ਪੁਲਸ ਹਿਰਾਸਤ ''ਚੋਂ ਲਗਾਤਾਰ ਹੋ ਰਹੀ ਕੈਦੀਆਂ ਦੀ ਫਰਾਰੀ

09/03/2017 5:20:31 AM

ਦੇਸ਼ ਭਰ ਦੀਆਂ ਜੇਲਾਂ ਘੋਰ ਅਵਿਵਸਥਾ ਦੀਆਂ ਸ਼ਿਕਾਰ ਹਨ। ਉਥੋਂ ਕੈਦੀਆਂ ਦੇ ਭੱਜਣ ਤੇ ਜੇਲ ਅੰਦਰ ਹਰ ਤਰ੍ਹਾਂ ਦੇ ਅਪਰਾਧ ਹੋਣ ਦੀਆਂ ਘਟਨਾਵਾਂ ਹੋਣਾ ਆਮ ਗੱਲ ਹੈ। ਇਥੋਂ ਤਕ ਕਿ ਹਾਈ ਸਕਿਓਰਿਟੀ ਜੇਲਾਂ ਵੀ ਇਸ ਸਮੱਸਿਆ ਤੋਂ ਮੁਕਤ ਨਹੀਂ। ਇਕ ਪਾਸੇ ਤਿਹਾੜ ਜੇਲ 'ਚੋਂ ਚਾਰਲਸ ਸ਼ੋਭਰਾਜ ਵਲੋਂ ਅਧਿਕਾਰੀਆਂ ਨੂੰ ਨਸ਼ੀਲੀ ਮਠਿਆਈ ਖੁਆ ਕੇ ਫਰਾਰ ਹੋਣ ਵਰਗੀਆਂ ਘਟਨਾਵਾਂ ਨੇ ਜੇਲਾਂ ਵਿਚ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲਾਏ ਹਨ ਤਾਂ ਦੂਜੇ ਪਾਸੇ ਜੇਲਾਂ ਤੋਂ ਅਦਾਲਤਾਂ 'ਚ ਪੇਸ਼ੀ ਲਈ ਲਿਆਂਦੇ ਜਾਣ ਵਾਲੇ ਵਿਚਾਰ-ਅਧੀਨ ਕੈਂਦੀਆਂ ਦੀ ਫਰਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਉਨ੍ਹਾਂ ਨੂੰ ਪੁਲਸ ਦੀ ਹਿਰਾਸਤ 'ਚੋਂ ਕੱਢ ਕੇ ਲਿਜਾਣ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਹਨ, ਜੋ ਸਿਰਫ ਇਕ ਮਹੀਨੇ 'ਚ ਵਾਪਰੀਆਂ ਹੇਠਾਂ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 03 ਅਗਸਤ ਨੂੰ ਯੂ. ਪੀ. ਦੀ ਮੁਰਾਦਾਬਾਦ ਜ਼ਿਲਾ ਜੇਲ 'ਚੋਂ ਪੇਸ਼ੀ 'ਤੇ ਲਿਆਂਦੇ ਗਏ ਇਕ ਕੈਦੀ ਨੂੰ ਕਚਹਿਰੀ 'ਚ ਸਥਿਤ ਸੈਸ਼ਨ ਕੋਰਟ ਦੇ ਬਾਹਰ ਪੁਲਸ ਮੁਲਾਜ਼ਮ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਦਿਨ-ਦਿਹਾੜੇ ਉਸ ਦੇ ਸਾਥੀ ਛੁਡਾ ਕੇ ਲੈ ਗਏ।
* 12 ਅਗਸਤ ਨੂੰ ਰਾਮਪੁਰ ਜੇਲ 'ਚੋਂ ਮਊ ਵਿਖੇ ਪੇਸ਼ੀ 'ਤੇ ਲਿਆਂਦਾ ਗਿਆ ਡੀ-9 ਗੈਂਗ ਦਾ ਬਦਨਾਮ ਸਰਗਣਾ 'ਸੁਜੀਤ ਸਿੰਘ ਬੁੜਵਾ', ਜਿਸ ਨੂੰ 6 ਮਹੀਨੇ ਪਹਿਲਾਂ 30 ਲੱਖ ਰੁਪਏ ਲੁੱਟਣ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਪੇਸ਼ੀ ਤੋਂ ਵਾਪਿਸ ਲਿਜਾਂਦੇ ਸਮੇਂ ਆਜ਼ਮਗੜ੍ਹ 'ਚ ਟਾਇਲਟ ਜਾਣ ਦੇ ਬਹਾਨੇ ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਭੱਜ ਗਿਆ।
