ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਅਗਾਊਂ ਪ੍ਰਬੰਧ ਜ਼ਰੂਰੀ

09/27/2020 3:40:45 AM

ਹੁਣ ਇਕ ਵਾਰ ਫਿਰ ਉਹੀ ਮੌਸਮ ਆ ਗਿਆ ਹੈ ਜਦੋਂ ਸਾਉਣੀ ਦੀ ਝੋਨੇ ਦੀ ਫਸਲ ਦੀ ਦੇਸ਼ ਦੇ ਵੱਖ-ਵੱਖ ਹਿੱਸਿਅਾਂ ’ਚ ਕਟਾਈ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਖੇਤਾਂ ’ਚ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦੀ ਪੁਲਾੜ ਏਜੰਸੀ ‘ਨਾਸਾ’ ਵਲੋਂ ਜਾਰੀ ਨਕਸ਼ੇ ਦੇ ਅਨੁਸਾਰ ਇਸ ਵਾਰ ਪਰਾਲੀ ਸਾੜਨ ਨਾਲ ਫੈਲਣ ਵਾਲਾ ਹਵਾ ਦਾ ਪ੍ਰਦੂਸ਼ਣ ਜਲਦੀ ਹੀ ਦਿੱਲੀ ਸਮੇਤ ਇਸ ਖੇਤਰ ਦੇ ਵਧੇਰੇ ਹਿੱਸੇ ਨੂੰ ਲਪੇਟ ’ਚ ਲੈ ਲਵੇਗਾ ਜੋ ਸਰਦੀਅਾਂ ਆਉਣ ਤੱਕ ਹੋਰ ਗੰਭੀਰ ਹੋ ਜਾਵੇਗਾ।

ਪੰਜਾਬ ’ਚ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੋਂ ਇਲਾਵਾ ਜਲੰਧਰ, ਕਪੂਰਥਲਾ ਅਤੇ ਮਾਨਸਾ ਅਤੇ ਹਰਿਆਣਾ ’ਚ ਫਤਿਹਾਬਾਦ ਤੇ ਅੰਬਾਲਾ ਦੇ ਵੱਖ-ਵੱਖ ਹਿੱਸਿਅਾਂ ਤੋਂ ਪਰਾਲੀ ਸਾੜਨ ਦੀਅਾਂ ਖਬਰਾਂ ਮਿਲੀਅਾਂ ਹਨ, ਜਿਨ੍ਹਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਦਕਿ ਪਿਛਲੇ ਸਾਲ ਖੇਤਾਂ ’ਚ ਪਰਾਲੀ ਸਾੜਨ ਦੀਅਾਂ ਘਟਨਾਵਾਂ ਦੇ ਆਧਾਰ ’ਤੇ ਇਸ ਸਾਲ ਹਰਿਆਣਾ ’ਚ ਹੁਣ ਤੱਕ 332 ਪਿੰਡਾਂ ਦੀ ‘ਰੈੱਡ ਜ਼ੋਨ’ ਦੇ ਰੂਪ ’ਚ ਪਛਾਣ ਕੀਤੀ ਗਈ ਹੈ।

ਨਾੜ ਅਤੇ ਪਰਾਲੀ ਸਾੜਨ ਦੇ ਕਾਰਨ ਵਾਯੂਮੰਡਲ ’ਚ ਪ੍ਰਦੂਸ਼ਣ ਦਾ ਪੱਧਰ ਭਾਵ ਪੀ. ਐੱਮ. 2.5 ਵਧ ਕੇ 500 ਤੱਕ ਹੋ ਜਾਂਦਾ ਹੈ ਜੋ ਦੀਵਾਲੀ ਦੇ ਨੇੜੇ-ਤੇੜੇ 1000 ਤੱਕ ਪਹੁੰਚ ਜਾਂਦਾ ਹੈ ਜਦਕਿ ਇਹ ਵੱਧ ਤੋਂ ਵੱਧ 50 ਹੋਣਾ ਚਾਹੀਦਾ ਹੈ ਅਤੇ ਲਾਕਡਾਊਨ ਦੇ ਕਾਰਨ ਸੜਕਾਂ ਅਤੇ ਵਾਹਨਾਂ ਆਦਿ ਦੀ ਕਮੀ ਹੋ ਜਾਣ ਦੇ ਕਾਰਨ ਵਾਯੂ ਪ੍ਰਦੂਸ਼ਣ ਘਟ ਕੇ 20 ਫੀਸਦੀ ਤੱਕ ਸਿਮਟ ਗਿਆ ਸੀ ਅਤੇ ਇਸ ਸਮੇਂ 45 ਹੈ ਪਰ ਪਰਾਲੀ ਸਾੜਨ ਨਾਲ ਇਸ ਦੇ ਦੁਬਾਰਾ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ ਜੋ ਖਾਸ ਤੌਰ ’ਤੇ ਬੱਚਿਅਾਂ ਅਤੇ ਬਜ਼ੁਰਗਾਂ ਲਈ ਜ਼ਿਆਦਾ ਨੁਕਸਾਨਦੇਹ ਹੈ।

