ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਬਣਾ ’ਤਾ ਨਸ਼ਾ ਸਮੱਗਲਰ

Tuesday, May 14, 2024 - 05:58 AM (IST)

ਲੁਧਿਆਣਾ (ਗੌਤਮ, ਰਿਸ਼ੀ)– ਅਕਸਰ ਵਿਵਾਦਾਂ ’ਚ ਰਹਿਣ ਵਾਲੀ ਪੰਜਾਬ ਪੁਲਸ ਦੀ ਇਕ ਹੋਰ ਹਰਕਤ ਸਾਹਮਣੇ ਆਈ ਹੈ, ਜਿਥੇ ਲੁਧਿਆਣਾ ਪੁਲਸ ਨੇ ਝੂਠੀ ਵਾਹ-ਵਾਹੀ ਖੱਟਣ ਲਈ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਨਸ਼ਾ ਸਮੱਗਲਰ ਬਣਾ ਕੇ ਉਸ ਦਾ ਭਵਿੱਖ ਖ਼ਰਾਬ ਕਰ ਦਿੱਤਾ।

ਪੁਲਸ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਪਿਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਦਰਖ਼ਾਸਤ ਦਿੱਤੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਰਾਜਸਥਾਨ ਦੇ ਇਕ ਵਿਅਕਤੀ ਸਮੇਤ 11 ਪੁਲਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 363, 365, 384, 385, 167, 193, 195, 201, 204, 445, 471, 234-ਬੀ ਤਹਿਤ ਕੇਸ ਦਰਜ ਕੀਤਾ ਹੈ।

ਥਾਣਾ ਝੰਵਰ ਦੇ ਐੱਸ. ਐੱਚ. ਓ. ਮਾਲਾਰਾਮ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਹੈ ਸਾਰਾ ਮਾਮਲਾ
ਬੀਤੀ 8 ਮਾਰਚ ਨੂੰ ਸੀ. ਆਈ. ਏ. 2 ਦੀ ਪੁਲਸ ਵਲੋਂ ਮਨਵੀਰ ਨਾਮਕ ਨੌਜਵਾਨ ਜੋਧਪੁਰ ਵਾਸੀ ਜੀ. ਟੀ. ਰੋਡ ਡਾਬਾ ਰੋਡ ਨੇੜੇ ਚੈਕਿੰਗ ਦੌਰਾਨ ਉਸ ਨੂੰ ਪੈਦਲ ਜਾਂਦਿਆਂ 2 ਕਿਲੋ ਅਫੀਮ ਸਮੇਤ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਤੇ ਮਾਮਲਾ ਦਰਜ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ

ਫਿਰ ਪੁਲਸ ਵਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਦੂਜੇ ਪਾਸੇ ਨਾਮਜ਼ਦ ਮਨਵੀਰ ਦੇ ਪਿਤਾ ਪ੍ਰੇਮਾ ਰਾਮ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤ ਮਨਵੀਰ ਜੈਪੁਰ ’ਚ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਤੇ 3 ਸਾਲਾਂ ਤੋਂ ਪੜ੍ਹ ਰਿਹਾ ਹੈ। ਉਨ੍ਹਾਂ ਦਾ ਪੁੱਤ ਤੇ ਭਤੀਜਾ ਇਕੱਠੇ ਮੌਜੂਦ ਸਨ। ਉਸ ਦਾ ਪੁੱਤ ਕਰੀਬ ਅੱਧੇ ਘੰਟੇ ਤੱਕ ਭਤੀਜੇ ਤੋਂ ਵੱਖ ਰਿਹਾ। ਉਸ ਤੋਂ ਬਾਅਦ ਉਸ ਦੇ ਪੁੱਤ ਬਾਰੇ ਕੁਝ ਪਤਾ ਨਹੀਂ ਲੱਗਾ। ਕਾਫ਼ੀ ਭਾਲ ਕਰਨ ਤੋਂ ਬਾਅਦ ਉਸ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਰਾਜਸਥਾਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਕ ਦਿਨ ਬਾਅਦ ਫੋਨ ’ਤੇ ਮੰਗੇ 15 ਲੱਖ, ਫਿਰ ਜ਼ਮਾਨਤ ਕਰਵਾਉਣ ਦਾ ਦਿੱਤਾ ਭਰੋਸਾ
ਪਿਤਾ ਅਨੁਸਾਰ ਉਸ ਦੇ ਪੁੱਤ ਦੇ ਲਾਪਤਾ ਹੋਣ ਤੋਂ ਅਗਲੇ ਦਿਨ ਉਸ ਦੀ ਭਤੀਜੀ ਨੂੰ ਲੁਧਿਆਣਾ ਦੇ ਇਕ ਪੁਲਸ ਅਧਿਕਾਰੀ ਦਾ ਫੋਨ ਆਇਆ ਕਿ ਜੇਕਰ ਉਹ ਮਨਵੀਰ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ ਤਾਂ ਬਦਲੇ ’ਚ ਉਨ੍ਹਾਂ ਨੂੰ 15 ਲੱਖ ਰੁਪਏ ਦੇਣੇ ਪੈਣਗੇ। ਬਾਅਦ ’ਚ ਉਸ ਨੂੰ ਫਿਰ ਫੋਨ ਆਇਆ ਕਿ ਮਨਵੀਰ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਹੈ ਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਉਸ ਨੇ ਪੁਲਸ ਕੋਲ ਸਾਰੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਉਸ ’ਤੇ ਝੂਠਾ ਕੇਸ ਦਰਜ ਹੋਇਆ ਹੈ ਤਾਂ ਜਾਂਚ ਅਧਿਕਾਰੀ ਨੇ ਆਪਣੇ ਖ਼ਰਚੇ ’ਤੇ ਉਸ ਦੇ ਪੁੱਤਰ ਦੀ ਜ਼ਮਾਨਤ ਕਰਵਾਉਣ ਦਾ ਭਰੋਸਾ ਦਿੱਤਾ।

