‘ਵਿਦੇਸ਼ ਜਾਣ ਦੇ ਮੋਹ ''ਚ’ ਧੋਖਾਦੇਹੀ ਦਾ ਸ਼ਿਕਾਰ ਹੋ ਰਹੇ ਲੋਕ

09/30/2022 4:01:14 AM

ਆਪਣੇ ਦੇਸ਼ ’ਚ ਭਵਿੱਖ ਬਣਾਉਣ ਦੀ ਬਜਾਏ ਅੱਜ ਸਾਡੇ ਨੌਜਵਾਨ ਕਿਸੇ ਵੀ ਤਰ੍ਹਾਂ ਵਿਦੇਸ਼ਾਂ ’ਚ ਪਹੁੰਚ ਕੇ ਵੱਧ ਧਨ ਕਮਾਉਣ ਦੇ ਜਨੂੰਨ ’ਚ ਧੋਖੇ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦੀਆਂ ਇਸ ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ - 

* 4 ਸਤੰਬਰ ਨੂੰ ਗੋਰਖਪੁਰ ਜ਼ਿਲ੍ਹੇ ਦੇ ਕੈਂਟ ਇਲਾਕੇ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਜਾਅਲਸਾਜ਼ੀ ਕਰ ਕੇ 30 ਵਿਅਕਤੀਆਂ ਨੂੰ ਠੱਗਣ ਦੇ ਦੋਸ਼ ’ਚ ਇਕ ਬੋਗਸ ਟ੍ਰੈਵਲ ਏਜੰਸੀ ਦੇ ਸੰਚਾਲਕ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। 
* 14 ਸਤੰਬਰ ਨੂੰ ਸਹਾਰਨਪੁਰ ’ਚ ਗੰਗੋਹ ਇਲਾਕੇ ਦੇ ਇਕ ਵਿਅਕਤੀ ਨੇ 3 ਵਿਅਕਤੀਆਂ ’ਤੇ ਉਸ ਨੂੰ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 13 ਲੱਖ ਰੁਪਏ ਲੈਣ ਦੇ ਬਾਵਜੂਦ ਵਿਦੇਸ਼ ਨਾ ਭੇਜਣ ਅਤੇ ਪੈਸੇ ਨਾ ਮੋੜਨ ਦੇ ਦੋਸ਼ ’ਚ ਕੇਸ ਦਰਜ ਕਰਵਾਇਆ। 
* 22 ਸਤੰਬਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਵੱਖ-ਵੱਖ ਵਿਅਕਤੀਆਂ ਨਾਲ ਲੱਖਾਂ ਰੁਪਿਆਂ ਦੇ ਠੱਗੀ ਦੇ ਦੋਸ਼ ’ਚ ਭਗੌੜੇ ਜੋੜੇ ਨੂੰ ਯਮੁਨਾਨਗਰ ਪੁਲਸ ਨੇ 4 ਸਾਲ ਬਾਅਦ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ। ਦੋਸ਼ੀ ਜੋੜੇ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 19 ਲੱਖ ਰੁਪਏ ਬਟੋਰੇ ਸਨ। 
* 24 ਸਤੰਬਰ ਨੂੰ ਕੈਥਲ ਨਿਵਾਸੀ ਮੁਟਿਆਰ ਨੇ ਇਕ ਜੋੜੇ ’ਤੇ ਉਸ ਨੂੰ, ਉਸ ਦੇ ਭਰਾ ਅਤੇ ਦੋ ਹੋਰਨਾਂ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲਗਭਗ 14 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਸਿਵਲ ਲਾਈਨਜ਼ ਥਾਣੇ ’ਚ ਰਿਪੋਰਟ ਲਿਖਵਾਈ।  
* 25 ਸਤੰਬਰ ਨੂੰ ਜਲੰਧਰ ’ਚ ਇਕ ਟ੍ਰੈਵਲ ਏਜੰਟ ਨੇ ਵਿਦੇਸ਼ ਭੇਜਣ ਦਾ ਸਬਜ਼ਬਾਗ ਦਿਖਾ ਕੇ ਇਕ ਨੌਜਵਾਨ ਨਾਲ 6.50 ਲੱਖ ਰੁਪਏ ਦੀ ਠੱਗੀ ਮਾਰ ਲਈ। ਟ੍ਰੈਵਲ ਏਜੰਟ ਨੇ ਨਾ ਉਸ ਦਾ ਪਾਸਪੋਰਟ ਅਤੇ ਪੈਸੇ ਮੋੜੇ ਤੇ ਨਾ ਹੀ ਵਿਦੇਸ਼ ਭੇਜਿਆ। 
* 25 ਸਤੰਬਰ ਨੂੰ ਹੀ ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਮਲੇਸ਼ੀਆ ਭੇਜਣ ਦੇ ਨਾਂ ’ਤੇ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ। 
