ਸੰਘ ਵਲੋਂ 5ਜੀ ਪ੍ਰੀਖਣ ’ਚ ਚੀਨੀ ਕੰਪਨੀ ਨੂੰ ਸ਼ਾਮਲ ਕਰਨ ਦਾ ਵਿਰੋਧ

01/02/2020 1:23:44 AM

ਚੀਨ ਸ਼ੁਰੂ ਤੋਂ ਹੀ ਭਾਰਤ ਦਾ ਸਖਤ ਵਪਾਰਕ ਵਿਰੋਧੀ ਰਿਹਾ ਹੈ। ਘਟੀਆ ਸਸਤੀਆਂ ਵਸਤਾਂ ਬਰਾਮਦ ਕਰ ਕੇ ਜਿਥੇ ਇਸ ਨੇ ਭਾਰਤ ਦੇ ਲਘੂ ਉਦਯੋਗਾਂ ਨੂੰ ਤਬਾਹ ਕਰ ਦਿੱਤਾ ਹੈ, ਉਥੇ ਹੀ ਚੀਨੀ ਕੰਪਨੀਆਂ ਸ਼ੁਰੂ ਤੋਂ ਹੀ ਹਰ ਮਾਮਲੇ ’ਚ ਭਾਰਤ ’ਤੇ ਆਪਣਾ ਦਬਦਬਾ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਹਨ।

ਇਸੇ ਸਿਲਸਿਲੇ ’ਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਅਧੀਨ ਕੰਮ ਕਰ ਰਹੇ ਭਾਰਤ ਦੇ ਦੂਰਸੰਚਾਰ ਵਿਭਾਗ (ਡਾਟ) ਨੇ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜਿਨ੍ਹਾਂ ਕੰਪਨੀਆਂ ਨੂੰ ਸੁਪਰਫਾਸਟ 5ਜੀ ਨੈੱਟਵਰਕ ਤਕਨੀਕ ਲਈ ਪ੍ਰੀਖਣ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ, ਉਨ੍ਹਾਂ ’ਚ ਚੀਨ ਦੀ ਚਰਚਿਤ ਦੂਰਸੰਚਾਰ ਨੈੱਟਵਰਕ ਉਪਕਰਨ ਨਿਰਮਾਤਾ ਕੰਪਨੀ ‘ਹੁਵਾਵੇਈ’ ਵੀ ਸ਼ਾਮਲ ਹੈ।

ਹਾਲਾਂਕਿ ਇਹ ਇਜਾਜ਼ਤ ਦੇਣ ਲਈ ‘ਹੁਵਾਵੇਈ’ ਕੰਪਨੀ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਪਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੋਹਰੀ ਸੰਗਠਨ ‘ਸਵਦੇਸ਼ੀ ਜਾਗਰਣ ਮੰਚ’ ਨੇ ਇਸ ’ਤੇ ਆਪਣਾ ਰੋਸ ਜ਼ਾਹਿਰ ਕੀਤਾ ਹੈ।

ਮੰਚ ਨੇ ਇਸ ਦੇ ਵਿਰੁੱਧ ਚਿਤਾਵਨੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੇਸ਼ ’ਚ ‘ਹੁਵਾਵੇਈ’ ਅਤੇ ਹੋਰ ਚੀਨੀ ਕੰਪਨੀਆਂ ਨੂੰ 5ਜੀ ਦੇ ਪ੍ਰੀਖਣ ਕਰਨ ਅਤੇ ਭਾਰਤੀ ਬਾਜ਼ਾਰਾਂ ’ਚ ਇਨ੍ਹਾਂ ਦੀਆਂ ਸਰਗਰਮੀਆਂ ਨੂੰ ਰੋਕਣ ਦੀ ਅਪੀਲ ਕੀਤੀ ਹੈ।

