ਪੱਤਰਕਾਰਾਂ ’ਤੇ ਜ਼ੁਲਮਾਂ ਦੇ ਮਾਮਲੇ ’ਚ ਚੀਨ ਤੋਂ ਵੀ ਅੱਗੇ ਨਿਕਲਿਆ ਮਿਆਂਮਾਰ
Friday, Oct 14, 2022 - 03:56 AM (IST)
ਮਿਆਂਮਾਰ ਵਿਚ 1 ਫਰਵਰੀ, 2021 ਨੂੰ ਫੌਜੀ ਤਖਤਾਪਲਟ ਹੋਏ ਹੁਣ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ‘ਅਸਿਸਟੈਂਟਸ ਐਸੋਸੀਏਸ਼ਨ ਫਾਰ ਪਾਲੀਟੀਕਲ ਪ੍ਰਿਜ਼ਨਰਜ਼’ ਦੇ ਅਨੁਸਾਰ ਉਥੇ ਤਖਤਾਪਲਟ ਦੀ ਪਹਿਲੀ ਵਰ੍ਹੇਗੰਢ ਤੱਕ ਸੁਰੱਖਿਆ ਬਲਾਂ ਦੇ ਹੱਥੋਂ 2138 ਆਮ ਨਾਗਰਿਕ ਮਾਰੇ ਜਾ ਚੁੱਕੇ ਸਨ ਅਤੇ 14,917 ਲੋਕ ਗ੍ਰਿਫ਼ਤਾਰ ਕੀਤੇ ਗਏ। ਜਿਥੇ ‘ਸੈਨਿਕ ਜੁੰਟਾ’ ਨੇ ਵੱਖ-ਵੱਖ ਦੋਸ਼ਾਂ ਵਿਚ ਨਜ਼ਰਬੰਦ ਦੇਸ਼ ਦੀ ਨੇਤਾ ਸੂ-ਕੀ ਦੀ ਕੈਦ ਦੀ ਮਿਆਦ ਵਧਾ ਕੇ 26 ਸਾਲ ਤੱਕ ਪਹੁੰਚਾ ਦਿੱਤੀ ਹੈ, ਉਥੇ ਹੀ ਦੇਸ਼ ਵਿਚ ਆਜ਼ਾਦ ਪੱਤਰਕਾਰਿਤਾ ਦੀ ਪੂਰੀ ਤਰ੍ਹਾਂ ਬਲੀ ਚੜ੍ਹਾਈ ਜਾ ਚੁੱਕੀ ਹੈ। ‘ਸੈਨਿਕ ਜੁੰਟਾ’ ਵੱਲੋਂ ਹੁਣ ਤੱਕ ਉਥੇ 140 ਤੋਂ ਵੱਧ ਪੱਤਰਕਾਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਨਵੀਆਂ ਰਿਪੋਰਟਾਂ ਦੇ ਅਨੁਸਾਰ ਮਿਆਂਮਾਰ ਇਸ ਸਮੇਂ ਪੱਤਰਕਾਰਾਂ ਦੇ ਲਈ ਦੁਨੀਆ ਦੇ ਸਭ ਤੋਂ ਵੱਧ ਖਤਰਨਾਕ ਸਥਾਨਾਂ ਵਿਚੋਂ ਇਕ ਅਤੇ ਘਾਣ ਦੇ ਮਾਮਲੇ ਵਿਚ ਚੀਨ ਤੋਂ ਵੀ ਅੱਗੇ ਨਿਕਲ ਚੁੱਕਾ ਹੈ।
ਉਥੇ ਇਸ ਸਮੇਂ 57 ਪੱਤਰਕਾਰ ਜੇਲ੍ਹ ਵਿਚ ਹਨ, ਜਦਕਿ ਚੀਨ ਵਿਚ ਇਹ ਗਿਣਤੀ 51 ਹੈ। ਸੱਤਾ ਵਿਚ ਆਉਣ ਦੇ 2 ਹਫਤਿਆਂ ਦੇ ਅੰਦਰ ਹੀ ਉਥੋਂ ਦੇ ‘ਸੈਨਿਕ ਜੁੰਟਾ’ ਨੇ ਪੱਤਰਕਾਰਾਂ ਦੇ ਘਾਣ ਦੇ ਲਈ ਦੇਸ਼ ਦੇ ਸੰਵਿਧਾਨ ਵਿਚ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਹਨ ਅਤੇ ਹੁਣ ਉਥੇ ਆਜ਼ਾਦ ਪ੍ਰੈੱਸ ਦੇ ਨਾਂ ’ਤੇ ਸ਼ਾਇਦ ਹੀ ਕੁਝ ਬਚਿਆ ਹੋਵੇ। ‘ਓਵੇ’ ਨਾਂ ਦੀ ਪੱਤ੍ਰਿਕਾ ਦੀ ਅੰਡਰਗਰਾਊਂਡ ਰਹਿ ਕੇ ਕੰਮ ਕਰ ਰਹੀ ਸੰਪਾਦਕ ‘ਓਂਗ ਸੈਤ’ ਦੇ ਇਕ ਸਾਥੀ ਨੂੰ ਕੁਝ ਸਮਾਂ ਪਹਿਲਾਂ ਗੋਲੀ ਮਾਰ ਦਿੱਤੀ ਗਈ ਅਤੇ ਹੁਣ ਤਾਂ ਉਥੇ ਕਿਸੇ ਆਜ਼ਾਦ ਪੱਤਰਕਾਰ ਦੇ ਲਈ ਕੈਮਰਾ ਜਾਂ ਕਾਪੀ ਲੈ ਕੇ ਘੁੰਮਣਾ ਵੀ ਔਖਾ ਹੈ। ਕਈ ਪੱਤਰਕਾਰਾਂ ਨੂੰ ਫੌਜ ਨੇ ਟਾਰਚਰ ਕਰ ਕੇ ਮਾਰ ਦਿੱਤਾ ਹੈ। ਫੌਜ ਦਾ ਕਹਿਰ ਸਥਾਨਕ ਪੱਤਰਕਾਰਾਂ ਤੱਕ ਹੀ ਸੀਮਤ ਨਹੀਂ ਹੈ। ਪਿਛਲੇ ਹਫਤੇ ਹੀ ਮਿਆਂਮਾਰ ਦੀ ਫੌਜ ਨੇ ਇਕ ਜਾਪਾਨੀ ਪੱਤਰਕਾਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ, ਜਦਕਿ ਇਕ ਮਹੀਨਾ ਪਹਿਲਾਂ ‘ਸੈਨਿਕ ਜੁੰਟਾ’ ਨੇ ਬੀ. ਬੀ. ਸੀ. ਦੇ ਲਈ ਕੰਮ ਕਰਨ ਵਾਲੇ ਇਕ ਆਜ਼ਾਦ ਪੱਤਰਕਾਰ ਨੂੰ 6 ਸਾਲ ਦੀ ਸਖ਼ਤ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਸੀ।
ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਦੱਖਣੀ-ਪੂਰਬੀ ਏਸ਼ੀਆ ਦੇ ਪ੍ਰਤੀਨਿਧੀ ਸ਼ਾਨ ਕ੍ਰਿਸਪਿਨ ਦਾ ਕਹਿਣਾ ਹੈ ਕਿ, ‘‘ਜੁੰਟਾ ਦੇ ਸ਼ਾਸਨ ਨੇ ਦੇਸ਼ ਵਿਚ ਆਜ਼ਾਦ ਪੱਤਰਕਾਰਿਤਾ ਨੂੰ ਨਾਜਾਇਜ਼ ਕਰਾਰ ਦੇ ਦਿੱਤਾ ਹੈ।’’ ਮਿਆਂਮਾਰ ਦੇ ਸਾਬਕਾ ਰਾਸ਼ਟਰਪਤੀ ਥੀਨ ਸੇਨ ਨੇ 2011 ਵਿਚ ਦੇਸ਼ ਨੂੰ ਲੋਕਤੰਤਰ ਵੱਲ ਵਧਾਉਣ ਦੇ ਲਈ ਉਥੇ ਸੈਂਸਰਸ਼ਿਪ ਖਤਮ ਕਰ ਦਿੱਤੀ ਸੀ, ਜਿਸ ਨਾਲ ਸਿਹਤਮੰਦ ਅਤੇ ਸੁਤੰਤਰ ਵਿਚਾਰਾਂ ਦੇ ਪ੍ਰਗਟਾਵੇ ਨੂੰ ਹੁਲਾਰਾ ਮਿਲਿਆ ਸੀ। ਇਸ ਦੇ ਬਾਅਦ ਦੇਸ਼ ਵਿਚ ਸੈਂਕੜੇ ਨਵੇਂ ਅਖਬਾਰਾਂ ਦਾ ਪ੍ਰਕਾਸ਼ਨ ਵੀ ਸ਼ੁਰੂ ਹੋਇਆ ਸੀ ਪਰ ਹੁਣ ਉਹ ਸਭ ਅਤੀਤ ਦੀ ਗੱਲ ਹੋ ਚੁੱਕੀ ਹੈ ਅਤੇ ਕਹਿਣਾ ਮੁਸ਼ਕਲ ਹੈ ਕਿ ਕਦੋਂ ਉਹ ਆਜ਼ਾਦ ਦੌਰ ਮਿਆਂਮਾਰ ਵਿਚ ਵਾਪਸ ਪਰਤੇਗਾ।
–ਵਿਜੇ ਕੁਮਾਰ