* 26 ਸਤੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਪਿੰਡ ਦੇ ਇਕ ਵਿਅਕਤੀ ਨੇ ਦੋਸ਼ ਲਾਇਆ ਕਿ 4 ਮਹੀਨੇ ਪਹਿਲਾਂ ਇਕ ਟ੍ਰੈਵਲ ਏਜੰਟ ਨੇ ਉਸ ਦੀ ਪਤਨੀ ਨੂੰ ਦੁਬਈ ’ਚ ਰਹਿਣ ਵਾਲੇ ਇਕ ਪੰਜਾਬੀ ਪਰਿਵਾਰ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਓਮਾਨ ਭੇਜ ਦਿੱਤਾ, ਜਿੱਥੇ ਉਸ ਦੀ ਹਾਲਤ ਕਾਫੀ ਖਰਾਬ ਹੈ। ਓਮਾਨ ਦਾ ਏਜੰਟ ਰੋਜ਼ਾਨਾ ਉਸ ਦੀ ਪਤਨੀ ਨਾਲ ਕੁੱਟ-ਮਾਰ ਕਰਦਾ ਹੈ, ਜਿਸ ਨਾਲ ਉਸ ਦੇ ਪੈਰ ਅਤੇ ਸਿਰ ’ਚ ਸੱਟ ਵੀ ਲੱਗੀ ਹੈ। ਏਜੰਟ ਉਸ ਨੂੰ ਵਾਪਸ ਭੇਜਣ ਦੇ ਲਈ 3 ਲੱਖ ਰੁਪਏ ਮੰਗ ਰਿਹਾ ਹੈ, ਜਦਕਿ ਇੱਥੋਂ ਦਾ ਏਜੰਟ ਉਸ ਦੀ ਸਹਾਇਤਾ ਨਹੀਂ ਕਰ ਰਿਹਾ।
* 26 ਸਤੰਬਰ ਨੂੰ ਹੀ ਇੰਗਲੈਂਡ ’ਚ ਨੌਕਰੀ ਦੀ ਚਾਹਵਾਨ ਇਕ ਔਰਤ ਦੀ ਸ਼ਿਕਾਇਤ ’ਤੇ ਥਾਣਾ ਜਮਾਲਪੁਰ ਦੀ ਪੁਲਸ ਨੇ 3 ਵਿਅਕਤੀਆਂ ਵਿਰੁੱਧ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 14 ਲੱਖ ਰੁਪਏ ਬਟੋਰਨ ਦੇ ਦੋਸ਼ ’ਚ ਕੇਸ ਦਰਜ ਕੀਤਾ। ਪੀੜਤਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਜਦੋਂ ਉਸ ਨੇ ਦੋਸ਼ੀਆਂ ਕੋਲੋਂ ਆਪਣੀ ਰਕਮ ਮੰਗੀ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਧਮਕੀਆਂ ਦੇਣ ਲੱਗੇ। 
* 28 ਸਤੰਬਰ ਨੂੰ ਬਿਹਾਰ ’ਚ ਗੋਪਾਲਗੰਜ ਦੇ ਮੀਰਪੁਰ ’ਚ ਨਕਲੀ ਟ੍ਰੈਵਲ ਏਜੰਸੀ ਖੋਲ੍ਹ ਕੇ ਵੱਖ-ਵੱਖ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਉੱਥੇ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲਗਭਗ 60 ਲੱਖ ਰੁਪਏ ਬਟੋਰ ਲੈਣ ਵਾਲੀ ਮਧੂ ਕੁਮਾਰੀ ਉਰਫ ਨਿਸ਼ਾ ਨਾਂ ਦੀ ਮੁਟਿਆਰ ਦੀਆਂ ਕਰਤੂਤਾਂ ਦਾ ਖੁਲਾਸਾ ਹੋਇਆ। ਮੁਟਿਆਰ ਨੇ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਦਫ਼ਤਰ ’ਚ ਵੀਜ਼ਾ ਲੈਣ ਲਈ ਸੱਦਿਆ ਅਤੇ ਖੁਦ ਗਾਇਬ ਹੋ ਗਈ। 
* 28 ਸਤੰਬਰ ਨੂੰ ਹੀ ਥਾਣਾ ਤ੍ਰਿਪੜੀ ਦੀ ਪੁਲਸ ਨੇ 2 ਸਕੇ ਭਰਾਵਾਂ ਸਮੇਤ 6 ਟ੍ਰੈਵਲ ਏਜੰਟਾਂ ਦੇ ਵਿਰੁੱਧ ਕੇਸ ਦਰਜ ਕਰਵਾਇਆ, ਜਿਨ੍ਹਾਂ ਨੇ ਰੋਜ਼ਗਾਰ ਦੇ ਲਈ ਵਿਦੇਸ਼ ਜਾਣ ਦੇ ਚਾਹਵਾਨ ਉਸ ਦੇ ਪੁੱਤਰ ਨੂੰ 12.20 ਲੱਖ ਰੁਪਏ ਲੈ ਕੇ ਪੁਰਤਗਾਲ ਪਹੁੰਚਾਉਣ ਦੀ ਬਜਾਏ ਗਰੀਸ ਲਿਜਾ ਕੇ ਛੱਡ ਦਿੱਤਾ ਅਤੇ ਉਸ ਦੇ ਕਾਗਜ਼ਾਤ ਵੀ ਖੋਹ ਲਏ। 
* 28 ਸਤੰਬਰ ਨੂੰ ਹੀ ਥਾਣਾ ਕੱਥੂਨੰਗਲ ਦੀ ਪੁਲਸ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਕੋਲੋਂ 12.35 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਇਕ ਔਰਤ ਸਮੇਤ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ। 
* 28 ਸਤੰਬਰ ਨੂੰ ਹੀ ਥਾਣਾ ਸਿਟੀ ਜਗਰਾਓਂ ਦੀ ਪੁਲਸ ਨੇ ਇਕ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਵਿਆਹ ਕਰ ਕੇ ਉਸ ਨੂੰ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਉਸ ਦੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਮੁਟਿਆਰ ਅਤੇ ਉਸ ਦੇ 4 ਸਾਥੀਆਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ। 

