ਮੋਬਾਇਲ ਡਿੱਗਾ ਡੈਮ ’ਚ, ਅਧਿਕਾਰੀ ਨੇ ਉਸ ਦਾ ਸਾਰਾ ਪਾਣੀ ਹੀ ਕਢਵਾ ਦਿੱਤਾ
05/28/2023 4:39:55 AM

ਦੇਸ਼ ’ਚ ਪਾਣੀ ਦੇ ਰਵਾਇਤੀ ਸੋਮੇ ਬੇਤਰਤੀਬੇ ਦੋਹਨ ਕਾਰਨ ਖਤਮ ਹੁੰਦੇ ਜਾ ਰਹੇ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਪਰ ਇਸ ਖਤਰੇ ਤੋਂ ਉਦਾਸੀਨ ਲੋਕ ਪਾਣੀ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ।
ਇਸ ਦਾ ਸਬੂਤ ਛੱਤੀਸਗੜ੍ਹ ਦੇ ਕਾਂਕੇਰ ਵਿਖੇ ਵੇਖਣ ਨੂੰ ਮਿਲਿਆ ਜਿੱਥੇ 21 ਮਈ ਨੂੰ ਆਪਣੇ ਦੋਸਤਾਂ ਨਾਲ ‘ਪਰਲਕੋਟ ਡੈਮ’ ਵਿਖੇ ਆਏ ਫੂਡ ਇੰਸਪੈਕਟਰ ਰਾਜੇਸ਼ ਵਿਸ਼ਵਾਸ ਦਾ ਮੋਬਾਇਲ ਫੋਨ ਸੈਲਫੀ ਲੈਣ ਦੌਰਾਨ ਪਾਣੀ ’ਚ ਡਿੱਗ ਪਿਆ।
ਇਸ ’ਤੇ ਰਾਜੇਸ਼ ਵਿਸ਼ਵਾਸ ਨੇ ਪਾਣੀ ’ਚ ਡੁਬਿਆ ਆਪਣਾ ਮੋਬਾਇਲ ਫੋਨ ਕਢਵਾਉਣ ਲਈ ਪੰਪ ਲਵਾ ਕੇ 12 ਲੱਖ ਲਿਟਰ ਪਾਣੀ ਨਾਲ ਭਰਿਆ ਡੈਮ ਉੱਚ ਅਧਿਕਾਰੀਆਂ ਕੋਲੋਂ ਆਗਿਆ ਲਏ ਬਿਨਾਂ ਹੀ ਖਾਲੀ ਕਰਵਾ ਦਿੱਤਾ ਜਿਸ ਨਾਲ ਇਸ ਸੋਕਾ ਪੀੜਤ ਸੂਬੇ ਦੀ 1500 ਏਕੜ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਕੀਤੀ ਜਾਣੀ ਸੀ।
ਪਾਣੀ ’ਚ ਡਿੱਗੇ ਮੋਬਾਇਲ ਨੂੰ ਕਢਵਾਉਣ ਲਈ ਗੋਤਾਖੋਰਾਂ ਦੀ ਮਦਦ ਲੈਣ ਦੀ ਬਜਾਏ ਇਸ ਨੂੰ ਕਢਵਾਉਣ ਲਈ ਪਾਣੀ ਨੂੰ ਬੇਰਹਿਮੀ ਨਾਲ ਰੋੜ੍ਹ ਦਿੱਤਾ ਗਿਆ।
ਹਾਲਾਂਕਿ ਇਸ ਘਟਨਾ ’ਤੇ ਉੱਚ ਅਧਿਕਾਰੀਆਂ ਨੇ ਰਾਜੇਸ਼ ਵਿਸ਼ਵਾਸ ਨੂੰ ਮੁਅਤਲ ਕਰ ਦਿੱਤਾ ਹੈ ਪਰ ਇਹ ਕਾਫੀ ਨਹੀਂ ਹੈ ਕਿਉਂਕਿ ਮੁਅਤਲੀ ਰੱਦ ਕਰਵਾ ਕੇ ਮੁਲਜ਼ਮ ਅਕਸਰ ਬਹਾਲ ਹੋ ਜਾਂਦੇ ਹਨ।
ਇਸ ਲਈ ਇਸ ਮਾਮਲੇ ’ਚ ਉਸ ਕੋਲੋਂ ਪਾਣੀ ਦੀ ਬਰਬਾਦੀ ਦੀ ਪੂਰੀ ਨੁਕਸਾਨਪੂਰਤੀ ਲਈ ਜਾਣੀ ਚਾਹੀਦੀ ਹੈ ਤਾਂ ਜੋ ਹੋਰਨਾਂ ਨੂੰ ਵੀ ਨਸੀਹਤ ਮਿਲੇ। ਜਦੋਂ ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀ ਹੀ ਅਜਿਹਾ ਕਰਨਗੇ ਤਾਂ ਆਮ ਲੋਕਾਂ ਕੋਲੋਂ ਭਲਾ ਕੀ ਉਮੀਦ ਕੀਤੀ ਜਾ ਸਕਦੀ ਹੈ।
- ਵਿਜੇ ਕੁਮਾਰ