ਦੇਸ਼ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ

04/27/2023 2:43:28 AM

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਪਰਿਵਾਰ ਦਾ ਬਹੁਤ ਪੁਰਾਣਾ ਸਬੰਧ ਰਿਹਾ। ਜਲੰਧਰ ਆਉਣ ’ਤੇ ਉਹ ਸਾਨੂੰ ਮਿਲਣ ਜ਼ਰੂਰ ਆਉਂਦੇ ਸਨ। ਹਿੰਦ ਸਮਾਚਾਰ ਸਮੂਹ ਵੱਲੋਂ ਸੰਚਾਲਿਤ ‘ਸ਼ਹੀਦ ਪਰਿਵਾਰ ਫੰਡ’ ਵੰਡ ਦੇ ਕਈ ਸਮਾਰੋਹਾਂ ’ਚ ਅਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀਆਂ ਬੈਠਕਾਂ ’ਚ ਅਤੇ ਸ਼ੋਭਾ ਯਾਤਰਾਵਾਂ ’ਚ ਵੀ ਉਹ ਲਗਾਤਾਰ ਆਉਂਦੇ ਰਹੇ।

ਜਦੋਂ ਅਸੀਂ ਸੂਰਾਨੁੱਸੀ ’ਚ ਆਪਣੀ ਨਵੀਂ ਪ੍ਰੈੱਸ ’ਚ ਹੀਟਸੈੱਟ ਮਸ਼ੀਨ ਲਗਾਈ ਤਾਂ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਗੁਜਰਾਲ ਵੱਲੋਂ ਮਸ਼ੀਨ ਦੇ ਉਦਘਾਟਨ ਦੇ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਧਰਮਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਬਾਦਲ ਨਾਲ ਪਧਾਰੇ ਸਨ।

ਸ. ਪ੍ਰਕਾਸ਼ ਸਿੰਘ ਬਾਦਲ ਦੇ ਮਨ ’ਚ ਪੰਜਾਬ ’ਚ ਅੱਤਵਾਦ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਡੂੰਘਾ ਦਰਦ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਪੰਜਾਬ ’ਚ ਮਰਨ ਵਾਲੇ 25,000 ਲੋਕਾਂ ’ਚੋਂ 17000 ਭਾਵ 70 ਫੀਸਦੀ ਸਿੱਖ ਹੀ ਹਨ।

1990 ਦੇ ਦਹਾਕੇ ’ਚ ਜਦੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਗਠਜੋੜ ਦੀ ਚਰਚਾ ਚੱਲ ਰਹੀ ਸੀ, ਸਵ. ਅਟਲ ਬਿਹਾਰੀ ਵਾਜਪਾਈ ਅਤੇ ਮਦਨ ਲਾਲ ਖੁਰਾਨਾ ‘ਹਿੰਦ ਸਮਾਚਾਰ ਭਵਨ’ ’ਚ ਨਾਸ਼ਤੇ ’ਤੇ ਆਏ ਸਨ।

ਇਸ ’ਚ ਹਿੰਦੂ-ਸਿੱਖ ਖੁਸ਼ਹਾਲੀ ਅਤੇ ਸਾਂਝੀ ਸਰਕਾਰ ’ਤੇ ਫ਼ੈਸਲਾ ਕਰ ਕੇ ਭਾਜਪਾ ਦੇ ਨਾਲ ਗਠਜੋੜ ਨੂੰ ਅੰਜਾਮ ਦਿੱਤਾ ਗਿਆ। ਇਹ ਗਠਜੋੜ ਪੰਜਾਬ ’ਚ ਭਾਈਚਾਰੇ ਦੇ ਮਾਹੌਲ ਨੂੰ ਵਾਪਸ ਲਿਆਉਣ ’ਚ ਸਫਲ ਰਿਹਾ।

ਇਸ ਗਠਜੋੜ ਨੂੰ 3 ਵਾਰ ਵੋਟਰਾਂ ਦੀ ਹਮਾਇਤ ਮਿਲੀ ਅਤੇ ਗਠਜੋੜ ਸਰਕਾਰ ਆਪਣਾ ਹਰ ਕਾਰਜਕਾਲ ਪੂਰਾ ਕਰਨ ’ਚ ਸਫਲ ਰਹੀ। ਅਖੀਰ 27 ਸਤੰਬਰ, 2020 ਨੂੰ ‘ਕਿਸਾਨ ਅੰਦੋਲਨ’ ਨੂੰ ਲੈ ਕੇ ਇਹ ਗਠਜੋੜ ਟੁੱਟਾ।