ਰਾਜਸਥਾਨ ਤੋਂ ਪੰਜਾਬ ਨੂੰ ਆਉਂਦੇ ਰਸਤੇ ’ਤੇ ਲੱਗੇ ਟੋਲ ਪਲਾਜ਼ਿਆਂ ਤੋਂ ਇਕੱਠੀ ਕੀਤੀ ਫੁਟੇਜ
ਮਨਵੀਰ ਦੇ ਪਿਤਾ ਨੇ ਦੱਸਿਆ ਕਿ ਉਹ ਕਈ ਵਾਰ ਰਾਜਸਥਾਨ ਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਜਾ ਕੇ ਕਹਿੰਦੇ ਰਹੇ ਕਿ ਉਨ੍ਹਾਂ ਦੇ ਪੁੱਤ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ ਪਰ ਜਦੋਂ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਆਖਰਕਾਰ ਉਨ੍ਹਾਂ ਨੇ ਮਾਣਯੋਗ ਹਾਈਕੋਰਟ ਤੱਕ ਪਹੁੰਚ ਕੀਤੀ, ਜਿਸ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਰਾਜਸਥਾਨ ਤੋਂ ਪੰਜਾਬ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਅਦਾਲਤ ’ਚ ਪੇਸ਼ ਕੀਤੀ, ਜਿਸ ’ਚ ਉਸ ਦਾ ਪੁੱਤ ਪੁਲਸ ਨਾਲ ਕਾਰ ’ਚ ਨਜ਼ਰ ਆ ਰਿਹਾ ਹੈ। ਜਿਸ ਵਿਅਕਤੀ ਦੇ ਕਹਿਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ਦਾ ਵੀ ਪੁਲਸ ਨੂੰ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਦੀ ਇਸ ਕਾਰਵਾਈ ਕਾਰਨ ਉਸ ਦਾ ਲੜਕਾ 10 ਮਾਰਚ ਤੋਂ ਲੁਧਿਆਣਾ ਜੇਲ ’ਚ ਬੰਦ ਹੈ।

ਇਨ੍ਹਾਂ ਖ਼ਿਲਾਫ਼ ਵੀ ਕੀਤੀ ਐੱਫ. ਆਈ. ਆਰ.
ਰਾਜਸਥਾਨ ਦੇ ਥਾਣਾ ਝੰਵਰ ’ਚ ਪ੍ਰੇਮਾ ਰਾਮ ਦੇ ਬਿਆਨਾਂ ’ਤੇ ਇੰਦਰਜੀਤ, ਸ਼ੁਬੇਗ ਸਿੰਘ ਏ. ਐੱਸ. ਆਈ., ਮਨਜਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ ਸਬ-ਇੰਸਪੈਕਟਰ ਤੇ ਰਾਜ ਕੁਮਾਰ ਐੱਸ. ਕਰਮਚਾਰੀਆਂ ਦੇ ਨਾਂ ਨਾਮਜ਼ਦ ਕੀਤੇ ਗਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News