ਭਾਰਤੀ ਕੁਸ਼ਤੀ ਮਹਾਸੰਘ ਦੇ ਅਧਿਕਾਰੀਆਂ ’ਤੇ ‘ਮਹਿਲਾ ਖਿਡਾਰਨਾਂ ਦੇ ਸੈਕਸ ਸ਼ੋਸ਼ਣ ਦਾ ਦੋਸ਼’

Friday, Jan 20, 2023 - 01:00 AM (IST)

ਭਾਰਤੀ ਕੁਸ਼ਤੀ ਮਹਾਸੰਘ ਦੇ ਅਧਿਕਾਰੀਆਂ ’ਤੇ ‘ਮਹਿਲਾ ਖਿਡਾਰਨਾਂ ਦੇ ਸੈਕਸ ਸ਼ੋਸ਼ਣ ਦਾ ਦੋਸ਼’

‘ਭਾਮੁਖੀ ਬ੍ਰਿਜਭੂਸ਼ਰਤੀ ਕੁਸ਼ਤੀ ਮਹਾਸੰਘ’ ਦੇ ਨ ਸ਼ਰਣ ਸਿੰਘ ਤੇ ਕੁਝ ਕੋਚਾਂ ’ਤੇ ਮਹਿਲਾ ਪਹਿਲਵਾਨਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ 30 ਤੋਂ ਵੱਧ ਮਹਿਲਾ ਤੇ ਮਰਦ ਪਹਿਲਵਾਨ 18 ਜਨਵਰੀ ਤੋਂ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ ਹਨ।

ਬ੍ਰਿਜਭੂਸ਼ਨ ਸ਼ਰਣ ਸਿੰਘ ਭਾਜਪਾ ਦੇ ਦਬੰਗ ਨੇਤਾਵਾਂ ’ਚ ਗਿਣੇ ਜਾਂਦੇ ਹਨ ਅਤੇ ਉਨ੍ਹਾਂ ’ਤੇ ਹੱਤਿਆ, ਸਾੜ-ਫੂਕ ਤੇ ਭੰਨ-ਤੋੜ ਕਰਨ ਦੇ ਵੀ ਦੋਸ਼ ਲੱਗ ਚੁੱਕੇ ਹਨ।

ਹੰਝੂ ਭਰੀਆਂ ਅੱਖਾਂ ਨਾਲ ਪ੍ਰੈੱਸ ਕਾਨਫਰੰਸ ’ਚ ਵਿਸ਼ਵ ਚੈਂਪੀਅਨ ਅਤੇ ਕਾਮਨਵੈਲਥ ਗੇਮਸ ਤਮਗਾ ਜੇਤੂ ਅਤੇ ਓਲੰਪੀਅਨ ਵਿਨੇਸ਼ ਫੋਗਾਟ ਨੇ ‘ਭਾਰਤੀ ਕੁਸ਼ਤੀ ਮਹਾਸੰਘ’ ਦੇ ਪ੍ਰਧਾਨ ਬ੍ਰਿਜਭੂਸ਼ਨ ਸਿੰਘ ਜੋ ਕੇਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਵੀ ਹਨ, ’ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ :

‘‘ਲਖਨਊ ’ਚ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਦੀ ਤਿਆਰੀ ਲਈ ਚੱਲਣ ਵਾਲੇ ਰਾਸ਼ਟਰੀ ਕੈਂਪ ’ਚ ਸ਼ਾਮਲ ਮਹਿਲਾ ਪਹਿਲਵਾਨਾਂ ਦਾ ਵਰ੍ਹਿਆਂ ਤੋਂ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹ ਲੜਕੀਆਂ ਭੈਅਭੀਤ ਹਨ, ਇਹ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਕਿਉਂਕਿ ਇਹ ਸ਼ਕਤੀਸ਼ਾਲੀ ਨਹੀਂ ਹਨ।’’