ਹਾਲਾਂਕਿ ਸ. ਬਾਦਲ ਦੇ ਸਿਆਸੀ ਕਰੀਅਰ ’ਚ ਇਕ ਦੌਰ ਅਜਿਹਾ ਵੀ ਆਇਆ ਸੀ ਜਦੋਂ 27 ਫਰਵਰੀ, 1984 ਨੂੰ ਉਨ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਕਾਪੀ ਨੂੰ ਸਾੜਿਆ ਪਰ ਬਾਅਦ ’ਚ ਉਨ੍ਹਾਂ ਆਪਣੇ ਇਸ ਕਾਰੇ ’ਤੇ ਅਫਸੋਸ ਪ੍ਰਗਟਾਇਆ ਸੀ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਅਜਿਹਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ 5 ਅਕਾਲੀ ਨੇਤਾਵਾਂ ਦਾ ਫੈਸਲਾ ਸੀ ਪਰ ਜਦੋਂ ਉਹ ਨਹੀਂ ਆਏ ਤਾਂ ਮੈਂ ਅਜਿਹਾ ਕਰ ਿਦੱਤਾ।

ਇਕ ਵਾਰ ਜਦੋਂ ਉਹ ਜਲੰਧਰ ਆਏ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਸੂਬੇ ’ਚ ਕਿਤੇ ਜਾਂਦੇ ਸਮੇਂ ਉਹ ਰਸਤੇ ’ਚ ਕਿਸੇ ਇਕ ਸਰਕਾਰੀ ਸਕੂਲ, ਹਸਪਤਾਲ ਜਾਂ ਦਫਤਰ ’ਚ ਬਿਨਾਂ ਪਹਿਲਾਂ ਤੋਂ ਦਿੱਤੀ ਸੂਚਨਾ ਦੇ ਅਚਾਨਕ ਪੁੱਜਣ ਅਤੇ ਜਾਂਚ ਕਰਨ। ਇਸ ਦੇ ਬਾਅਦ ਉਨ੍ਹਾਂ ਤਤਕਾਲੀਨ ਸਿੱਖਿਆ ਮੰਤਰੀ ਸ਼੍ਰੀ ਚੀਮਾ ਨੂੰ ਸਕੂਲਾਂ ਦੇ ਅਚਾਨਕ ਨਿਰੀਖਣ ਦਾ ਹੁਕਮ ਦਿੱਤਾ ਅਤੇ ਸ਼੍ਰੀ ਚੀਮਾ ਨੇ ਵਿਦੇਸ਼ਾਂ ’ਚ ਬੈਠੇ 1200 ਅਧਿਆਪਕਾਂ ਵਿਰੁੱਧ ਕਾਰਵਾਈ ਕਰ ਕੇ ਕਈ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕੀਤੀਆਂ। ਇਸੇ ਤਰ੍ਹਾਂ ਉਨ੍ਹਾਂ ਹਸਪਤਾਲਾਂ ਦੀ ਚੈਕਿੰਗ ਕਰਵਾਈ ਜਿਸ ਦਾ ਲਾਭ ਵੀ ਹੋਇਆ।

ਮਧੁਰ ਭਾਸ਼ਾ ਅਤੇ ਸਮਝੌਤਾਵਾਦੀ ਸੁਭਾਅ ਦੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਕ ਖਾਸੀਅਤ ਸੀ ਉਨ੍ਹਾਂ ਦੀ ਸਹਿਣਸ਼ੀਲਤਾ। ਉਹ ਦੂਜਿਆਂ ਦੀ ਗੱਲ ਬੜੇ ਸੰਜਮ ਨਾਲ ਸੁਣਦੇ ਸਨ। ਉਹ ਗੁੱਸਾ ਨਹੀਂ ਕਰਦੇ, ਕਿਸੇ ਨੂੰ ਸਖਤ ਜਵਾਬ ਨਾ ਦਿੰਦੇ ਅਤੇ ਹਰ ਕਿਸੇ ਨਾਲ ਬਣਾ ਕੇ ਰੱਖਦੇ ਸਨ ਅਤੇ ਸਵੇਰੇ 6-7 ਵਜੇ ਹੀ ਦੌਰੇ ’ਤੇ ਨਿਕਲ ਜਾਂਦੇ।

