ਸਰਹੱਦੀ ਖੇਤਰ ਅੰਦਰ ਇਕ ਕਰੈਸ਼ਰ ਨੇੜੇ ਹੋ ਰਹੀ ਸੀ ਨਜਾਇਜ਼ ਮਾਈਨਿੰਗ, ਪੁਲਸ ਨੇ ਮਾਰਿਆ ਛਾਪਾ

05/29/2024 4:10:36 PM

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਜਿੱਥੇ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿਚ ਨਜਾਇਜ਼ ਤੌਰ 'ਤੇ ਮਾਈਨਿੰਗ ਵਾਲਿਆਂ ਵਿਰੁੱਧ ਪੂਰਾ ਸਖਤੀ ਨਾਲ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਇਸ ਵੇਲੇ ਮਾਈਨਿੰਗ ਮਾਫੀਆ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਅਧੀਨ ਰਾਵੀ ਦਰਿਆ ਦੇ ਵਿਚ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਿਹਾ। ਦੱਸ ਦਈਏ ਕਿ ਰਾਵੀ ਦਰਿਆ ਵਿਚ ਇਸ ਵੇਲੇ ਵੱਖ-ਵੱਖ ਥਾਵਾਂ 'ਤੇ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਵਿਚ ਸ਼ਿਉਂਟੀ ਨਰੋਟ ਜੈਮਲ ਸਿੰਘ, ਮਝੀਰੀ, ਦਤਿਆਲ ਆਦਿ ਪਿੰਡਾਂ ਦੇ ਅਧੀਨ ਆਉਣ ਵਾਲੀ ਦੀ ਸੈਂਟਰ ਗਵਰਨਮੈਂਟ ਦੀ ਜ਼ਮੀਨ ਵਿਚ ਵੀ ਮਾਈਨਿੰਗ ਮਾਫੀਆ ਵੱਲੋਂ ਇਸ ਵੇਲੇ ਵੱਡੇ ਪੱਧਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ ਪਰੰਤੂ ਮਾਈਨਿੰਗ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ।

ਜੇਕਰ ਗੱਲ ਪੰਜਾਬ ਪੁਲਸ ਦੀ ਕੀਤੀ ਜਾਵੇ ਤਾਂ ਅੱਜ ਪੰਜਾਬ ਪੁਲਸ ਵੱਲੋਂ ਜ਼ਿਲ੍ਹੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕਾਰਵਾਈ ਦੇ ਤਹਿਤ ਪੁਲਸ ਨੇ ਇਕ ਸੂਚਨਾ ਦੇ ਆਧਾਰ 'ਤੇ ਨਰੋਟ ਜੈਮਲ ਸਿੰਘ ਅਧੀਨ ਆਉਂਦੇ ਪਿੰਡ ਸ਼ਿਉਂਟੀ ਵਿਖੇ ਰਾਵੀ ਦਰਿਆ ਦੇ ਕੋਲ ਨਜਾਇਜ਼ ਮਾਈਨਿੰਗ ਕਰਨ ਵਾਲੇ ਮਸ਼ੀਨ ਅਤੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ 3 ਅਣਪਛਾਤੇ  ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਵਲੋਂ ਸਟੋਨ ਕਰੱਸ਼ਰ ਅਤੇ ਵਾਹਨ ਦੀ ਪਛਾਣ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ  ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਬੀਤੀ ਰਾਤ  ਇਕ ਛਾਪੇਮਾਰੀ ਕੀਤੀ ਗਈ ਸੀ । ਕਾਰਵਾਈ ਦੌਰਾਨ ਦੇਖਿਆ ਗਿਆ ਕਿ ਇਕ ਸਟੋਨ ਕਰੱਸ਼ਰ ਦੇ ਕੋਲ ਜੇ. ਸੀ. ਬੀ. ਮਸ਼ੀਨ ,ਪੋਕ ਲੇਨ ਮਸ਼ੀਨ ਅਤੇ ਇਕ ਟਿੱਪਰ ਰਾਹੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਸ ਨੇ ਛਾਪਾ ਮਾਰ ਕੇ ਇੱਕ ਪੋਕਲੇਨ ਮਸ਼ੀਨ ਅਤੇ ਇਕ ਟਿੱਪਰ ਬਰਾਮਦ ਕੀਤਾ ਹੈ।

ਇਸ ਮੌਕੇ ਟਿੱਪਰ ਅਤੇ ਪੋਕਲੇਨ ਚਾਲਕ ਰਾਤ ਦੇ ਹਨੇਰੇ ਵਿਚ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਸ ਨੇ ਮਾਈਨਿੰਗ ਅਫਸਰ ਸੰਗਮਦੀਪ ਸਿੰਘ ਨੂੰ ਮੌਕੇ ’ਤੇ ਬੁਲਾ ਕੇ ਮਾਈਨਿੰਗ ਅਫਸਰ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਨਾਜਾਇਜ਼ ਮਾਈਨਿੰਗ ਹੈ ਜਿਸਦੇ ਚੱਲਦਿਆ ਪੁਲਸ ਵੱਲੋਂ 3 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Gurminder Singh

Content Editor

Related News