* 13 ਅਗਸਤ ਨੂੰ ਰਾਏਪੁਰ ਜੇਲ 'ਚੋਂ 'ਰਾਕੇਸ਼ ਦੁਰਗਾ' ਨਾਮੀ ਵਿਚਾਰ-ਅਧੀਨ ਕੈਦੀ ਅੰਬੇਡਕਰ ਹਸਪਤਾਲ ਤੋਂ ਇਲਾਜ ਦੌਰਾਨ ਫਰਾਰ ਹੋ ਗਿਆ।
* 20 ਅਗਸਤ ਨੂੰ ਬਿਹਾਰ ਦੀ ਫੁਲਵਾਰੀ ਜੇਲ 'ਚ ਬੰਦ ਚੋਰੀ ਦਾ ਦੋਸ਼ੀ ਕੈਦੀ 'ਗੌਤਮ ਰਾਮ' ਉਰਫ਼ 'ਚਾਰਲੀ' ਦੁਪਹਿਰ ਦੇ ਸਮੇਂ ਦਾਨਾਪੁਰ ਜੀ. ਆਰ. ਪੀ. ਅਦਾਲਤ 'ਚੋਂ ਪੁਲਸ ਮੁਲਾਜ਼ਮ ਦਾ ਹੱਥ ਝਟਕ ਕੇ ਫਰਾਰ ਹੋ ਗਿਆ। ਉਸ ਨੂੰ ਫੜਨ ਲਈ ਪੁਲਸ ਮੁਲਾਜ਼ਮ ਕਾਫੀ ਦੂਰ ਤਕ ਪਿੱਛੇ ਭੱਜਦੇ ਰਹੇ ਪਰ ਉਹ ਹੱਥ ਨਹੀਂ ਆਇਆ।
* 21 ਅਗਸਤ ਨੂੰ ਬਿਹਾਰ ਦੀ ਪਟਨਾ ਸਿਵਲ ਕੋਰਟ 'ਚ ਬੇਊਰ ਜੇਲ ਤੋਂ ਪੇਸ਼ੀ ਲਈ ਲਿਆਂਦਾ ਗਿਆ ਕਤਲ ਦੇ 4 ਮਾਮਲਿਆਂ 'ਚ ਦੋਸ਼ੀ ਕੈਦੀ ਚੰਦਨ ਸ਼ਰਮਾ ਝਟਕੇ ਨਾਲ ਹੱਥਕੜੀ ਛੁਡਾ ਕੇ ਅਤੇ ਹੌਲਦਾਰ ਨੂੰ ਧੱਕਾ ਦੇ ਕੇ ਪੈਦਲ ਹੀ ਭੱਜ ਗਿਆ। ਦੁਪਹਿਰੇ ਡੇਢ ਵਜੇ ਹੋਈ ਇਸ ਘਟਨਾ 'ਚ ਅਦਾਲਤ ਵਿਚ ਵੱਡੀ ਗਿਣਤੀ 'ਚ ਪੁਲਸ ਦੀ ਮੌਜੂਦਗੀ ਦੇ ਬਾਵਜੂਦ ਉਹ ਕਿਸੇ ਦੇ ਹੱਥ ਨਹੀਂ ਆਇਆ। 
* 24 ਅਗਸਤ ਨੂੰ ਇੰਦੌਰ ਇੰਟਰਸਿਟੀ ਟ੍ਰੇਨ ਰਾਹੀਂ ਉੱਜੈਨ 'ਚ ਪੇਸ਼ੀ ਤੋਂ ਬਾਅਦ ਫਰੀਦਾਬਾਦ ਲਿਆਂਦਾ ਜਾ ਰਿਹਾ ਅਰਸ਼ਦ ਉਰਫ ਰਾਣਾ ਟਾਇਲਟ ਜਾਣ ਦੇ ਬਹਾਨੇ ਮਥੁਰਾ ਨੇੜੇ ਮੱਧ ਪ੍ਰਦੇਸ਼ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
* 29 ਅਗਸਤ ਨੂੰ ਯੂ. ਪੀ. ਦੀ ਗਾਜ਼ੀਪੁਰ ਜ਼ਿਲਾ ਜੇਲ ਤੋਂ ਕੋਰਟ 'ਚ ਪੇਸ਼ੀ ਲਈ ਲਿਆਂਦਾ ਗਿਆ ਸ਼ਾਰਪ ਸ਼ੂਟਰ ਕੈਦੀ ਰਾਜੇਸ਼ ਦੂਬੇ, ਜਿਸ ਵਿਰੁੱਧ ਕਈ ਮਾਮਲੇ ਦਰਜ ਹਨ, ਹਵਾਲਾਤ ਕੰਪਲੈਕਸ 'ਚੋਂ ਦਿਨ-ਦਿਹਾੜੇ ਗਾਇਬ ਹੋ ਗਿਆ।
* ਅਤੇ ਹੁਣ 1 ਸਤੰਬਰ ਨੂੰ ਦੁਪਹਿਰੇ ਪੌਣ ਇਕ ਵਜੇ ਪੇਸ਼ੀ ਲਈ ਅੰਮ੍ਰਿਤਸਰ ਲਿਆਂਦੇ ਜਾ ਰਹੇ ਇਕ ਦਰਜਨ ਤੋਂ ਵੀ ਜ਼ਿਆਦਾ ਮਾਮਲਿਆਂ 'ਚ ਲੋੜੀਂਦੇ ਗੈਂਗਸਟਰ ਸ਼ੁਭਮ ਸਿੰਘ ਨੂੰ ਕਾਰ 'ਚ ਆਏ 8-10 ਹਥਿਆਰਬੰਦ ਵਿਅਕਤੀ ਪੁਲਸ ਹਿਰਾਸਤ 'ਚੋਂ ਛੁਡਾ ਕੇ ਲੈ ਗਏ।