25 ਅਪ੍ਰੈਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਸ਼ਾਮ 7.42 ਵਜੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਉਨ੍ਹਾਂ ਦੇ 75 ਸਾਲ ਲੰਬੇ ਸਿਆਸੀ ਕਰੀਅਰ ਦਾ ਅੰਤ ਹੋ ਗਿਆ ਜਿਸ ਦੀ ਸ਼ੁਰੂਆਤ 20 ਸਾਲ ਦੀ ਛੋਟੀ ਉਮਰ ’ਚ ‘ਬਾਦਲ’ ਪਿੰਡ ਦਾ ਸਰਪੰਚ ਚੁਣੇ ਜਾਣ ਨਾਲ ਹੋਈ ਸੀ। ਉਸ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਢਿੱਲੋਂ ਨੇ ਆਪਣੇ ਨਾਂ ਦੇ ਨਾਲ ‘ਬਾਦਲ’ ਸ਼ਬਦ ਜੋੜ ਲਿਆ ਸੀ।

ਦੇਸ਼ ਦੀ ਸਿਆਸਤ ’ਚ ਸਭ ਤੋਂ ਬਜ਼ੁਰਗ ਸਿਆਸਦਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ’ਚ ਆਪਣੇ 17 ਸਾਲ ਦੇ ਸ਼ਾਸਨ ਦੌਰਾਨ ਕਈ ਭਲਾਈ ਵਾਲੇ ਕੰਮ ਕੀਤੇ ਅਤੇ ਕਈ ਕੀਰਤੀਮਾਨ ਸਥਾਪਿਤ ਕੀਤੇ। ਜਨਤਾ ਨਾਲ ਸਿੱਧੇ ਜੁੜਾਅ ਲਈ ਉਨ੍ਹਾਂ ‘ਸੰਗਤ ਦਰਸ਼ਨ’ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਨੂੰ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੇ ਵੀ ਅਪਣਾਇਆ।

ਉਨ੍ਹਾਂ 1957 ਤੋਂ 2017 ਤੱਕ 10 ਵਾਰ ਪੰਜਾਬ ਵਿਧਾਨ ਸਭਾ ’ਚ ‘ਲੰਬੀ’ ਵਿਧਾਨ ਸਭਾ ਖੇਤਰ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਹ ਕੇਂਦਰ ਸਰਕਾਰ ’ਚ ਮੰਤਰੀ ਵੀ ਰਹੇ ਪਰ 2022 ’ਚ 94 ਸਾਲ ਦੀ ਉਮਰ ’ਚ ਆਪਣੀ ਆਖਰੀ ਚੋਣ ’ਚ ਉਨ੍ਹਾਂ ਨੂੰ ਹਾਰ ਝੱਲਣੀ ਪਈ।

1996 ’ਚ ‘ਪੰਜਾਬੀ ਅਤੇ ਪੰਜਾਬੀਅਤ’ ਦਾ ਨਾਅਰਾ ਦੇਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਦੀ ਵਿਦੇਸ਼ ’ਚ ਇਲਾਜ ਦੇ ਬਾਵਜੂਦ ਕੈਂਸਰ ਨਾਲ ਮੌਤ ਤੋਂ ਬਾਅਦ ਉਨ੍ਹਾਂ ਪੰਜਾਬ ’ਚ ਕੈਂਸਰ ਦੇ ਇਲਾਜ ਦੀ ਸ਼ੁਰੂਆਤ ਕਰਵਾਈ।