‘‘ਮੈਂ ਇੱਥੇ ਇਸ ਲਈ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਭਾਵੀ ਪੀੜ੍ਹੀਆਂ ਨੂੰ ਇਸ ਤਰ੍ਹਾਂ ਦੀ ਪੀੜਾ ਸਹਿਣੀ ਪਵੇ।’’

‘‘ਇਸ ਸ਼ੋਸ਼ਣ ’ਚ ਮਹਾਸੰਘ ਦੇ ਮੁੱਖ ਕੋਚ ਤੇ ਕੁਝ ਹੋਰ ਕੋਚ ਵੀ ਸ਼ਾਮਲ ਹਨ ਜੋ ਖੁਦ ਵੀ ਮਹਿਲਾ ਪਹਿਲਵਾਨਾਂ ਦਾ ਸੈਕਸ ਸ਼ੋਸ਼ਣ ਤੇ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ। ਇਨ੍ਹਾਂ ਦੀ ਮਾਰਫਤ ਹੀ ਮਹਿਲਾ ਪਹਿਲਵਾਨਾਂ ਨੂੰ ਬ੍ਰਿਜਭੂਸ਼ਨ ਦੇ ਕੋਲ ਭੇਜਿਆ ਜਾਂਦਾ ਹੈ।’’

‘‘ਮੈਂ ਅਜਿਹੀਆਂ ਮਹਿਲਾ ਪਹਿਲਵਾਨਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਮੈਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ (ਬ੍ਰਿਜਭੂਸ਼ਨ ਸ਼ਰਣ ਸਿੰਘ) ਵੱਲੋਂ ਸੈਕਸ ਸ਼ੋਸ਼ਣ ਦੇ ਬਾਰੇ ’ਚ ਦੱਸਿਆ ਹੈ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ’ਤੇ ਮੈਂ ਉਨ੍ਹਾਂ ਦੇ ਨਾਂ ਦੱਸਾਂਗੀ। ਧਰਨੇ ’ਤੇ ਬੈਠੀਆਂ ਇਕ-ਦੋ ਹੋਰ ਲੜਕੀਆਂ ਨਾਲ ਵੀ ਅਜਿਹਾ ਹੋਇਆ ਹੈ।’’

‘‘ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਨੇ ਸਾਡੇ ਕੋਲ ‘ਫਿਜ਼ੀਓ’ ਹੁੰਦਾ ਹੈ ਅਤੇ ਨਾ ਕੋਚ। ਜਦੋਂ ਅਸੀਂ ਇਸ ਬਾਰੇ ਅਾਵਾਜ਼ ਚੁੱਕੀ ਤਾਂ ਉਨ੍ਹਾਂ ਨੇ ਸਾਨੂੰ ਧਮਕਾਉਣਾ ਸ਼ੁਰੂ ਕਰ ਿਦੱਤਾ। ਉਹ ਸਾਡੀ ਨਿੱਜੀ ਜ਼ਿੰਦਗੀ ’ਚ ਦਖਲ ਦਿੰਦੇ ਹਨ ਅਤੇ ਸਭ ਕੁਝ ਜਾਣਨਾ ਚਾਹੁੰਦੇ ਹਨ।’’

ਵਿਨੇਸ਼ ਫੋਗਾਟ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕੁਸ਼ਤੀ ਸੰਘ ਦੇ ਪ੍ਰਧਾਨ ਤੰਗ-ਪ੍ਰੇਸ਼ਾਨ ਕਰ ਰਹੇ ਹਨ ਤੇ ਉਹ ਡਰ ਦੇ ਮਾਰੇ ਹੁਣ ਤੱਕ ਚੁੱਪ ਸਨ। ਟੋਕੀਓ ਓਲੰਪਿਕ ਤੋਂ ਪਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਥਿਆ ਸੁਣਾਉਣ ਤੋਂ ਬਾਅਦ ਤੋਂ ਉਨ੍ਹਾਂ ਨੂੰ ਹੋਰ ਵੱਧ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਵਿਨੇਸ਼ ਫੋਗਾਟ ਦੇ ਅਨੁਸਾਰ ਬ੍ਰਿਜਭੂਸ਼ਨ ਸ਼ਰਣ ਸਿੰਘ ਦੇ ਸਾਥੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਇੰਨਾ ਪ੍ਰੇਸ਼ਾਨ ਕੀਤਾ ਕਿ ਉਹ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗੀ ਸੀ।

