''ਰੱਖਿਅਕਾਂ'' ਦੀ ਵਰਦੀ ''ਚ ਲੁਕੇ ਕੁਝ ''ਭਕਸ਼ਕ'' ਧੁੰਦਲਾ ਕਰ ਰਹੇ ਨੇ ਪੁਲਸ ਦਾ ਅਕਸ

08/25/2016 6:34:58 AM

ਸਮਾਜ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਤੇ ਹੋਰ ਸੁਰੱਖਿਆ ਬਲਾਂ ਦੀ ਹੈ ਪਰ ਇਨ੍ਹਾਂ ਵਿਚ ²ਸ਼ਾਮਲ ਹੋ ਗਈਆਂ ਕੁਝ ਕਾਲੀਆਂ ਭੇਡਾਂ ਆਪਣੇ ਫਰਜ਼ਾਂ ਤੋਂ ਬੇਮੁੱਖਤਾ ਅਤੇ ਅਣਮਨੁੱਖੀ ਕਰਤੂਤਾਂ ਕਾਰਨ ਸਮੁੱਚੇ ਸੁਰੱਖਿਆ ਬਲਾਂ ਦੀ ਬਦਨਾਮੀ ਦੀ ਵਜ੍ਹਾ ਬਣ ਰਹੀਆਂ ਹਨ।10 ਅਗਸਤ 1947 ਨੂੰ ਮਹਾਤਮਾ ਗਾਂਧੀ ਨੇ ਕੋਲਕਾਤਾ ਵਿਚ ਕਿਹਾ ਸੀ ਕਿ ''''ਜੇ ਪੁਲਸ ਵਿਚ ਦੁਰਭਾਵਨਾ ਆ ਜਾਵੇਗੀ ਤਾਂ ਦੇਸ਼ ਦਾ ਭਵਿੱਖ ਸੱਚਮੁੱਚ ਹਨੇਰੇ ''ਚ ਡੁੱਬ ਜਾਵੇਗਾ।'''' ਅੱਜ ਕੁਝ-ਕੁਝ ਉਹੋ ਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਹੈ, ਜੋ ਹਾਲ ਹੀ ਦੀਆਂ ਅਜਿਹੀਆਂ ਕੁਝ ਹੇਠਾਂ ਦਰਜ ਖਬਰਾਂ ਤੋਂ ਸਪੱਸ਼ਟ ਹੈ :
* 04 ਅਗਸਤ ਨੂੰ ਕਾਨਪੁਰ ਦੀ ਅਹਿਰਵਾ ਚੌਕੀ ਵਿਚ ਪੁਲਸ ਦੀ ਬੇਰਹਿਮੀ ਨਾਲ ਮਾਰ-ਕੁੱਟ ਤੋਂ ਦੁਖੀ ਨੌਜਵਾਨ ਕਮਲ ਵਾਲਮੀਕਿ ਨੇ ਚੌਕੀ ਦੇ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੇ ਸੰਬੰਧ ਵਿਚ 15 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ।
* 05 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਵਿਚ ਦਿਲੀਪ ਯਾਦਵ ਅਤੇ ਪੰਕਜ ਯਾਦਵ ਨਾਮੀ 2 ਨੌਜਵਾਨਾਂ ਦੀ ਹੱਤਿਆ ਦੇ ਦੋਸ਼ ਵਿਚ 4 ਪੁਲਸ ਮੁਲਾਜ਼ਮਾਂ ਅਤੇ ਹੋਮਗਾਰਡ ਦੇ 2 ਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹ ਲੋਕ ਇੱਟਾਂ ਨਾਲ ਲੱਦਿਆ ਟਰੱਕ ਲੈ ਕੇ ਆ ਰਹੇ ਸਨ, ਜਦੋਂ ਉਕਤ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਤੋਂ 100 ਰੁਪਏ ਰਿਸ਼ਵਤ ਮੰਗੀ। ਰਿਸ਼ਵਤ ਦੇਣ ਤੋਂ ਇਨਕਾਰ ਕਰਨ ''ਤੇ ਪੁਲਸ ਮੁਲਾਜ਼ਮ ਉਨ੍ਹਾਂ ਨਾਲ ਉਲਝ ਪਏ, ਜਿਸ ''ਤੇ ਬਾਕੀ ਮਜ਼ਦੂਰ ਅਤੇ ਡਰਾਈਵਰ ਤਾਂ ਉਥੋਂ ਭੱਜ ਗਏ ਪਰ ਦਿਲੀਪ ਅਤੇ ਪੰਕਜ ਪੁਲਸ ਵਾਲਿਆਂ ਦੇ ਕਾਬੂ ਆ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਅਦ ਵਿਚ ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਤਲਾਬ ''ਚ ਤੈਰਦੀਆਂ ਬਰਾਮਦ ਹੋਈਆਂ।