ਇਕ ਵਾਰ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਪਿੰਡ ਦੇ ਸਰਪੰਚ ਦੀ ਨਾਰਾਜ਼ਗੀ ਦਾ ਪਤਾ ਲੱਗਣ ’ਤੇ ਉਸ ਦੇ ਪਿੰਡ ਜਾ ਪੁੱਜੇ ਪਰ ਉਹ ਘਰੋਂ ਖਿਸਕ ਗਿਆ। ਸ. ਬਾਦਲ ਨੇ ਉਸ ਦੀ ਪਤਨੀ ਨੂੰ ਕਿਹਾ ਕਿ ਮੈਂ 5-6 ਸਾਲ ਪਹਿਲਾਂ ਤੁਹਾਡੇ ਘਰ ਸਵਾਦ ਪਰਾਂਠੇ ਖਾਦੇ ਸਨ ਅਤੇ ਉਸ ਦਿਨ ਵੀ ਉਨ੍ਹਾਂ ਉਸ ਦੀ ਪਤਨੀ ਕੋਲੋਂ ਪਰਾਂਠੇ ਬਣਵਾ ਕੇ ਖਾਦੇ। ਇਹ ਉਨ੍ਹਾਂ ਦੀ ਕਾਰਜਸ਼ੈਲੀ ਦਾ ਸਿਰਫ ਇਕ ਪ੍ਰਦਰਸ਼ਨ ਸੀ।

ਇਸ ਦੌਰਾਨ ਸ. ਬਾਦਲ ਉੱਥੇ ਆਏ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਲਝਾਉਂਦੇ ਰਹੇ। ਉਦੋਂ ਹੀ ਪਿੰਡ ਵਾਲੇ ਉਸ ਨਾਰਾ਼ਜ਼ ਸਰਪੰਚ ਨੂੰ ਵੀ ਲੱਭ ਕੇ ਲੈ ਆਏ ਅਤੇ ਸ. ਬਾਦਲ ਨੇ ਉਸ ਨੂੰ ਗਲੇ ਲਾ ਕੇ ਸਾਰੇ ਗਿਲੇ-ਸ਼ਿਕਵੇ ਦੂਰ ਕਰ ਦਿੱਤੇ।

ਆਪਣੀ ਪਾਰਟੀ ਦੇ ਨੇਤਾਵਾਂ ਦੇ ਨਾਲ ਹੀ ਨਹੀਂ, ਸਾਰੀਆਂ ਵਿਚਾਰਧਾਰਾਵਾਂ ਦੇ ਨੇਤਾਵਾਂ ਦੇ ਨਾਲ ਇਨ੍ਹਾਂ ਦੇ ਚੰਗੇ ਸਬੰਧ ਸਨ ਅਤੇ ਇਨ੍ਹਾਂ ਕਦੇ ਕੋਈ ਵਿਵਾਦਪੂਰਨ ਬਿਆਨ ਨਹੀਂ ਦਿੱਤਾ।

ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਫੈਸਲਾ ਵੀ ਉਨ੍ਹਾਂ ਹੀ ਪਹਿਲੀ ਵਾਰ 2007 ’ਚ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ, ਸ. ਜਥੇ. ਗੁਰਚਰਨ ਸਿੰਘ ਟੌਹੜਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਸਿਆਸਤ ’ਚ ਇਕ ਤ੍ਰਿਵੇਣੀ ਦੇ ਸਮਾਨ ਸਨ, ਜਿਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਸਿਆਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇਕ ਸ਼ਿਲਪਕਾਰ ਅਤੇ ਦੇਸ਼ ਨੇ ਇਕ ਅਜਿਹਾ ਤਾਲਮੇਲ ਕਰਨ ਵਾਲਾ ਨੇਤਾ ਗੁਆ ਦਿੱਤਾ ਹੈ ਜੋ ਦੇਸ਼ ਨੂੰ ਸ਼ਾਂਤੀ ਦੇ ਰਸਤੇ ’ਤੇ ਵਧਾਉਣ ਲਈ ਵੱਖ-ਵੱਖ ਵਿਚਾਰਧਾਰਾਵਾਂ ਦੇ ਨੇਤਾਵਾਂ ਦਰਮਿਆਨ ਇਕ ਪੁਲ਼ ਬਣਾਉਣ ’ਚ ਭਰੋਸਾ ਰੱਖਦਾ ਸੀ। ਸਵ. ਨੇਤਾ ਨੂੰ ਪੰਜਾਬ ਕੇਸਰੀ ਸਮੂਹ ਦੀ ਨਿਰਮਤਾ ਭਰੀ ਸ਼ਰਧਾਂਜਲੀ।

- ਵਿਜੇ ਕੁਮਾਰ


Anmol Tagra

Content Editor

Related News