ਮਹਿਲਾ ਪਹਿਲਵਾਨਾਂ ਦਾ ਕੈਂਪ ਹਮੇਸ਼ਾ ਲਖਨਊ ’ਚ ਹੀ ਲਗਾਉਣ ਦਾ ਕਾਰਨ ਦੱਸਦੇ ਹੋਏ ਵਿਨੇਸ਼ ਨੇ ਕਿਹਾ ਕਿ ਬ੍ਰਿਜਭੂਸ਼ਨ ਸ਼ਰਣ ਸਿੰਘ ਦਾ ਘਰ ਲਖਨਊ ’ਚ ਹੈ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਸਹੂਲਤ ਵਾਲਾ ਹੈ। ਅਸੀਂ ਇਸ ਵਿਸ਼ੇ ’ਚ ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਨੂੰ ਲਿਖਿਆ ਹੈ।

‘ਰਿਓ ਓਲੰਪਿਕ’, ਰਾਸ਼ਟਰਮੰਡਲ ਤੇ ਏਸ਼ੀਆਈ ਕੁਸ਼ਤੀ ਮੁਕਾਬਲਿਆਂ ’ਚ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਕਿਹਾ, ‘‘ਸਮਾਂ ਆਉਣ ’ਤੇ ਅਸੀਂ ਆਪਣਾ ਮੂੰਹ ਖੋਲਾਂਗੀਆਂ ਅਤੇ ਜਾਂਚ ਕਰਨ ਵਾਲਿਆਂ ਨੂੰ ਉਨ੍ਹਾਂ ਲੜਕੀਆਂ ਦਾ ਨਾਂ ਦੱਸਾਂਗੀਆਂ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਹੈ।’’

‘‘ਅਸੀਂ ਇਨ੍ਹਾਂ ਦੀ ਰੱਖਿਆ ਲਈ ਅੱਗੇ ਆਈਆਂ ਹਾਂ। ਪੂਰੇ ਮਹਾਸੰਘ ਨੂੰ ਹੀ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਪਹਿਲਵਾਨਾਂ ਦਾ ਭਵਿੱਖ ਸੁਰੱਖਿਅਤ ਰਹੇ।
ਟੋਕੀਓ ਓਲੰਪਿਕ ਤੇ ਰਾਸ਼ਟਰਮੰਡਲ ਖੇਡਾਂ ’ਚ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ‘‘ਭਾਰਤੀ ਕੁਸ਼ਤੀ ਮਹਾਸੰਘ ਨੂੰ ਮਨਮਾਨੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਦੇ ਪ੍ਰਧਾਨ ਨੂੰ ਹਟਾਏ ਜਾਣ ਤੱਕ ਧਰਨੇ ’ਤੇ ਬੈਠੇ ਖਿਡਾਰੀ ਕਿਸੇ ਕੌਮਾਂਤਰੀ ਮੁਕਾਬਲੇ ’ਚ ਹਿੱਸਾ ਨਹੀਂ ਲੈਣਗੇ।’’

‘‘ਸਾਡੀਆਂ ਭੈਣਾਂ-ਧੀਆਂ ਇੱਥੇ ਸੁਰੱਖਿਅਤ ਨਹੀਂ ਹਨ। ਅਸੀਂ ਚਾਹੁੰਦੇ ਹਾਂ ਕਿ ਫੈਡਰੇਸ਼ਨ ’ਚ ਬਦਲਾਅ ਹੋਵੇ। ਜੋ ਲੋਕ ਭਾਰਤੀ ਕੁਸ਼ਤੀ ਮਹਾਸੰਘ ਦਾ ਹਿੱਸਾ ਹਨ ਉਨ੍ਹਾਂ ਨੂੰ ਇਸ ਖੇਡ ਦੇ ਬਾਰੇ ’ਚ ਕੁਝ ਵੀ ਪਤਾ ਨਹੀਂ ਹੈ। ਇਹ ਭਾਰਤੀ ਕੁਸ਼ਤੀ ਨੂੰ ਬਚਾਉਣ ਦੀ ਲੜਾਈ ਹੈ।’’