ਇਹ ਤਾਂ ਉਹ ਕੁਝ ਮਾਮਲੇ ਹਨ, ਜੋ ਅਖਬਾਰਾਂ ’ਚ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਤੋਂ ਇਲਾਵਾ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਣਗੇ ਜਿਨ੍ਹਾਂ ਦੀ ਰਿਪੋਰਟ ਤੱਕ ਦਰਜ ਨਹੀਂ ਹੋਈ ਹੋਵੇਗੀ। ਇਸ ਸਬੰਧ ’ਚ ਇਕ ਜਾਣਕਾਰ ਨੇ ਦੱਸਿਆ ਕਿ ਕੁਝ ਧੋਖੇਬਾਜ਼ ਟ੍ਰੈਵਲ ਏਜੰਟ ਵਿਸ਼ੇਸ਼ ਤੌਰ ’ਤੇ ਮੁਟਿਆਰਾਂ ਨੂੰ ਇਹ ਕਹਿ ਕੇ ਸਾਈਪ੍ਰਸ ਲੈ ਜਾਂਦੇ ਹਨ ਕਿ ਉੱਥੋਂ ਉਨ੍ਹਾਂ ਦਾ ਵੀਜ਼ਾ ਆਸਾਨੀ ਨਾਲ ਕਿਸੇ ਵੱਡੇ ਦੇਸ਼ ਦਾ ਲਗਵਾ ਦੇਣਗੇ ਪਰ ਉੱਥੇ ਲਿਜਾ ਕੇ ਉਨ੍ਹਾਂ ਨੂੰ ਕਿਸੇ ਦੂਜੇ ਦੇਸ਼ ’ਚ ਭੇਜਣ ਦੀ ਬਜਾਏ ਦੇਹ ਵਪਾਰ ’ਚ ਧੱਕ ਕੇ ਉਨ੍ਹਾਂ ਦੀ ਜ਼ਿੰਦਗੀ ਨਸ਼ਟ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਹਾਲਾਤ ’ਚ ਚੰਗਾ ਇਹ ਹੋਵੇਗਾ ਕਿ ਸਾਡੇ ਨੌਜਵਾਨ ਵਿਦੇਸ਼ ਜਾਣ ਦੇ ਮੋਹ ’ਚ ਬਿਨਾਂ ਪੂਰੀ ਤਰ੍ਹਾਂ ਜਾਂਚ-ਪੜਤਾਲ ਕੀਤੇ ਕਿਸੇ ਟ੍ਰੈਵਲ ਏਜੰਟ ਦੇ ਜਾਲ ’ਚ ਨਾ ਫਸਣ, ਜਿਸ ਨਾਲ ਉਹ ਜ਼ਿੰਦਗੀ ਭਰ ਲਈ ਆਪਣੀ ਗਲਤੀ ’ਤੇ ਹੱਥ ਮਲਦੇ ਰਹਿ ਜਾਣ।

-ਵਿਜੇ ਕੁਮਾਰ


Mukesh

Content Editor

Related News