ਜਾਅਲੀ ਕਰੰਸੀ ਛਾਪਣ ਵਾਲੇ ਹੁਣ ਵਿਦੇਸ਼ਾਂ ਤੋਂ ਕਾਗਜ਼ ਤੇ ਸਿਆਹੀ ਆਦਿ ਮੰਗਵਾਉਣ ਲੱਗੇ

12/06/2023 4:21:56 AM

ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ, 2016 ਨੂੰ 500 ਅਤੇ 1000 ਰੁਪਏ ਦੇ ਪ੍ਰਚਲਿਤ ਕਰੰਸੀ ਨੋਟ ਬੰਦ ਕਰ ਕੇ 500 ਅਤੇ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ ਪਰ ਇਹ ਬੁਰਾਈ ਅਜੇ ਵੀ ਜਾਰੀ ਹੈ।

* 6 ਅਗਸਤ ਨੂੰ ਗੁਹਾਟੀ (ਆਸਾਮ) ਪੁਲਸ ਨੇ ਨਕਲੀ ਨੋਟਾਂ ਦਾ ਧੰਦਾ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 10 ਲੱਖ ਰੁਪਏ ਮੁੱਲ ਦੀ ਨਕਲੀ ਕਰੰਸੀ ਤੋਂ ਇਲਾਵਾ ਪ੍ਰਿੰਟਰ ਅਤੇ ਸ਼ੱਕੀ ਸਮੱਗਰੀ ਜ਼ਬਤ ਕੀਤੀ।

* 24 ਅਗਸਤ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਪੁਲਸ ਨੇ ਨਕਲੀ ਨੋਟ ਛਾਪਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕਰ ਕੇ 10,20,50,100 ਅਤੇ 200 ਰੁਪਏ ਵਾਲੇ ਨੋਟਾਂ ਦੇ ਰੂਪ ’ਚ ਕੁੱਲ 11,110 ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ।

* 6 ਸਤੰਬਰ ਨੂੰ ਮੁਰੈਨਾ (ਮੱਧ ਪ੍ਰਦੇਸ਼) ਦੇ ਵੀਰਮਪੁਰਾ ’ਚ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਤੋਂ ਪ੍ਰਿੰਟਰ ਅਤੇ ਹੋਰ ਸਮੱਗਰੀ ਦੇ ਨਾਲ 28 ਹਜ਼ਾਰ ਰੁਪਏ ਤੋਂ ਵੱਧ ਦੀ ਨਕਲੀ ਕਰੰਸੀ ਫੜੀ।

* 6 ਅਕਤੂਬਰ ਨੂੰ ਦਿੱਲੀ ਪੁਲਸ ਨੇ ਨਕਲੀ ਕਰੰਸੀ ਦਾ ਧੰਦਾ ਚਲਾਉਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 19.74 ਲੱਖ ਰੁਪਏ ਤੋਂ ਵੱਧ ਦੇ ਨਕਲੀ ਨੋਟ ਬਰਾਮਦ ਕੀਤੇ।

* 6 ਨਵੰਬਰ ਨੂੰ ਗਯਾ (ਬਿਹਾਰ) ’ਚ 2 ਲੋਕਾਂ ਦੇ ਕਬਜ਼ੇ ’ਚੋਂ 63,000 ਰੁਪਏ ਮੁੱਲ ਦੇ 100-100 ਰੁਪਏ ਦੇ ਨਕਲੀ ਨੋਟ ਫੜੇ ਗਏ।

* 10 ਨਵੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ’ਚ ਜਾਅਲੀ ਨੋਟ ਸਪਲਾਈ ਕਰਨ ਵਾਲੇ 2 ਨੌਸਰਬਾਜ਼ਾਂ ਕੋਲੋਂ 100 ਰੁਪਏ ਮੁੱਲ ਵਾਲੇ 49 ਜਾਅਲੀ ਨੋਟ ਬਰਾਮਦ ਕੀਤੇ ਗਏ।

* 1 ਦਸੰਬਰ ਨੂੰ ਗੁਹਾਟੀ ’ਚ ਇਕ ਆਪ੍ਰੇਸ਼ਨ ਦੇ ਦੌਰਾਨ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 32,000 ਰੁਪਏ ਮੁੱਲ ਦੇ ਜਾਅਲੀ ਨੋਟ ਬਰਾਮਦ ਕੀਤੇ।

ਹਾਲ ਹੀ ’ਚ ਰਾਸ਼ਟਰੀ ਜਾਂਚ ਏਜੰਸੀ ਨੇ ਉੱਤਰ ਪ੍ਰਦੇਸ਼, ਕਰਨਾਟਕ, ਬਿਹਾਰ ਅਤੇ ਮਹਾਰਾਸ਼ਟਰ ’ਚ ਨਕਲੀ ਭਾਰਤੀ ਕਰੰਸੀ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਵੱਡੀ ਗਿਣਤੀ ’ਚ ਨਕਲੀ ਨੋਟ, ਨਕਲੀ ਨੋਟ ਛਾਪਣ ਵਾਲੇ ਕਾਗਜ਼, ਪ੍ਰਿੰਟਰ ਅਤੇ ਡਿਜੀਟਲ ਗੈਜੇਟ ਆਦਿ ਜ਼ਬਤ ਕੀਤੇ ਹਨ।

ਛਾਪਿਆਂ ਦੌਰਾਨ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਇਕ ਦੋਸ਼ੀ ਸਰਹੱਦੀ ਦੇਸ਼ਾਂ ਕੋਲੋਂ ਨਕਲੀ ਨੋਟ ਅਤੇ ਇਨ੍ਹਾਂ ਦੀ ਛਪਾਈ ਦਾ ਸਾਮਾਨ ਖਰੀਦਦਾ ਸੀ।

ਜਾਅਲੀ ਕਰੰਸੀ ਦੇਸ਼ ਦੀ ਅਰਥਵਿਵਸਥਾ ਨੂੰ ਭਾਰੀ ਸੱਟ ਮਾਰਦੀ ਹੈ। ਇਸ ਲਈ ਇਸ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ’ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

- ਵਿਜੇ ਕੁਮਾਰ


Anmol Tagra

Content Editor

Related News