‘‘ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਪੁਲਸ ਦਾ ਸਹਾਰਾ ਲਵਾਂਗੇ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਦਫਤਰਾਂ ਨੇ ਸਾਡੀਆਂ ਸਮੱਸਿਆਵਾਂ ਸੁਲਝਾਉਣ ਦਾ ਭਰੋਸਾ ਿਦੱਤਾ ਹੈ ਅਤੇ ਅਜਿਹਾ ਹੋਣ ’ਤੇ ਹੀ ਅਸੀਂ ਆਪਣਾ ਪ੍ਰੋਟੈਸਟ ਖਤਮ ਕਰਾਂਗੇ।’’

ਉਂਝ ਤਾਂ ਕੋਚਾਂ ’ਤੇ ਇਸ ਤੋਂ ਪਹਿਲਾਂ ਵੀ ਖਿਡਾਰੀਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਦੇ ਰਹੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਖਿਡਾਰੀਆਂ ਨੂੰ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ।

ਇਸ ਦਰਮਿਆਨ ਖੇਡ ਮੰਤਰਾਲਾ ਨੇ ਕੁਸ਼ਤੀ ਮਹਾਸੰਘ ਨੂੰ 72 ਘੰਟੇ ਦੇ ਅੰਦਰ ਉਕਤ ਦੋਸ਼ਾਂ ’ਤੇ ਆਪਣਾ ਜਵਾਬ ਦੇਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ 18 ਜਨਵਰੀ ਤੋਂ ਲਖਨਊ ’ਚ ਲੱਗਣ ਵਾਲਾ ਔਰਤਾਂ ਦਾ ਰਾਸ਼ਟਰੀ ਕੁਸ਼ਤੀ ਕੈਂਪ ਵੀ ਰੱਦ ਕਰ ਦਿੱਤਾ ਹੈ।

ਹਾਲਾਂਕਿ ਬ੍ਰਿਜਭੂਸ਼ਨ ਸ਼ਰਣ ਸਿੰਘ ਨੇ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ਾਂ ਤੋਂ ਨਾਂਹ ਕਰਦੇ ਹੋਏ ਕਿਹਾ ਹੈ ਕਿ ‘‘ਜਦੋਂ ਨਿਯਮ ਬਣਾਏ ਜਾਂਦੇ ਹਨ ਉਦੋਂ ਦਿੱਕਤ ਹੁੰਦੀ ਹੈ ਅਤੇ ਸੈਕਸ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ।’’

ਇਸ ਦਰਮਿਆਨ ਭਾਜਪਾ ਨੇਤਾ ਬਬੀਤਾ ਫੋਗਾਟ ਨੇ ਸਰਕਾਰ ਦੀ ਸੰਦੇਸ਼ਵਾਹਕ ਦੇ ਰੂਪ ’ਚ ਧਰਨੇ ’ਤੇ ਬੈਠੇ ਪਹਿਲਵਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ।

ਯਕੀਨਨ ਹੀ ਇਹ ਇਕ ਗੰਭੀਰ ਮਾਮਲਾ ਹੈ। ਇਸ ਲਈ ਜਿੰਨੀ ਜਲਦੀ ਇਸ ਦੀ ਜਾਂਚ ਕਰ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਤੇ ਪਹਿਲਵਾਨਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ ਓਨਾ ਹੀ ਚੰਗਾ ਹੋਵੇਗਾ। 
-ਵਿਜੇ ਕੁਮਾਰ


author

Anmol Tagra

Content Editor

Related News