ਉਸ ਨੂੰ ਇਕ ਕੇਸ ਦੇ ਸਿਲਸਿਲੇ 'ਚ ਜਲੰਧਰ ਦੀ ਪੁਲਸ ਪਾਰਟੀ ਕਪੂਰਥਲਾ ਤੋਂ ਬੱਸ 'ਚ ਲਿਆ ਰਹੀ ਸੀ। ਜਿਵੇਂ ਹੀ ਇਹ ਬੱਸ ਰਈਆ ਕਸਬੇ ਦੇ ਨਹਿਰੀ ਬੱਸ ਸਟੈਂਡ 'ਤੇ ਜਾ ਕੇ ਸਵਾਰੀਆਂ ਲੈਣ ਲਈ ਰੁਕੀ ਤਾਂ ਸ਼ੁਭਮ ਦੇ ਸਾਥੀਆਂ ਦਾ ਇਕ ਸਮੂਹ ਬੱਸ 'ਚ ਚੜ੍ਹ ਗਿਆ ਤੇ ਕੁਝ ਹੀ ਸਕਿੰਟਾਂ ਵਿਚ ਸ਼ੁਭਮ ਨੂੰ ਪੁਲਸ ਦੇ ਕਬਜ਼ੇ 'ਚੋਂ ਛੁਡਾ ਕੇ ਲੈ ਗਿਆ।
ਦੱਸਿਆ ਜਾਂਦਾ ਹੈ ਕਿ ਸ਼ੁਭਮ ਸਿੰਘ ਨਾਲ 'ਐੱਸ. ਐੱਲ. ਆਰ.' ਨਾਲ ਲੈਸ 2 ਕਾਂਸਟੇਬਲ ਸਨ ਅਤੇ ਜਦੋਂ ਸ਼ੁਭਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਾਂਸਟੇਬਲ ਸੱਜਣ ਸਿੰਘ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਰਾਈਫਲ ਦੇ ਬੈਰਲ 'ਚ ਹੀ ਅਟਕ ਗਈ, ਜਿਸ ਨਾਲ ਗੈਂਗਸਟਰਾਂ ਨੂੰ ਭੱਜਣ ਦਾ ਮੌਕਾ ਮਿਲ ਗਿਆ। 
ਪੁਲਸ ਪਾਰਟੀ ਵਲੋਂ ਪਿੱਛਾ ਕਰਨ 'ਤੇ ਗੈਂਗਸਟਰ ਦੇ ਸਾਥੀਆਂ ਵਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਕ ਗੋਲੀ ਏ. ਐੱਸ. ਆਈ. ਸੁਖਜਿੰਦਰ ਸਿੰਘ ਦੀ ਲੱਤ 'ਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। 
ਬੰਦੀ ਅਪਰਾਧੀਆਂ ਦਾ ਹਸਪਤਾਲਾਂ, ਅਦਾਲਤਾਂ ਤੇ ਪੁਲਸ ਮੁਲਾਜ਼ਮਾਂ ਦੇ ਕਬਜ਼ੇ 'ਚੋਂ ਫਰਾਰ ਹੋਣਾ ਮੁੱਖ ਤੌਰ 'ਤੇ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੀ ਗਲਤੀ ਤੇ ਲਾਪਰਵਾਹੀ ਦਾ ਹੀ ਨਤੀਜਾ ਹੈ। 
ਇਸ ਲਈ ਅਜਿਹੀਆਂ ਘਟਨਾਵਾਂ ਰੋਕਣ ਵਾਸਤੇ ਅਪਰਾਧੀਆਂ ਦੇ ਮਾਮਲਿਆਂ ਦੀ ਸੁਣਵਾਈ ਜਾਂ ਤਾਂ ਜੇਲਾਂ ਅੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ ਜਾਂ ਕਚਹਿਰੀਆਂ 'ਚ ਟਾਇਲਟਾਂ ਆਦਿ ਦੇ ਪੱਕੇ ਪ੍ਰਬੰਧ ਕੀਤੇ ਜਾਣ। ਜੇ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਕੈਦੀ ਇਸੇ ਤਰ੍ਹਾਂ ਪੁਲਸ ਹਿਰਾਸਤ 'ਚੋਂ ਫਰਾਰ ਹੁੰਦੇ ਰਹਿਣਗੇ, ਕਾਨੂੰਨ-ਵਿਵਸਥਾ ਦਾ ਮਜ਼ਾਕ ਉੱਡਦਾ ਰਹੇਗਾ ਤੇ ਹੋਰਨਾਂ ਅਪਰਾਧੀਆਂ ਦੇ ਹੌਸਲੇ ਵਧਦੇ ਰਹਿਣਗੇ।
—ਵਿਜੇ ਕੁਮਾਰ


Vijay Kumar Chopra

Chief Editor

Related News