ਖੇਤੀਬਾੜੀ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਸੰਬੰਧੀ ਮਾਹਿਰਾਂ ਨੇ ਸੁਚੇਤ ਕੀਤਾ ਹੈ ਕਿ ਕਿਉਂਕਿ ਕੋਰੋਨਾ ਵਾਇਰਸ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਲਈ ਪਰਾਲੀ ਸਾੜਨ ਨਾਲ ਵਾਯੂਮੰਡਲ ’ਚ ਜ਼ਹਿਰੀਲੀਅਾਂ ਗੈਸਾਂ ਦੇ ਵਾਧੇ ਦੇ ਕਾਰਨ ਸਾਹ ਲੈਣ ਸੰਬੰਧੀ ਸਮੱਸਿਆਵਾਂ ਵਧਣ ਨਾਲ ਕੋਰੋਨਾ ਮਹਾਮਾਰੀ ਦੇ ਹੋਰ ਖਤਰਨਾਕ ਰੂਪ ਧਾਰਨ ਕਰ ਲੈਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਪਿਛਲੇ 5-6 ਸਾਲਾਂ ਤੋਂ ਦੇਸ਼ ’ਚ ਪਰਾਲੀ ਸਾੜਨ ਦਾ ਇਹ ਭੈੜਾ ਚੱਕਰ ਜਾਰੀ ਹੈ। ਹਾਲਾਂਕਿ ਕਿਸਾਨ ਵੀ ਜਾਣਦੇ ਹਨ ਕਿ ਅਜਿਹਾ ਕਰਨਾ ਹਾਨੀਕਾਰਕ ਹੈ ਪਰ ਇਸ ਦੇ ਬਾਵਜੂਦ ਉਹ ਸਮੇਂ ਅਤੇ ਸਾਧਨਾਂ ਦੀ ਘਾਟ ਦੇ ਕਾਰਨ ਪਰਾਲੀ ਦਾ ਸਹੀ ਨਿਪਟਾਰਾ ਨਾ ਕਰ ਸਕਣ ਦੇ ਕਾਰਨ ਇਸ ਨੂੰ ਖੇਤ ’ਚ ਸਾੜ ਦਿੰਦੇ ਹਨ, ਅਜਿਹਾ ਕਰਦੇ ਹਨ।

ਕੇਂਦਰ ਅਤੇ ਸੂਬਾ ਸਰਕਾਰਾਂ ਵੀ ਹਰ ਸਾਲ ਪਰਾਲੀ ਸਾੜਨ ਦੇ ਸੀਜ਼ਨ ’ਚ ਪਰਾਲੀ ਖਰੀਦ ਕੇ ਇਸ ਨੂੰ ਵੱਖ-ਵੱਖ ਰੂਪਾਂ ’ਚ ਵਰਤਣ ਆਦਿ ਦੀਅਾਂ ਯੋਜਨਾਵਾਂ ਬਣਾਉਂਦੀਆਂ ਹਨ ਪਰ ਅੰਤਿਮ ਸਮੇਂ ’ਤੇ ਅਜਿਹਾ ਫੈਸਲਾ ਲੈਣ ਦੇ ਕਾਰਨ ਉਹ ਅਗਲੇ ਸਾਲ ਲਈ ਟਲ ਜਾਂਦੀਅਾਂ ਹਨ ਅਤੇ ਇਸ ਤਰ੍ਹਾਂ ਕਿਰਿਆਤਮਕ ਤੌਰ ’ਤੇ ਇਹ ਯੋਜਨਾਵਾਂ ਖਟਾਈ ’ਚ ਪੈ ਜਾਂਦੀਅਾਂ ਹਨ। ਜੇਕਰ ਇਹ ਸਭ 3-4 ਮਹੀਨੇ ਪਹਿਲਾਂ ਹੋ ਸਕੇ ਤਾਂ ਕੀ ਇਹ ਸਾਰਿਅਾਂ ਲਈ ਬਿਹਤਰ ਨਹੀਂ ਹੋਵੇਗਾ!

ਫਿਲਹਾਲ, ਇਸ ਸਾਲ ਤਾਂ ਸਥਿਤੀ ਪਿਛਲੇ ਸਾਲਾਂ ਨਾਲੋਂ ਕੁਝ ਜ਼ਿਆਦਾ ਹੀ ਖਰਾਬ ਹੈ। ਇਸ ਸਮੇਂ ਜਦਕਿ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਿਸਾਨ ਪਹਿਲਾਂ ਹੀ ਸੜਕਾਂ ’ਤੇ ਉਤਰੇ ਹੋਏ ਹਨ, ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਪਰਾਲੀ ਸਾੜਨ ਵਾਲਿਅਾਂ ਵਿਰੁੱਧ ਸੰਬੰਧਤ ਸਰਕਾਰਾਂ ਕੋਈ ਸਖਤ ਕਦਮ ਚੁੱਕਣਗੀਅਾਂ ਪਰ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਪਰਾਲੀ ’ਤੇ ਰੋਕ ਲਗਾਉਣੀ ਕਿਸੇ ਇਕ ਵਰਗ ਲਈ ਨਹੀਂ ਸਗੋਂ ਸਾਰਿਅਾਂ ਦੀ ਸੁਰੱਖਿਆ ਲਈ ਅਤੇ ਉਨ੍ਹਾਂ ਦੇ ਲਈ ਵੀ ਸਮਾਨ ਤੌਰ ’ਤੇ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੂੰ ਸਰਕਾਰ ਦੇ ਇਸ ਸੰਬੰਧੀ ਯਤਨਾਂ ’ਚ ਸਹਿਯੋਗ ਕਰਨਾ ਚਾਹੀਦਾ ਹੈ।


Bharat Thapa

Content Editor

Related News