* 08 ਅਗਸਤ ਨੂੰ ਰੋਹਤਕ ਦੇ ਬਜਰੰਗ ਭਵਨ ਨੇੜੇ ਇਕ 23 ਸਾਲਾ ਗਰਭਵਤੀ ਔਰਤ ਸੁਮਨ ਭੂਟਾਨੀ ਦੀ ਸਕੂਟੀ ਨੂੰ ਪੁਲਸ ਦੀ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਮੀਨ ''ਤੇ ਡਿਗ ਪਈ। ਦੋਸ਼ ਹੈ ਕਿ ਪੁਲਸ ਵਾਲੇ ਔਰਤ ਦਾ ਹਾਲ ਪੁੱਛਣ ਲਈ ਵੀ ਉਥੇ ਨਹੀਂ ਰੁਕੇ ਅਤੇ ਗੱਡੀ ਭਜਾ ਕੇ ਲੈ ਗਏ।
* 11 ਅਗਸਤ ਨੂੰ ਝਾਰਖੰਡ ਦੇ ਰਾਂਚੀ ਵਿਚ ਇਕ ਸੀ. ਆਈ. ਡੀ. ਇੰਸਪੈਕਟਰ, ਉਸ ਦੀ ਪਤਨੀ ਅਤੇ ਪਰਿਵਾਰ ਦੇ ਮੈਂਬਰਾਂ ''ਤੇ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਵਾਲੀ 13 ਸਾਲਾ ਨਾਬਾਲਗਾ ''ਤੇ ਅੱਤਿਆਚਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਅਤੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ।
* 16 ਅਗਸਤ ਨੂੰ ਇਕ ਸਬ-ਇੰਸਪੈਕਟਰ, 4 ਹੈੱਡ ਕਾਂਸਟੇਬਲਾਂ ਅਤੇ ਇਕ ਹੋਮਗਾਰਡ ਸਣੇ ਫਾਜ਼ਿਲਕਾ ਜ਼ਿਲੇ ਦੇ 6 ਪੁਲਸ ਮੁਲਾਜ਼ਮਾਂ ਨੂੰ ਫਾਜ਼ਿਲਕਾ ਦੇ ਮੁੱਖ ਨਿਆਇਕ ਦੰਡ-ਅਧਿਕਾਰੀ ਸ਼੍ਰੀ ਪ੍ਰਿਤਪਾਲ ਸਿੰਘ ਨੇ 2 ਸਾਲ ਕੈਦ ਤੋਂ ਇਲਾਵਾ 2-2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਉਨ੍ਹਾਂ ''ਤੇ ਅਰਨੀਵਾਲਾ ਪਿੰਡ ਵਿਚ ਇਕ ਔਰਤ ਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਮਾਰ-ਕੁਟਾਈ ਕਰਨ ਦਾ ਦੋਸ਼ ਹੈ।
* 18 ਅਗਸਤ ਨੂੰ ਦਿੱਲੀ ਦੇ ਸਰਾਏ ਰੋਹਿਲਾ ਥਾਣੇ ਵਿਚ ਤਾਇਨਾਤ ਹੈੱਡ ਕਾਂਸਟੇਬਲ ਨੂੰ ਇਕ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ ''ਚ ਮੁਅੱਤਲ ਕੀਤਾ ਗਿਆ।
* 18 ਅਗਸਤ ਨੂੰ ਹੀ ਮਾਨਸਾ ਜੇਲ ਵਿਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਗਈਆਂ ਭੈਣਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਔਰਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਸ ਦੇ ਲਈ ਜੇਲ ''ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਰਿਸ਼ਵਤ ਦੇਣੀ ਪਈ।