‘ਮੰਚ’ ਨੇ ਕਿਹਾ ਹੈ ਕਿ ‘ਹੁਵਾਵੇਈ’ ਸਮੇਤ ਚੀਨੀ ਕੰਪਨੀਆਂ ਦੀ ਮੌਜੂਦਗੀ ਨਾਲ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਸੇਕ ਲੱਗੇਗਾ। ਲਿਹਾਜ਼ਾ ‘ਹੁਵਾਵੇਈ’ ਦੀ ਜਗ੍ਹਾ ਸਰਕਾਰ ਨੂੰ ਸਵਦੇਸ਼ੀ ਕੰਪਨੀਆਂ ਨੂੰ ਸੁਰੱਖਿਆ ਅਤੇ ਉਤਸ਼ਾਹ ਦੇਣਾ ਚਾਹੀਦਾ ਹੈ।

ਮੰਚ ਦੇ ਕੋ-ਕਨਵੀਨਰ ਅਸ਼ਵਨੀ ਮਹਾਜਨ ਅਨੁਸਾਰ, ‘‘ਦੂਰਸੰਚਾਰ ਦੇ ਖੇਤਰ ’ਚ 5ਜੀ ਅਤੇ 6ਜੀ ਦੇ ਆਉਣ ਨਾਲ ਭਾਰਤ ਦੀ ਟੈਕਨਾਲੋਜੀ ਦਾ ਪੱਧਰ ਉੱਨਤ ਹੋਵੇਗਾ ਪਰ ਇਸ ਦੇ ਲਈ ਰਾਸ਼ਟਰੀ ਸੁਰੱਖਿਆ ਅਤੇ ਲੋਕਾਂ ਦੀ ਨਿੱਜਤਾ ਦੀ ਵੀ ਸਾਨੂੰ ਚਿੰਤਾ ਹੈ। ’’

ਸ਼੍ਰੀ ਮਹਾਜਨ ਨੇ ਇਹ ਵੀ ਲਿਖਿਆ ਹੈ ਕਿ 5ਜੀ ਅਤੇ 6ਜੀ ਨੂੰ ਲੈ ਕੇ ਭਾਰਤ ’ਚ ਅਫਸਰਸ਼ਾਹੀ ਦੇ ਇਕ ਵਰਗ ਵਲੋਂ ਜਾਣਬੁੱਝ ਕੇ ਭਰਮ ਫੈਲਾਇਆ ਜਾ ਰਿਹਾ ਹੈ ਕਿ ਭਾਰਤ ਕੋਲ ਇਸ ਦੇ ਲਈ ਜ਼ਰੂਰੀ ਪ੍ਰਤਿਭਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕੰਪਨੀਆਂ ਇਸ ’ਚ ਮੁਕੰਮਲ ਤੌਰ ’ਤੇ ਸਮਰੱਥ ਹਨ। ਲਿਹਾਜ਼ਾ ਸਰਕਾਰ ਵਲੋਂ ਇਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

‘ਹੁਵਾਵੇਈ’ ਉਹੀ ਕੰਪਨੀ ਹੈ, ਜਿਸ ’ਤੇ ਪਹਿਲਾਂ ਹੀ ਜਾਸੂਸੀ ਕਰਨ ਦਾ ਦੋਸ਼ ਲਾਉਂਦੇ ਹੋਏ ‘ਰਾਸ਼ਟਰੀ ਸੁਰੱਖਿਆ ਸਬੰਧੀ ਕਾਰਣਾਂ ਦੇ ਆਧਾਰ ’ਤੇ ਵਪਾਰ ਕਰਨ ’ਤੇ ਅਮਰੀਕਾ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ। ਲਿਹਾਜ਼ਾ ਭਾਰਤ ਸਰਕਾਰ ਨੂੰ ਵੀ ਇਸ ਮਾਮਲੇ ’ਚ ‘ਸਵਦੇਸ਼ੀ ਜਾਗਰਣ ਮੰਚ’ ਲਈ ਚਿਤਾਵਨੀ ’ਤੇ ਧਿਆਨ ਦਿੰਦੇ ਹੋਏ ਆਪਣੇ ਇਸ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

–ਵਿਜੇ ਕੁਮਾਰ\\\


Bharat Thapa

Content Editor

Related News