣਾ ਚਾਹੁੰਦੇ ਹਨ। ਉਹ ਕੋਰੋਨਾ ਦੇ ਪ੍ਰਸਾਰ ਨੂੰ ਕਾਬੂ ’ਚ ਰੱਖਣ ’ਚ ਸਫਲ ਰਹੇ ਹਨ ਜਿਸ ਕਾਰਨ ਉਹ ਅਜੇ ਵੈਕਸੀਨ ਦੇ ਪ੍ਰਭਾਵਾਂ ਨੂੰ ਹੋਰ ਦੇਖਣਾ ਚਾਹੁੰਦੇ ਹਨ।
ਜਾਪਾਨ ਜਿਥੇ ਵੱਧ ਤੋਂ ਵੱਧ ਵੈਕਸੀਨ ਲਗਾਉਣ ਨੂੰ ਓਲੰਪਿਕ ਖੇਡ ਆਯੋਜਨ ਦੇ ਲਈ ਅਤਿਅੰਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉਥੇ ਵੀ ਲੋਕਾਂ ’ਚ ਵੈਕਸੀਨ ਨੂੰ ਲੈ ਕੇ ਸੰਕੋਚ ਦੀ ਸਮੱਸਿਆ ਹੈ। ਉਥੋਂ ਦੇ ਨਾਗਰਿਕਾਂ ’ਚ ਵੈਕਸੀਨ ਨੂੰ ਲੈ ਕੇ ਦੁਨੀਆ ’ਚ ਸਭ ਤੋਂ ਘੱਟ ਭਰੋਸਾ ਪਾਇਆ ਜਾਂਦਾ ਹੈ ਜਿਸ ਦਾ ਕਾਰਨ ‘ਮੀਸਲਸ’, ‘ਮੰਮਪਸ’ ਅਤੇ ‘ਰੂਬੇਲਾ’ ਟੀਕੇ ਦੇ ਕਾਰਨ ‘ਮੈਨਿਨਜਾਈਟਿਸ’ ਤੋਂ ਪੀੜਤ ਹੋਣ ਦੀਆਂ ਕਿਆਸਅਰਾਈਆਂ ਲੱਗਦੀਆਂ ਰਹੀਆਂ ਹਨ। ਇਸ ਸ਼ੱਕ ਦੀ ਪੁਸ਼ਟੀ ਤਾਂ ਕਦੇ ਨਹੀਂ ਹੋਈ ਪਰ ਇਨ੍ਹਾਂ ’ਤੇ ਰੋਕ ਲਗਾ ਦਿੱਤੀ ਗਈ ਸੀ।
ਉਥੇ ਵੈਕਸੀਨ ਦੇ ਸਬੰਧ ’ਚ ਲੋਕਾਂ ਦਾ ਭਰੋਸਾ ਜਿੱਤਣ ਨੂੰ ਮਹੱਤਵ ਦਿੰਦੇ ਹੋਏ ਅਮਰੀਕਾ ਅਤੇ ਯੂ. ਕੇ. ਦੇ ਉਲਟ ਕਿਤੇ ਬਾਅਦ ’ਚ 17 ਫਰਵਰੀ ਨੂੰ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਕੋਰੋਨਾ ਦੇ ਵਧਦੇ ਪ੍ਰਕੋਪ ਦੇ ਕਾਰਨ ਏਸ਼ੀਆ ਭਰ ’ਚ ਸਾਰਿਆਂ ਨੂੰ ਵੈਕਸੀਨ ਦੇਣ ਦੀ ਰਫਤਾਰ ਨੂੰ ਹੋਰ ਜ਼ਿਆਦਾ ਵਧਾਉਣਾ ਹੋਵੇਗਾ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਵਾਡ ਵੈਕਸੀਨ ਯਤਨ ਦੇ ਤਹਿਤ ਅਮਰੀਕਾ ਵਲੋਂ ਵਿਕਸਿਤ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਕੋਵਿਡ ਵੈਕਸੀਨ ਦਾ ਨਿਰਮਾਣ ਭਾਰਤ ’ਚ ਕੀਤਾ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਵੀ ਜਾਨਸਨ ਐਂਡ ਜਾਨਸਨ ਦੀ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਆਪਣੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਵੈਕਸੀਨ ਅਲਾਟਮੈਂਟ ਯਤਨ ਦੇ ਹਿੱਸੇ ਦੇ ਤੌਰ ’ਤੇ ਵਰਤੋਂ ’ਚ ਲਿਆਂਦੀ ਜਾਣ ਵਾਲੀ ਇਕ ਖੁਰਾਕ ਦਾ ਰਾਹ ਪੱਧਰਾ ਹੋ ਗਿਆ ਹੈ।
‘ਕਵਾਡ’ ਦੇਸ਼ਾਂ ਨੇ ਭਾਰਤ ’ਚ ਵੈਕਸੀਨ ਨਿਰਮਾਣ ਸਮਰੱਥਾ ਨੂੰ ਵਧਾਉਣ ਦੇ ਲਈ ਸਹਿਯੋਗ ਕਰਨ ’ਤੇ ਸਹਿਮਤੀ ਬਣਨ ਨਾਲ ਜਿਥੇ ਇਸ ਖੇਤਰ ’ਚ ਕੋਰੋਨਾ ਖਤਮ ਕਰਨ ਦੇ ਲਈ ਇਹ ਇਕ ਬੇਹੱਦ ਕਾਰਗਰ ਕਦਮ ਸਾਬਿਤ ਹੋ ਸਕਦਾ ਹੈ, ਉਥੇ ਹੀ ਭਾਰਤ ਦਾ ‘ਕਵਾਡ’ ਦੇਸ਼ਾਂ ਦੇ ਨਾਲ ਗਠਜੋੜ ਹੋਰ ਮਜ਼ਬੂਤ ਹੁੰਦਾ ਵੀ ਨਜ਼ਰ ਆ ਰਿਹਾ ਹੈ। ਕਿਉਂਕਿ ਭਾਰਤ ਸਮੇਤ ਏਸ਼ੀਆ ਭਰ ਵਿਚ ਕੋਰੋਨਾ ਦਾ ਭਿਆਨਕ ਰੂਪ ਹੋ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਦੀ ਵੈਕਸੀਨ ਨੂੰ ਲਗਵਾਉਣਾ ਚਾਹੀਦਾ ਹੈ ਅਤੇ ਇਹ ਸਾਰਿਆਂ ਲਈ ਜ਼ਰੂਰੀ ਹੈ।