* 19 ਅਗਸਤ ਦੀ ਦੁਪਹਿਰ ਨੂੰ ਮਲੋਟ ਵਿਚ ਇਕ ਔਰਤ ਦਾ ਪਰਸ ਖੋਹ ਕੇ 2 ਨੌਜਵਾਨ ਭੱਜਣ ਲੱਗੇ। ਔਰਤ ਦੇ ਰੌਲਾ ਪਾਉਣ ''ਤੇ ਇਕ ਨੌਜਵਾਨ ਨੂੰ ਲੋਕਾਂ ਨੇ ਫੜ ਲਿਆ, ਜਿਸ ਦੀ ਪਛਾਣ ਕਾਂਸਟੇਬਲ ਮਨਦੀਪ ਸਿੰਘ ਵਜੋਂ ਹੋਈ।
* 22 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਸੌਰਭ ਤਿਆਗੀ ਨਾਮੀ ਇਕ ਸਿਪਾਹੀ ਨੇ ਛੁੱਟੀ ਨਾ ਮਿਲਣ ''ਤੇ ਗੁੱਸੇ ਵਿਚ ਆ ਕੇ ਆਪਣੇ ਹੀ ਸਾਥੀਆਂ ''ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਬਾਅਦ ਵਿਚ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਸਮੁੱਚੇ ਪੁਲਸ ਵਿਭਾਗ ਨੂੰ ਸ਼ਰਮਸਾਰ ਕਰਨ ਵਾਲੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੁਲਸ ਦੀਆਂ ਵਧੀਕੀਆਂ ਕਿਸੇ ਇਕ ਖੇਤਰ ਤਕ ਸੀਮਤ ਨਾ ਰਹਿ ਕੇ ਦੇਸ਼-ਵਿਆਪੀ ਬਣ ਚੁੱਕੀਆਂ ਹਨ ਅਤੇ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਕੁਝ ਪੁਲਸ ਮੁਲਾਜ਼ਮਾਂ ਦਾ ਅਜਿਹਾ ਆਚਰਣ ਸਮੁੱਚੇ ਪੁਲਸ ਵਿਭਾਗ ਦੇ ਅਕਸ ਨੂੰ ਧੁੰਦਲਾ ਕਰ ਰਿਹਾ ਹੈ।
''ਖਾਕੀ'' ਨੂੰ ਸ਼ਰਮਸਾਰ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਟੈਕਸ ਵਜੋਂ ਜਨਤਾ ਦੇ ਦਿੱਤੇ ਹੋਏ ਧਨ ''ਚੋਂ ਹੀ ਤਨਖਾਹ ਦਿੱਤੀ ਜਾਂਦੀ ਹੈ, ਇਸੇ ਲਈ ਇਨ੍ਹਾਂ ਨੂੰ ਸਰਕਾਰੀ  (ਜਨਤਕ) ਮੁਲਾਜ਼ਮ ਜਾਂ ''ਪਬਲਿਕ ਸਰਵੈਂਟ'' ਕਿਹਾ ਜਾਂਦਾ ਹੈ। ਲਿਹਾਜ਼ਾ ਫੜੇ ਗਏ ਪੁਲਸ ਮੁਲਾਜ਼ਮਾਂ ਨੂੰ ਸਖਤ ਅਤੇ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹੀ ਕੋਈ ਕਰਤੂਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।                                            
¸ਵਿਜੇ ਕੁਮਾਰ


Vijay Kumar Chopra

Chief Editor

Related News